‘ਚੁੱਕੋ ਬਸਤਰ ਕਰੋ ਤਿਆਰੀ ਆ ਗਈ ਸਕੂਲ ਜਾਣ ਦੀ ਵਾਰੀ’
Monday, Aug 02, 2021 - 10:44 AM (IST)
ਜਲੰਧਰ (ਸੁਮਿਤ)- ਪੰਜਾਬ ਸਰਕਾਰ ਵੱਲੋਂ ਹੁਣ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦੇ ਤਹਿਤ 2 ਅਗਸਤ ਨੂੰ ਜ਼ਿਲ੍ਹਾ ਜਲੰਧਰ ਦੇ ਸਾਰੇ ਸਕੂਲ ਖੁੱਲ੍ਹ ਜਾਣਗੇ। ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਕਲਾਸ 12ਵੀਂ ਤੱਕ ਸਾਰਿਆਂ ਲਈ ਸਕੂਲ ਵਿਚ ਪੜ੍ਹਾਈ ਹੋਵੇਗੀ। ਇਸ ਲਈ ਸਰਕਾਰ ਵੱਲੋਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸਕੂਲ ਵਿਚ ਬੱਚਿਆਂ ਨੂੰ ਕਿਸ ਤਰ੍ਹਾਂ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਸਟਾਫ ਮੈਂਬਰਾਂ ਲਈ ਵੀ ਵੈਕਸੀਨੇਸ਼ਨ ਜ਼ਰੂਰੀ ਹੈ।
ਸਿੱਖਿਆ ਮੰਤਰੀ ਵੱਲੋਂ ਜਾਰੀ ਇਕ ਬਿਆਨ ਵਿਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਸਾਰੇ ਸਕੂਲ ਓਪਨ ਕਰ ਦਿੱਤੇ ਗਏ ਹਨ ਪਰ ਬੱਚਿਆਂ ਨੂੰ ਸਕੂਲ ਆਉਣ ਲਈ ਮਾਪਿਆਂ ਦੀ ਲਿਖ਼ਤੀ ਸਹਿਮਤੀ ਸਹਿਮਤੀ ਜ਼ਰੂਰੀ ਹੋਵੇਗੀ ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅਜੇ ਸਕੂਲ ਨਹੀਂ ਭੇਜਣਾ ਚਾਹੁੰਦੇ ਤਾਂ ਉਨ੍ਹਾਂ ਲਈ ਆਨਲਾਈਨ ਸਟੱਡੀ ਦਾ ਬਦਲ ਵੀ ਖੁੱਲ੍ਹਾ ਰਹੇਗਾ। ਇਸ ਨਾਲ ਹੀ ਉਨ੍ਹਾਂ ਨੇ ਸਕੂਲ ਵਿਚ ਸਾਫ਼-ਸਫ਼ਾਈ ਦਾ ਧਿਆਨ ਰੱਖਣ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਤੱਕ ਦੇ ਸਕੂਲ ਖੋਲ੍ਹੇ ਗਏ ਹਨ ਅਤੇ ਹੁਣ ਛੋਟੀਆਂ ਕਲਾਸਾਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ
ਸਕੂਲ ਖੋਲ੍ਹਣ ਦੀ ਪੂਰੀ ਤਿਆਰੀ : ਰਾਮਪਾਲ
ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਰਾਮਪਾਲ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਸਾਰੇ ਸਕੂਲਾਂ ਨੂੰ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ ਅਤੇ ਉਨ੍ਹਾਂ ਲਈ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਹੁਣ ਤਾਂ ਬੱਚਿਆਂ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਨਜਿਠਣ ਲਈ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ।
ਮਾਪਿਆਂ ਦੇ ਵੱਖ-ਵੱਖ ਵਿਚਾਰ
ਸਰਕਾਰ ਵੱਲੋਂ ਭਾਵੇਂ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹ ਦਿੱਤੇ ਹਨ ਪਰ ਮਾਪਿਆਂ ਦੀ ਇਸ ਫ਼ੈਸਲੇ ਨੂੰ ਲੈ ਕੇ ਵੱਖਰੇ-ਵੱਖਰੇ ਵਿਚਾਰ ਹਨ। ਕਈ ਇਸ਼ ਫ਼ੈਸਲੇ ਨੂੰ ਬਿਲਕੁਲ ਸਹੀ ਦੱਸ ਰਹੇ ਹਨ ਅਤੇ ਖੁਸ਼ ਹਨ ਅਤੇ ਕਈ ਮਾਪੇ ਖਾਸ ਕਰ ਕੇ ਜਿਨ੍ਹਾਂ ਦੇ ਬੱਚੇ ਅਜੇ ਛੋਟੇ ਹਨ ਜਾਂ ਪ੍ਰੀ-ਪ੍ਰਾਇਮਰੀ ’ਚ ਪੜ੍ਹਦੇ ਹਨ ਉਹ ਇਸ ਫੈਸਲੇ ਨੂੰ ਗ਼ਲਤ ਕਰਾਰ ਦੇ ਰਹੇ ਹਨ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਅਜੇ ਸਕੂਲ ਖੋਲ੍ਹਣ ਦਾ ਫੈਸਲਾ ਅਜੇ ਜਲਦਬਾਜ਼ੀ ਹੈ।
ਕੋਰੋਨਾ ਦੀ ਤੀਜੀ ਲਹਿਰ ਦਾ ਵੀ ਡਰ
ਇਕ ਪਾਸੇ ਮਾਪਿਆਂ ਅਤੇ ਮਾਹਰਾਂ ਦਾ ਕਿਹਾਣਾ ਹੈ ਕਿ ਜਦੋਂ ਪਹਿਲੀ ਲਹਿਰ ਤੋਂ ਬਾਅਦ ਸਕੂਲ ਖੋਲ੍ਹੇ ਗਏ ਸਨ ਤਾਂ ਇਕ ਦਮ ਕਈ ਬੱਚੇ ਇਸ ਮਹਾਮਾਰੀ ਦੀ ਲਪੇਟ ’ਚ ਆ ਗਏ ਸਨ ਅਤੇ ਫਿਰ ਦੂਜੀ ਲਹਿਰ ਸ਼ੁਰੂ ਹੋ ਗਈ ਸੀ। ਅਜੇ ਵੀ ਤੀਜੀ ਲਹਿਰ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਤਾਂ ਬੱਚਿਆਂ ਨੂੰ ਤਾਂ ਕੋਈ ਵੈਕਸੀਨ ਵੀ ਨਹੀਂ ਲਾਈ ਜਾ ਰਹੀ ਹੈ। ਅਜਿਹੇ ਵਿਚ ਬੱਚਿਆਂ ਨੂੰ ਸਕੂਲ ਭੇਜਣਾ ਖਤਰੇ ਤੋਂ ਖਾਲੀ ਨਹੀਂ ਹੈ।
ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ