ਪੰਜਾਬ ਭਾਜਪਾ: ਜਿੱਤ ਗਏ ਤਾਂ ਮੰਤਰੀ, ਹਾਰ ਗਏ ਤਾਂ ਮਹਾਮੰਤਰੀ

Thursday, Jan 06, 2022 - 12:04 PM (IST)

ਪੰਜਾਬ ਭਾਜਪਾ: ਜਿੱਤ ਗਏ ਤਾਂ ਮੰਤਰੀ, ਹਾਰ ਗਏ ਤਾਂ ਮਹਾਮੰਤਰੀ

ਜਲੰਧਰ (ਅਨਿਲ ਪਾਹਵਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿਚ ਰੈਲੀ ਦੇ ਆਯੋਜਨ ਤੋਂ ਲੈ ਕੇ ਇਸ ਨੂੰ ਰੱਦ ਕਰਨ ਤੱਕ ਸਾਰਾ ਮਾਮਲਾ ਦਿਨ ਭਰ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਛਾਇਆ ਰਿਹਾ | ਪ੍ਰਧਾਨ ਮੰਤਰੀ ਮੋਦੀ ਲੰਬੇ ਸਮੇਂ ਬਾਅਦ ਪੰਜਾਬ ਆਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਪੰਜਾਬ ਨੂੰ ਕੋਈ ਵੱਡਾ ਤੋਹਫਾ ਦੇ ਸਕਦੇ ਹਨ। ਪਰ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੋਂ ਫਿਲਹਾਲ ਵਾਂਝੇ ਰਹਿ ਗਏ। ਇਸ ਪੂਰੇ ਮਾਮਲੇ ਨੂੰ ਲੈ ਕੇ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਕਾਂਗਰਸ ’ਤੇ ਸਵਾਲ ਉਠਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਖਿਚਾਈ ਕੀਤੀ ਜਾ ਰਹੀ ਹੈ।

ਅਜਿਹੇ ’ਚ ਪੰਜਾਬ ਭਾਜਪਾ ਅਤੇ ਰੈਲੀ ਦੇ ਪ੍ਰਬੰਧਕਾਂ ’ਤੇ ਸਵਾਲ ਉਠਾਏ ਜਾ ਰਹੇ ਹਨ, ਜਿਸ ਦੇ ਜਵਾਬ ਸ਼ਾਇਦ ਪਾਰਟੀ ਵਰਕਰ ਵੀ ਤਲਾਸ਼ ਕਰ ਰਹੇ ਹਨ ਕਿਉਂਕਿ ਆਮ ਵਰਕਰ ਪਾਰਟੀ ਦੇ ਚੋਟੀ ਦੇ ਆਗੂਆਂ ਦੀਆਂ ਹਦਾਇਤਾਂ ਅਨੁਸਾਰ ਹੀ ਝੰਡਾ ਚੁੱਕਦਾ ਹੈ ਅਤੇ ਪਾਰਟੀ ਲਈ ਆਪਣਾ ਪੂਰਾ ਜ਼ੋਰ ਲਗਾ ਦਿੰਦਾ ਹੈ। ਪੰਜਾਬ ਵਿਚ ਭਾਜਪਾ ਨੇ ਜੋ ਰੈਲੀ ਦਾ ਆਯੋਜਨ ਕੀਤਾ, ਉਸਦੇ ਆਯੋਜਨ ਵਿਚ ਕਈ ਖ਼ਾਮੀਆਂ ਸਨ, ਜਿਸ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ। ਆਯੋਜਕਾਂ ਨੂੰ ਸ਼ਾਇਦ ਇਹ ਲਗਦਾ ਹੈ ਕਿ ਜੇਕਰ ਜਿੱਤ ਗਏ ਤਾਂ ਮੰਤਰੀ, ਹਾਰ ਗਏ ਤਾਂ ਪਾਰਟੀ ਵਿਚ ਮਹਾਮੰਤਰੀ ਜਾਂ ਕਿਸੇ ਹੋਰ ਪੋਸਟ ’ਤੇ ਤਾਇਨਾਤ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

PunjabKesari

ਰੈਲੀ ਵਾਲੀ ਥਾਂ ’ਤੇ ਉੱਠੇ ਸਵਾਲ
ਜਲੰਧਰ, ਲੁਧਿਆਣਾ, ਅੰਮ੍ਰਿਤਸਰ ਪੰਜਾਬ ਦੇ ਪ੍ਰਮੁੱਖ ਜ਼ਿਲ੍ਹੇ ਹਨ, ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਹਿੰਦੂ ਵੋਟਰ ਹਨ। ਇਹ ਹਿੰਦੂ ਵੋਟਰ ਭਾਜਪਾ ਦੇ ਬਹੁਤ ਨੇੜੇ ਰਿਹਾ ਹੈ ਅਤੇ ਸਮੇਂ-ਸਮੇਂ ’ਤੇ ਭਾਜਪਾ ਲਈ ਮੁਕਤੀਦਾਤਾ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸ ਵੱਡੇ ਵੋਟ ਬੈਂਕ ਵਾਲੇ ਖੇਤਰ ਨੂੰ ਛੱਡ ਕੇ ਪ੍ਰਧਾਨ ਮੰਤਰੀ ਦੀ ਰੈਲੀ ਫਿਰੋਜ਼ਪੁਰ ਵਿਚ ਰੱਖਣਾ ਵੱਡਾ ਸਵਾਲ ਖੜ੍ਹਾ ਕਰਦਾ ਹੈ। ਉਂਝ ਵੀ ਫਿਰੋਜ਼ਪੁਰ ਬਾਰਡਰ ਬੈਲਟ ਹੈ ਅਤੇ ਸੁਰੱਖਿਆ ਕਾਰਨਾਂ ਨਾਲ ਜਲੰਧਰ ਅਤੇ ਲੁਧਿਆਣਾ ਕਿਤੇ ਜ਼ਿਆਦਾ ਸੁਰੱਖਿਅ ਇਲਾਕੇ ਹਨ, ਜਿਥੇ ਪੀ. ਐੱਮ. ਮੋਦੀ ਦੀ ਰੈਲੀ ਆਯੋਜਿਤ ਕੀਤੀ ਜਾ ਸਕਦੀ ਸੀ। ਅਜਿਹੇ ਵਿਚ ਰੈਲੀ ਵਾਲੀ ਥਾਂ ’ਤੇ ਸਵਾਲ ਉੱਠਣਾ ਵਾਜ਼ਿਬ ਹੈ ਕਿ ਆਖਿਰ ਪੰਜਾਬ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਦਰਕਿਨਾਰ ਕਰ ਕੇ ਅਜਿਹੇ ਇਲਾਕੇ ਵਿਚ ਰੈਲੀ ਰੱਖੀ ਹੀ ਕਿਊਂ?

ਆਖਿਰ ਕਿਉਂ ਲਿਆ ਰਿਸਕ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਉਨ੍ਹਾਂ ਨੇਤਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਬੇਹੱਦ ਜ਼ਿਆਦਾ ਹੈ ਅਤੇ ਉਨ੍ਹਾਂ ਦਾ ਇਕ ਵੱਡਾ ਨਾਂ ਦੁਨੀਆ ਭਰ ’ਚ ਹੈ। ਅਜਿਹੇ ਮਹਿਬੂਬ ਨੇਤਾ ਦੀ ਸੁਰੱਖਿਆ ’ਤੇ ਰਿਸਕ ਲੈਣਾ ਸ਼ਾਇਦ ਹੁਣ ਤੱਕ ਕਦੀ ਨਹੀਂ ਹੋਇਆ ਹੋਵੇਗਾ। ਪੰਜਾਬ ਭਾਜਪਾ ਨੇ ਜੇ ਜਲੰਧਰ ਜਾਂ ਲੁਧਿਆਣਾ ’ਚ ਰੈਲੀ ਰੱਖੀ ਹੁੰਦੀ ਤਾਂ ਸੁਰੱਖਿਆ ਕਾਰਨਾਂ ਤੋਂ ਉਹ ਕਿਤੇ ਉਚਿੱਤ ਸਥਾਨ ਸਨ। ਫਿਰੋਜ਼ਪੁਰ ਜਿੱਥੇ ਰੈਲੀ ਰੱਖੀ ਗਈ ਸੀ, ਉਹ ਸਥਾਨ ਬਠਿੰਡਾ ਏਅਰਪੋਰਟ ਤੋਂ ਕਰੀਬ 110 ਕਿਲੋਮੀਟਰ ਦੂਰ ਹੈ। ਸੜਕ ਮਾਰਗ ਰਾਹੀਂ ਆਮ ਤੌਰ ’ਤੇ ਆਵਾਜਾਈ ’ਚ ਕਰੀਬ 1 ਘੰਟਾ 50 ਮਿੰਟ ਲੱਗਦੇ ਹਨ। ਵੀ. ਆਈ. ਪੀ. ਮੂਵਮੈਂਟ ਹੋਵੇ ਤਾਂ ਇਹ ਸਫਰ ਡੇਢ ਘੰਟੇ ’ਚ ਜਾਂ ਉਸ ਤੋਂ ਵੀ ਘੱਟ ਸਮੇਂ ’ਚ ਤੈਅ ਕੀਤਾ ਜਾ ਸਕਦਾ ਹੈ। ਇਸ ਦੇ ਮੁਕਾਬਲੇ ਜਲੰਧਰ ’ਚ ਜੇ ਰੇਲੀ ਰੱਖੀ ਜਾਂਦੀ ਤਾਂ ਪੀ. ਏ. ਪੀ. ’ਚ ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ਰੈਲੀ ਹੋ ਚੁੱਕੀ ਹੈ, ਉੱਥੋਂ ਜਲੰਧਰ ਕੈਂਟ ਜਿੱਥੇ ਜਹਾਜ਼ ਲੈਂਡ ਕਰ ਸਕਦਾ ਹੈ, ਦੀ ਦੂਰੀ ਕਰੀਬ 5 ਕਿਲੋਮੀਟਰ ਹੈ ਅਤੇ ਇਹ ਸਿਰਫ 10 ਮਿੰਟ ਦਾ ਸਫਰ ਹੈ। ਜੇ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਆਦਮਪੁਰ ’ਚ ਵੀ ਲੈਂਡ ਕਰਦਾ ਤਾਂ ਵੀ ਆਦਮਪੁਰ ਤੋਂ ਪੀ. ਏ. ਪੀ. ਗਰਾਊਂਡ ਤੱਕ ਕਰੀਬ 45 ਮਿੰਟ ਲਗਦੇ, ਜੋ ਬਠਿੰਡਾ ਤੋਂ ਫਿਰੋਜ਼ਪੁਰ ਦੀ ਦੂਰੀ ਤੋਂ ਬੇਹੱਦ ਘੱਟ ਹੈ। ਇਸ ਤਰ੍ਹਾਂ ਜੇ ਲੁਧਿਆਣਾ ’ਚ ਵੀ ਰੈਲੀ ਰੱਖੀ ਜਾਂਦੀ ਤਾਂ ਲੁਧਿਆਣਾ ਏਅਰਪੋਰਟ ਸਾਹਨੇਵਾਲ ਤੋਂ ਸ਼ਹਿਰ ਦੇ ਵਿਚੋਂ-ਵਿੱਚ ਤੱਕ ਵੀ ਜਾਣਾ ਹੁੰਦਾ ਤਾਂ 30-35 ਮਿੰਟ ਤੋਂ ਵੱਧ ਨਹੀਂ ਲਗਦੇ। ਜਦੋਂ ਇਹ ਗੱਲ ਸਭ ਦੀ ਜਾਣਕਾਰੀ ’ਚ ਸੀ ਕਿ ਕਿਸਾਨ ਸੰਗਠਨ ਵਿਰੋਧ ਕਰ ਸਕਦੇ ਹਨ ਤਾਂ ਇੰਨਾ ਵੱਡਾ ਰਿਸਕ ਲੈਣ ਦੀ ਆਖਿਰ ਲੋੜ ਕੀ ਸੀ।

ਇਹ ਵੀ ਪੜ੍ਹੋ:  PM ਮੋਦੀ ਨੂੰ ਵਾਪਸ ਮੁੜਨਾ ਪਿਆ ਸਾਨੂੰ ਦੁੱਖ਼ ਪਰ ਇਸ ਮਾਮਲੇ ’ਤੇ ਨਾ ਹੋਵੇ ਸਿਆਸਤ: ਚਰਨਜੀਤ ਸਿੰਘ ਚੰਨੀ

PunjabKesari

ਮੌਸਮ ’ਤੇ ਲਾਪਰਪਵਾਹੀ ਕਿਉਂ?
ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਮੌਸਮ ਦੇ ਕਰਵਟ ਲੈਣ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ, ਮੌਸਮ ਵਿਭਾਗ ਨੇ ਵੀ 5 ਜਨਵਰੀ ਦੇ ਲਗਭਗ ਮੀਂਹ ਦੀ ਸੰਭਾਵਨਾ ਪ੍ਰਗਟਾਈ ਸੀ ਪਰ ਪੰਜਾਬ ਭਾਜਪਾ ਨੇ ਇਨ੍ਹਾਂ ਸਭ ਚੀਜ਼ਾਂ ਨੂੰ ਇਗਨੋਰ ਕਰ ਦਿੱਤਾ ਅਤੇ ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਰੈਲੀ ਰੱਦ ਕਰਨੀ ਪਈ। ਇਹ ਗੱਲ ਤਾਂ ਤੈਅ ਸੀ ਕਿ ਜੇ ਮੀਂਹ ਪੈਂਦਾਂ ਤਾਂ ਪ੍ਰਧਾਨ ਮੰਤਰੀ ਨੂੰ ਬਠਿੰਡਾ ਏਅਰਪੋਰਟ ਤੋਂ ਫਿਰੋਜ਼ਪੁਰ ਰੈਲੀ ਤੱਕ ਪਹੁੰਚਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਭਾਜਪਾ ਅਤੇ ਰੈਲੀ ਦੇ ਆਯੋਜਕਾਂ ਨੇ ਸਿਰਫ ਅਤੇ ਸਿਰਫ ਕਾਂਗਰਸ ਤੋਂ ਭਾਜਪਾ ’ਚ ਆਏ ਰਾਣਾ ਗੁਰਮੀਤ ਸੋਢੀ ਨੂੰ ਖੁਸ਼ ਕਰਨ ਤੱਕ ਹੀ ਪੂਰੀ ਜਾਨ ਲਾ ਦਿੱਤੀ ਜਦ ਕਿ ਰਾਣਾ ਸੋਢੀ ਤੋਂ ਪਹਿਲਾਂ ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਆਮ ਵਰਕਰ ਨੂੰ ਕਿੰਨੀ ਪ੍ਰੇਸ਼ਾਨੀ ਝੱਲਣੀ ਪਈ। ਇਕ ਤਾਂ ਫਿਰੋਜ਼ਪੁਰ ਬਾਰਡਰ ਏਰੀਆ ਹੋਣਾ ਅਤੇ ਉੱਪਰੋਂ ਮੌਸਮ ਦੀ ਦਗਾਬਾਜ਼ੀ। ਇਨ੍ਹਾਂ ਸਭ ਚੀਜ਼ਾਂ ਨੂੰ ਭਾਜਪਾ ਦੀ ਰੈਲੀ ਦੇ ਆਯੋਜਕ ਸਮਝ ਨਹੀਂ ਸਕੇ।

ਇਹ ਵੀ ਪੜ੍ਹੋ: ਰਾਜ ਕੁਮਾਰ ਵੇਰਕਾ ਦਾ ਵੱਡਾ ਬਿਆਨ, ਰੈਲੀ 'ਫਲਾਪ' ਹੋਣ ਕਾਰਨ ਪਰਤੇ PM ਮੋਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News