ਚਿੱਟੇ ਦੇ ਤੇਜ਼ ਵਹਾਅ ਨਾਲ ਖ਼ਤਮ ਹੋ ਰਹੀ ਪੰਜਾਬ ਦੀ ਜਵਾਨੀ!

03/25/2023 2:39:23 PM

ਸੁਲਤਾਨਪੁਰ ਲੋਧੀ (ਧੀਰ)-ਦਿਨੋਂ-ਦਿਨ ਨਸ਼ਿਆਂ ਦਾ ਵਹਾਅ ਪੰਜਾਬ ’ਚ ਵਧ ਰਿਹਾ ਹੈ, ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਿਹਾ ਹੈ। ਕੁਝ ਕੁ ਦਿਨ ਪਹਿਲਾਂ ਹੀ ਖ਼ਬਰ ਪੜ੍ਹਨ ਨੂੰ ਮਿਲੀ ਕਿ ਗੋਇੰਦਵਾਲ ਸਾਹਿਬ ਵਿਖੇ ਇਕ ਔਰਤ ਦੀ ਚਿੱਟਾ ਵੇਚਦੀ ਦੀ ਵੀਡੀਓ ਵਾਇਰਲ ਹੋਈ। ਵੀਡੀਓ ’ਚ ਔਰਤ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆਂ ਵੇਚਦੀ ਵਿਖਾਈ ਦੇ ਰਹੀ ਹੈ, ਜਿਸ ਨੇ ਇਕ ਵਾਰ ਫਿਰ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਪੋਲ ਖੋਲ੍ਹੀ ਹੈ, ਗੁਆਂਢੀ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਨਸ਼ਿਆਂ ਦੀ ਸਮੱਗਲਿੰਗ ਲਗਾਤਾਰ ਜਾਰੀ ਹੈ, ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀ. ਐੱਸ. ਐੱਫ. ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ, ਨਸ਼ਾ ਕੋਹੜ ਵਾਂਗੂ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ, ਚੜ੍ਹਦੀ ਜਵਾਨੀ ਵਿਚ ਬੱਚੇ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ।

ਮਾਂ-ਬਾਪ ਇੰਨੇ ਤੰਗ ਹੋ ਚੁੱਕੇ ਹਨ ਕਿ ਉਹ ਹੁਣ ਆਪਣਾ ਦਰਦ ਬਿਆਨ ਨਹੀਂ ਕਰ ਸਕਦੇ ਹਨ, ਮਾਂ-ਬਾਪ ਦੇ ਬਹੁਤ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਲਾਇਕ ਬਣੇ। ਉਹ ਆਪਣੇ ਬੱਚੇ ਦੀ ਹਰ ਰੀਝ ਪੂਰੀ ਕਰਦੇ ਹਨ, ਵਧੀਆ-ਵਧੀਆ ਸਕੂਲਾਂ ’ਚ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਂਦੇ ਹਨ, ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਬੱਚੇ ਦਾ ਭਵਿੱਖ ਵਧੀਆ ਹੋ ਜਾਵੇ, ਕੱਲ੍ਹ ਨੂੰ ਸਾਡੀ ਬੁਢਾਪੇ ਵਿਚ ਵਧੀਆ ਸੇਵਾ ਕਰੇਗਾ, ਸਮਾਂ ਬਹੁਤ ਬਲਵਾਨ ਹੁੰਦਾ ਹੈ, ਮਾਂ-ਬਾਪ ਨੇ ਤਾਂ ਆਪਣੇ ਕਾਰੋਬਾਰ ਵੀ ਕਰਨੇ ਹੁੰਦੇ ਹਨ, ਪਿਓ ਸਾਰਾ ਦਿਨ ਕਮਾਈ ਕਰਦਾ ਹੈ ਅਤੇ ਮਾਂ ਘਰ ਦਾ ਕੰਮ ਸੰਭਾਲਦੀ ਹੈ।

ਹੁਣ ਇਹ ਕਿ ਪਤਾ ਹੁੰਦਾ ਹੈ ਕਿ ਬੱਚਾ ਸਕੂਲ ’ਚ ਜਾ ਰਿਹਾ ਹੈ ਜਾਂ ਕਿਤੇ ਹੋਰ ਮਾੜੀ ਸੰਗਤ ’ਚ ਪੈ ਜਾਦਾ ਹੈ। ਫਿਰ ਉਹ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਜਾਦਾ ਹੈ। ਹੌਲੀ-ਹੌਲੀ ਉਹ ਨਸ਼ੇ ਦੀ ਭਰਪਾਈ ਲਈ ਚੋਰੀ, ਡਕੈਤੀ ਜਾਂ ਘਰ ਦਾ ਸਮਾਨ ਵੇਚਣਾ ਵੀ ਸ਼ੁਰੂ ਕਰ ਦਿੰਦਾ ਹੈ। ਚਿੱਟੇ ਕਾਰਨ ਉਹ ਇਕ ਮਿੰਟ ਵੀ ਨਹੀਂ ਰਹਿ ਪਾਉਂਦਾ ਕਿਉਂਕਿ ਉਹ ਉਸ ਦਾ ਆਦੀ ਹੋ ਚੁੱਕਾ ਹੁੰਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

ਕਈ ਪਿੰਡਾਂ ’ਚ ਮਾਪਿਆਂ ਨੇ ਆਪਣੇ ਪੁੱਤਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ
ਕਈ ਪਿੰਡਾਂ ’ਚ ਤਾਂ ਇੰਨਾ ਬੁਰਾ ਹਾਲ ਹੈ ਕਿ ਮਾਂ-ਬਾਪ ਨੇ ਆਪਣੇ ਨਸ਼ਿਆਂ ’ਚ ਪਏ ਜਵਾਨ ਪੁੱਤਰਾਂ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ, ਉਹ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਕਿੱਥੋ ਪੈਸੇ ਦੇਈਏ, ਮਾਂ-ਬਾਪ ਇੰਨੇ ਅੱਕ ਚੁੱਕੇ ਹਨ ਕਿ ਉਹ ਕਹਿੰਦੇ ਹਨ ਕਿ ਜਦੋਂ ਇਹ ਜੰਮੇ ਸਨ, ਤਾਂ ਉਦੋ ਹੀ ਮਰ ਜਾਦੇਂ। ਦੋ ਕੁ ਦਿਨ ਪਹਿਲਾਂ ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਨਸ਼ੇੜੀ ਪਿਓ ਨੇ ਆਪਣੀ ਹੀ ਧੀ ਦੀ ਹੱਤਿਆ ਕਰ ਦਿੱਤੀ, ਜੋ ਸਿਰਫ਼ 3 ਮਹੀਨਿਆ ਦੀ ਸੀ, ਮੁਲਜ਼ਮ ਦੇ ਮਾਂ-ਬਾਪ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਹੋ ਗਿਆ ਸੀ, ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ, ਕਲੇਸ਼ ਕਾਰਨ ਉਸ ਨੇ ਆਪਣੀ ਬੱਚੀ ਨੂੰ ਵੀ ਮਾਰ ਦਿੱਤਾ, ਕੋਈ ਦਿਨ ਅਜਿਹਾ ਹੋਣਾ ਜਦੋਂ ਅਖਬਾਰ ਵਿਚ ਨਸ਼ੇ ਦੀ ੳਵਰਡੋਜ਼ ਕਾਰਨ ਹੋਈ ਮੌਤ ਦੀ ਖ਼ਬਰ ਨਾ ਛਪੀ ਹੋਵੇ।

ਇਹ ਵੀ ਪੜ੍ਹੋ : IPS ਜੋਤੀ ਯਾਦਵ ਨਾਲ ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ, ਸਾਹਮਣੇ ਆਈਆਂ ਤਸਵੀਰਾਂ

ਨਸ਼ੀਲੇ ਪਦਾਰਥਾਂ ਦੀ ਖਰੀਦ-ਵੇਚ ਲਈ ਸੋਸ਼ਲ ਨੈੱਟਵਰਕਿੰਗ ਧੜੱਲੇ ਨਾ ਹੋ ਰਹੀ ਵਿਕਰੀ
ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਕੋਈ ਪੰਜਾਬ ਦਾ ਨੌਜਵਾਨ ਚਿੱਟੇ ਦੀ ਭੇਟ ਨਾ ਚੜ੍ਹਿਆ ਹੋਵੇ, ਦਿਨੋ-ਦਿਨ ਨਸ਼ਿਆਂ ਦੀ ਖ਼ਪਤ ਤੋਂ ਕਾਰੋਬਾਰ ਵਧਦੇ ਜਾ ਰਹੇ ਹਨ, ਅੱਜਕਲ੍ਹ ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਵੇਚ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ। ਦਿਨੋ-ਦਿਨ ਨੌਜਵਾਨ ਇਨ੍ਹਾਂ ਦੇ ਆਦੀ ਹੋ ਰਹੇ ਹਨ, ਪਿੱਛੇ ਜਿਹੇ ਖਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਗੁਜਰਾਤ ਦੀ ਬੰਦਰਗਾਹ ਤੋਂ ਚਿੱਟੇ ਦੀ ਭਾਰੀ ਖੇਪ ਬਰਾਮਦ ਹੋਈ ਸੀ।

ਪਿੰਡਾਂ ਦੀਆਂ ਪੰਚਾਇਤਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ
ਪਿੰਡਾਂ ਦੀਆਂ ਪੰਚਾਇਤਾਂ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਪੁਲਸ ਪ੍ਰਸ਼ਾਸਨ ਵੱਲੋਂ ਪਿੰਡਾਂ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਮੀਨਾਰ ਲਾਉਣੇ ਚਾਹੀਦੇ ਹਨ। ਸਰਕਾਰਾਂ ਹੁਣ ਤੱਕ ਨਸ਼ੇ ’ਤੇ ਚੰਗੀ ਤਰ੍ਹਾਂ ਨਕੇਲ ਕੱਸਣ ਵਿਚ ਅਸਫਲ ਸਾਬਤ ਹੋਈਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਪੁਲਸ ਪ੍ਰਸ਼ਾਸਨ ਨਸ਼ਿਆਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗਾ, ਤਾਂ ਆਪਣੇ-ਆਪ ਹੀ ਨਸ਼ੇ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ ਦਾ ਭੱਵਿਖ ਬਚਾਉਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਈਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ ਤੇ ਖੇਡ ਮੈਦਾਨ


shivani attri

Content Editor

Related News