ਹਨੇਰੀ ਤੇ ਮੀਂਹ ਬਣਿਆ ਆਫ਼ਤ, ਜਲੰਧਰ 13 ਘੰਟੇ ਬਲੈਕਆਊਟ ਨੇ ਮਚਾਈ ਹਾਹਾਕਾਰ

06/17/2022 5:32:23 PM

ਜਲੰਧਰ (ਪੁਨੀਤ)–ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੀ ਭਿਆਨਕ ਗਰਮੀ ਨਾਲ ਬਿਜਲੀ ਦੀ ਮੰਗ ਬੇਹੱਦ ਵਧ ਚੁੱਕੀ ਸੀ, ਜਿਸ ਵਿਚ ਬੀਤੀ ਰਾਤ ਪਈ ਬਾਰਿਸ਼ ਕਾਰਨ ਕਮੀ ਦਰਜ ਹੋਈ ਪਰ ਹਨੇਰੀ ਅਤੇ ਬਾਰਿਸ਼ ਆਫਤ ਬਣ ਕੇ ਆਈਆਂ, ਜਿਸ ਨਾਲ ਸ਼ਹਿਰ ਦੇ ਕਈ ਦਰਜਨ ਇਲਾਕਿਆਂ ਵਿਚ ਬਿਜਲੀ ਬੰਦ ਰਹਿਣ ਕਰ ਕੇ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਨੇਰੀ ਸ਼ੁਰੂ ਹੁੰਦੇ ਹੀ ਪਾਵਰਕਾਮ ਨੇ ਅਹਿਤਿਆਤ ਵਰਤਦਿਆਂ ਬਿਜਲੀ ਘਰ ਬੰਦ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਬਿਜਲੀ ਚਾਲੂ ਕੀਤੀ ਗਈ ਤਾਂ 13-14 ਫੀਡਰਾਂ ਵਿਚ ਫਾਲਟ ਦੀ ਸਮੱਸਿਆ ਪੇਸ਼ ਆਈ, ਜਿਨ੍ਹਾਂ ਵਿਚੋਂ ਵਧੇਰੇ ਫੀਡਰਾਂ ਨੂੰ ਰਾਤ ਤੱਕ ਠੀਕ ਕਰ ਲਿਆ ਗਿਆ ਸੀ ਪਰ ਵੈਸਟ ਡਿਵੀਜ਼ਨ ਅਧੀਨ ਪੈਂਦੇ ਹੀਰਾਪੁਰ ਅਤੇ ਨੰਦਨਪੁਰ ਫੀਡਰ ਫਾਲਟ ਕਰ ਕੇ ਚਾਲੂ ਨਹੀਂ ਹੋ ਸਕੇ, ਜਿਸ ਕਾਰਨ ਉਕਤ ਫੀਡਰਾਂ ਅਧੀਨ ਇਲਾਕਿਆਂ ਵਿਚ 13 ਘੰਟਿਆਂ ਤੋਂ ਵੱਧ ਸਮੇਂ ਤੱਕ ਬਲੈਕਆਊਟ ਰਿਹਾ।

ਰਾਤ ਸਾਢੇ 8 ਵਜੇ ਬੰਦ ਹੋਏ ਉਕਤ ਫੀਡਰਾਂ ਦਾ ਲੋਡ ਸਵੇਰੇ 9 ਵਜੇ ਤੋਂ ਬਾਅਦ ਸ਼ਿਫਟ ਕਰਕੇ ਇਲਾਕਿਆਂ ਦੀ ਸਪਲਾਈ ਚਾਲੂ ਕਰਵਾਈ ਗਈ, ਜਿਸ ਨਾਲ ਖ਼ਪਤਕਾਰਾਂ ਨੇ ਸੁੱਖ ਦਾ ਸਾਹ ਲਿਆ ਪਰ 13 ਘੰਟੇ ਬਿਜਲੀ ਗੁੱਲ ਰਹਿਣ ਕਰਕੇ ਲੋਕਾਂ ਨੂੰ ਬਿਜਲੀ ਦੇ ਨਾਲ-ਨਾਲ ਪਾਣੀ ਲਈ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੈਸਟ ਡਿਵੀਜ਼ਨ ਦੇ ਉਕਤ ਫੀਡਰਾਂ ’ਤੇ ਵੀਰਵਾਰ ਰਾਤ ਤੱਕ ਰਿਪੇਅਰ ਦਾ ਕੰਮ ਜਾਰੀ ਸੀ। ਤੇਜ਼ ਹਨੇਰੀ ਕਰ ਕੇ ਨਾਰਥ ਜ਼ੋਨ ਦੇ ਸਰਕਲਾਂ ਵਿਚ ਬਿਜਲੀ ਦੇ ਫਾਲਟ ਸਬੰਧੀ 11500 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਨੂੰ ਠੀਕ ਕਰਨ ’ਚ ਪਾਵਰਕਾਮ ਅਤੇ ਠੇਕੇ ’ਤੇ ਰੱਖੇ ਸਟਾਫ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। ਵੱਡੀ ਪਰੇਸ਼ਾਨੀ ਇਹ ਰਹੀ ਕਿ ਜ਼ੋਨ ਅਧੀਨ 50 ਤੋਂ ਵੱਧ ਥਾਵਾਂ ’ਤੇ ਬਿਜਲੀ ਦੇ ਖੰਭੇ ਟੁੱਟਣ ਅਤੇ ਮੁੱਖ ਲਾਈਨਾਂ ’ਤੇ ਦਰੱਖਤ ਆਦਿ ਡਿੱਗਣ ਕਰ ਕੇ ਤਾਰਾਂ ਆਦਿ ਬਦਲਣੀਆਂ ਪਈਆਂ।

ਇਹ ਵੀ ਪੜ੍ਹੋ: ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਜਲੰਧਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਹਨੇਰੀ ਅਤੇ ਬਾਰਿਸ਼ ਕਰ ਕੇ ਵੱਖ-ਵੱਖ ਡਵੀਜ਼ਨਾਂ ਅਧੀਨ 8-10 ਫੀਡਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਨ੍ਹਾਂ ਵਿਚ ਮਾਡਲ ਟਾਊਨ ਡਵੀਜ਼ਨ ਅਧੀਨ ਫੀਡਰ ਨਿਊ ਮਾਡਲ ਟਾਊਨ ਸਵੇਰੇ 5 ਵਜੇ ਦੇ ਲਗਭਗ ਬੰਦ ਹੋਇਆ ਅਤੇ ਇਸਦੀ ਸਪਲਾਈ 12 ਵਜੇ ਦੇ ਲਗਭਗ ਚਾਲੂ ਕਰਵਾਈ ਗਈ, ਜਿਸ ਕਰ ਕੇ ਉਕਤ ਫੀਡਰ ਅਧੀਨ ਵੱਖ-ਵੱਖ ਪਾਸ਼ ਇਲਾਕਿਆਂ ਦੇ ਲੋਕਾਂ ਨੂੰ 7-8 ਘੰਟੇ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਚੰਦਨ ਨਗਰ ਫੀਡਰ ’ਚ ਆਈ ਖਰਾਬੀ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸਦੀ ਡਿਸਕ ਫਟ ਚੁੱਕੀ ਸੀ, ਜਿਸ ਨਾਲ ਕਈ ਘੰਟੇ ਬਿਜਲੀ ਗੁੱਲ ਰਹੀ। ਟਾਂਡਾ ਰੋਡ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਪਰੂਥੀ ਹਸਪਤਾਲ ਫੀਡਰ ਦਾ ਕੇਬਲ ਬਕਸਾ ਡੈਮੇਜ ਪਾਇਆ ਗਿਆ, ਜਿਸ ਨਾਲ ਸਵੇਰੇ 6 ਵਜੇ ਗੁੱਲ ਹੋਈ ਬਿਜਲੀ 10 ਵਜੇ ਤੋਂ ਬਾਅਦ ਲੋਡ ਸ਼ਿਫਟ ਕਰ ਕੇ ਚਲਾਈ ਗਈ।

PunjabKesari

110 ਤੋਂ ਵੱਧ ਟਰਾਂਸਫਾਰਮਰਾਂ ਵਿਚ ਪਿਆ ਫਾਲਟ, ਕ੍ਰੇਨ ਦੀ ਮਦਦ ਨਾਲ ਬਦਲੇ
ਹਨੇਰੀ ਕਰ ਕੇ ਜਿਥੇ ਇਕ ਪਾਸੇ ਮੁੱਖ ਲਾਈਨਾਂ ਵਿਚ ਫਾਲਟ ਪਏ, ਉਥੇ ਹੀ ਜ਼ੋਨ ਦੀਆਂ ਵੱਖ-ਵੱਖ ਡਵੀਜ਼ਨਾਂ ਅਧੀਨ 110 ਤੋਂ ਵੱਧ ਟਰਾਂਸਫਾਰਮਰਾਂ ਵਿਚ ਫਾਲਟ ਪੈਣ ਕਾਰਨ ਸੈਂਕੜੇ ਇਲਾਕਿਆ ਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਂਚ ਤੋਂ ਬਾਅਦ ਜਿਹੜੇ ਟਰਾਂਸਫਾਰਮਰਾਂ ਵਿਚ ਵੱਡੀ ਖਰਾਬੀ ਪਾਈ ਗਈ, ਉਨ੍ਹਾਂ ਨੂੰ ਕ੍ਰੇਨ ਦੀ ਮਦਦ ਨਾਲ ਹਟਵਾ ਕੇ ਦੂਜਾ ਟਰਾਂਸਫਾਰਮਰ ਰੱਖਿਆ ਗਿਆ ਅਤੇ ਸਪਲਾਈ ਚਾਲੂ ਹੋ ਸਕੀ। ਕਈ ਥਾਵਾਂ ’ਤੇ ਸਟੈਂਡਬਾਈ ਟਰਾਂਸਫਾਰਮਰ ਰਖਵਾਏ ਗਏ।

ਸਰਕਲ ਅਧੀਨ ਦੇਰ ਰਾਤ 200 ਸ਼ਿਕਾਇਤਾਂ ’ਤੇ ਚੱਲ ਰਿਹਾ ਸੀ ਕੰਮ
ਪਾਵਰਕਾਮ ਕੋਲ ਸਟਾਫ ਦੀ ਕਮੀ ਹੋਣ ਕਾਰਨ ਸ਼ਿਕਾਇਤਾਂ ਠੀਕ ਕਰਨ ਦਾ ਕੰਮ ਤੁਰੰਤ ਪ੍ਰਭਾਵ ਨਾਲ ਨਹੀਂ ਨਿਬੜ ਸਕਿਆ। ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਦੀ ਮਦਦ ਨਾਲ ਵਿਭਾਗ ਸਾਰਾ ਦਿਨ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਰੁੱਝਿਆ ਰਿਹਾ। ਕਈ ਇਲਾਕਿਆਂ ਵਿਚ ਫਾਲਟ ਦੂਰ ਕਰਨ ਤੋਂ ਬਾਅਦ ਦੁਬਾਰਾ ਖਰਾਬੀ ਸਾਹਮਣੇ ਆਉਣ ’ਤੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਇਆ। ਖਬਰ ਲਿਖੇ ਜਾਣ ਤੱਕ ਸਰਕਲ ਅਧੀਨ ਡਿਵੀਜ਼ਨਾਂ ਦੇ ਵੱਖ-ਵੱਖ ਇਲਾਕਿਆਂ ਵਿਚ 200 ਤੋਂ ਵੱਧ ਸ਼ਿਕਾਇਤਾਂ ’ਤੇ ਰਿਪੇਅਰ ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

PunjabKesari

1912 ਬਿਜ਼ੀ, ਸ਼ਿਕਾਇਤ ਕੇਂਦਰਾਂ ’ਤੇ ਲਟਕਦੇ ਮਿਲੇ ਤਾਲੇ
ਪਾਵਰਕਾਮ ਵੱਲੋਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੂਰੇ ਪੰਜਾਬ ਵਿਚ ਇਕ ਹੈਲਪਲਾਈਨ ਨੰਬਰ 1912 ਚਲਾਇਆ ਜਾ ਰਿਹਾ ਹੈ, ਜੋ ਕਿ ਆਮ ਤੌਰ ’ਤੇ ਬਿਜ਼ੀ ਰਹਿਣ ਕਾਰਨ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਸਬੱਬ ਬਣਦਾ ਹੈ। ਬਾਰਿਸ਼ ਅਤੇ ਹਨੇਰੀ ਕਾਰਨ ਖਰਾਬੀ ਆਉਣ ਤੋਂ ਬਾਅਦ ਲੋਕ 1912 ’ਤੇ ਵਾਰ-ਵਾਰ ਫੋਨ ਕਰਦੇ ਰਹੇ ਪਰ ਨੰਬਰ ਬਿਜ਼ੀ ਰਿਹਾ। ਖਪਤਕਾਰਾਂ ਨੇ ਦੱਸਿਆ ਕਿ ਇਸ ਉਪਰੰਤ ਉਹ ਸ਼ਿਕਾਇਤ ਲਿਖਵਾਉਣ ਲਈ ਸ਼ਿਕਾਇਤ ਕੇਂਦਰਾਂ ’ਤੇ ਗਏ ਪਰ ਉਥੇ ਤਾਲੇ ਲਟਕਦੇ ਮਿਲੇ। ਦੇਖਣ ਵਿਚ ਆਇਆ ਕਿ ਸ਼ੀਤਲਾ ਮੰਦਿਰ ਨੇੜੇ, ਪ੍ਰਤਾਪ ਬਾਗ, ਲਾਡੋਵਾਲੀ ਰੋਡ ਸਮੇਤ ਵੱਖ-ਵੱਖ ਸ਼ਿਕਾਇਤ ਕੇਂਦਰਾਂ ਵਿਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News