ਪਨਬੱਸ ਯੂਨੀਅਨ ਦੇ ਧਰਨੇ ਕਾਰਨ ਯਾਤਰੀ ਰਹੇ ਪਰੇਸ਼ਾਨ, ਚੱਕਾ ਜਾਮ ਕਰਨ ਦੀ ਦਿੱਤੀ ਚਿਤਾਵਨੀ
Thursday, Oct 24, 2024 - 01:18 PM (IST)
ਜਲੰਧਰ (ਪੁਨੀਤ)–ਪੈਂਡਿੰਗ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ 2 ਘੰਟੇ ਲਈ ਬੱਸ ਅੱਡਾ ਬੰਦ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨਾਅਰੇਬਾਜ਼ੀ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਅਤੇ ਆਗੂਆਂ ਦੇ ਅੜੀਅਲ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਦਰਸ਼ਨ ਦੌਰਾਨ 2 ਘੰਟੇ ਤਕ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਬੱਸ ਨੂੰ ਅੱਡੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਹੋਏ।
ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਹਰ ਵਾਰ ਉਨ੍ਹਾਂ ਨੂੰ ਨਿਰਾਸ਼ ਵਾਪਸ ਮੁੜਨਾ ਪੈ ਰਿਹਾ ਹੈ। ਚੱਕਾ ਜਾਮ ਦੀ ਚਿਤਾਵਨੀ ਦਿੰਦੇ ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਬੱਸਾਂ ਬੰਦ ਕੀਤੀਆਂ ਜਾਣਗੀਆਂ। ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਵਿਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਯੂਨੀਅਨ ਵੱਲੋਂ ਬੁੱਧਵਾਰ ਪੰਜਾਬ ਭਰ ਦੇ ਸਾਰੇ 27 ਡਿਪੂਆਂ ਵਿਚ ਪ੍ਰਦਰਸ਼ਨ ਕੀਤੇ ਗਏ। ਮਹਾਨਗਰ ਜਲੰਧਰ ਵਿਚ ਹੋਏ ਧਰਨਾ ਪ੍ਰਦਰਸ਼ਨ ਕਾਰਨ ਵੱਖ-ਵੱਖ ਰੂਟਾਂ ਦੀਆਂ ਬੱਸਾਂ ਜਲੰਧਰ ਨਹੀਂ ਆਈਆਂ ਅਤੇ ਹਾਈਵੇਅ ਤੋਂ ਹੀ ਅੱਗੇ ਨੂੰ ਰਵਾਨਾ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਪ੍ਰਾਈਵੇਟ ਬੱਸਾਂ ਵੱਲੋਂ ਯਾਤਰੀਆਂ ਨੂੰ ਰਾਮਾ ਮੰਡੀ ਅਤੇ ਪੀ. ਏ. ਪੀ. ਚੌਂਕ ਵਿਚ ਉਤਾਰ ਦਿੱਤਾ ਗਿਆ। ਇਸੇ ਕ੍ਰਮ ਵਿਚ ਦਿੱਲੀ ਅਤੇ ਅੰਮ੍ਰਿਤਸਰ ਵੱਲ ਜਾਣ ਵਾਲੇ ਯਾਤਰੀਆਂ ਨੂੰ ਬੱਸ ਅੱਡੇ ਦੇ ਬਾਹਰੋਂ ਬੱਸਾਂ ਲੱਭਣੀਆਂ ਪਈਆਂ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ
2 ਘੰਟੇ ਦਾ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਆਈਆਂ। ਇਸ ਦਾ ਮੁੱਖ ਕਾਰਨ ਇਹ ਰਿਹਾ ਕਿ ਜਿਸ ਸਮੇਂ ਪ੍ਰਦਰਸ਼ਨ ਚੱਲ ਰਿਹਾ ਸੀ, ਉਸ ਸਮੇਂ ਦੌਰਾਨ ਕਾਊਂਟਰ ’ਤੇ ਬੱਸਾਂ ਨਹੀਂ ਲੱਗੀਆਂ ਸਨ ਅਤੇ ਸਬੰਧਤ ਰੂਟਾਂ ਦੀਆਂ ਬੱਸਾਂ ਕਾਫ਼ੀ ਸਮੇਂ ਬਾਅਦ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਉਡੀਕ ਕਰਨੀ ਪਈ। ਪੰਜਾਬ ਭਰ ਵਿਚ ਹੋਏ ਪ੍ਰਦਰਸ਼ਨਾਂ ਕਾਰਨ ਸੈਂਕੜੇ ਕਾਊਂਟਰ ਟਾਈਮ ਮਿਸ ਹੋਏ ਅਤੇ ਯਾਤਰੀ ਬੱਸਾਂ ਦੀ ਉਡੀਕ ਕਰਦੇ ਹੋਏ ਇਧਰ-ਉਧਰ ਭਟਕਦੇ ਰਹੇ। ਯੂਨੀਅਨ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਵਿਭਾਗੀ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਆਪਣੀ ਭੜਾਸ ਕੱਢੀ। ਇਸ ਦੌਰਾਨ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਦੋ-ਟੁੱਕ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਧਰਨੇ ਦੌਰਾਨ ਪ੍ਰਧਾਨ ਸਤਪਾਲ ਸਿੰਘ ਸੱਤਾ, ਸਟੇਟ ਬਾਡੀ ਤੋਂ ਦਲਜੀਤ ਸਿੰਘ ਜੱਲੇਵਾਲ, ਚਾਨਣ ਸਿੰਘ ਚੰਨਾ, ਗੁਰਪ੍ਰੀਤ ਸਿੰਘ ਭੁੱਲਰ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਸਮੇਤ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਯੂਨੀਅਨ ਵਿਚ ਰੋਸ ਵਧ ਰਿਹਾ ਹੈ।
ਇਹ ਵੀ ਪੜ੍ਹੋ- ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ
ਪਿਛਲੇ ਸਟੇਸ਼ਨਾਂ ਤੋਂ ਆਉਣ ਵਾਲੀਆਂ ਬੱਸਾਂ ’ਚ ਨਹੀਂ ਮਿਲੀਆਂ ਸੀਟਾਂ
ਬੱਸ ਅੱਡੇ ਦੇ ਬਾਹਰ ਵੀ ਮੁਸ਼ਕਲਾਂ ਵੇਖਣ ਨੂੰ ਮਿਲੀਆਂ। ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਬੱਸਾਂ ਵਿਚ ਭੀੜ ਜ਼ਿਆਦਾ ਸੀ, ਜਿਸ ਕਾਰਨ ਪਿਛਲੇ ਸਟੇਸ਼ਨਾਂ ਤੋਂ ਆਉਣ ਵਾਲੀਆਂ ਬੱਸਾਂ ਖਚਾਖਚ ਭਰੀਆਂ ਹੋਈਆਂ ਸਨ ਅਤੇ ਬੈਠਣ ਲਈ ਸੀਟਾਂ ਉਪਲੱਬਧ ਨਹੀਂ ਸਨ। ਮਜਬੂਰੀ ’ਚ ਕਈ ਯਾਤਰੀ ਖੜ੍ਹੇ ਹੋ ਕੇ ਸਫਰ ਕਰਨ ਲੱਗੇ ਪਰ ਯਾਤਰੀਆਂ ਦੀ ਭੀੜ ਜ਼ਿਆਦਾ ਹੋਣ ਕਾਰਨ ਬੱਸਾਂ ਵਿਚ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਸੀ। ਕੁਝ ਕੁ ਟਰਾਂਸਪੋਰਟ ਕੰਪਨੀਆਂ ਨੂੰ ਛੱਡ ਕੇ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਕੋਲ ਪੰਜਾਬ ਦੇ ਬਾਹਰ ਦਾ ਪਰਮਿਟ ਨਹੀਂ ਹੈ, ਜਿਸ ਕਾਰਨ ਯਾਤਰੀਆਂ ਨੂੰ ਸਰਕਾਰੀ ਬੱਸਾਂ ਦੀ ਉਡੀਕ ਕਰਨੀ ਪਈ।
ਇਹ ਵੀ ਪੜ੍ਹੋ- Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਰੰਤ ਕਰੋ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ