66 ਫੁੱਟੀ ਰੋਡ ’ਤੇ ਲੱਗਣ ਜਾ ਰਹੇ ਕੂੜੇ ਦੇ ਕਾਰਖਾਨੇ ਨੂੰ ਲੈ ਕੇ ਵਿਰੋਧ ਸ਼ੁਰੂ, ਪ੍ਰਾਪਰਟੀ ਮਾਰਕੀਟ ’ਤੇ ਪੈਣ ਲੱਗਾ ਅਸਰ

02/02/2024 12:36:53 PM

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਨੇ ਸ਼ਹਿਰ ਦਾ ਪਹਿਲਾ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ 66 ਫੁੱਟੀ ਰੋਡ ’ਤੇ ਸਥਿਤ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਲਾਉਣ ਦਾ ਜੋ ਫੈਸਲਾ ਲਿਆ ਹੈ, ਉਸ ਨੂੰ ਲੈ ਕੇ ਲੋਕਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਕਿਉਂਕਿ ਨਿਗਮ ਦੇ ਇਸ ਫ਼ੈਸਲੇ ਨਾਲ ਇਸ ਇਲਾਕੇ ਦੀ ਪ੍ਰਾਪਰਟੀ ਮਾਰਕੀਟ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ 66 ਫੁੱਟੀ ਰੋਡ ’ਤੇ ਹਾਊਸਿੰਗ ਪ੍ਰਾਜੈਕਟ ਬਣਾਉਣ ਅਤੇ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰ ਚੁੱਪ ਹਨ ਅਤੇ ਅਜੇ ਇਕਜੁੱਟ ਹੋ ਕੇ ਕੋਈ ਫੈਸਲਾ ਨਹੀਂ ਲੈ ਪਾ ਰਹੇ। ਦੂਜੇ ਪਾਸੇ ਇਨ੍ਹਾਂ ਕਾਲੋਨੀਆਂ ਅਤੇ ਫਲੈਟਾਂ ਵਿਚ ਰਹਿਣ ਵਾਲਿਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ।

ਇਸ ਇਲਾਕੇ ਵਿਚ ਰਹਿਣ ਵਾਲੇ ਹਜ਼ਾਰਾਂ ਨਿਵਾਸੀਆਂ ਦੇ ਪ੍ਰਤੀਨਿਧੀਆਂ ’ਤੇ ਆਧਾਰਿਤ ਇਕ ਵਫ਼ਦ ਨੇ ਬੀਤੇ ਦਿਨ ਭਾਜਪਾ ਆਗੂ ਅਮਿਤ ਤਨੇਜਾ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਨਾਂ ਇਕ ਮੰਗ-ਪੱਤਰ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਹੈ ਕਿ 66 ਫੁੱਟੀ ਰੋਡ ’ਤੇ ਪਹਿਲਾਂ ਤੋਂ ਲੱਗੇ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਸ਼ਿਫਟ ਕੀਤਾ ਜਾਵੇ ਅਤੇ ਇਥੇ ਨਵਾਂ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਬਿਲਕੁਲ ਨਾ ਲੱਗਣ ਦਿੱਤਾ ਜਾਵੇ, ਨਹੀਂ ਤਾਂ ਇਸ ਇਲਾਕੇ ਦਾ ਬੁਰਾ ਹਾਲ ਹੋ ਜਾਵੇਗਾ।

ਇਸ ਵਫ਼ਦ ਵਿਚ ਭਾਰਤ ਅਰੋੜਾ, ਦਿਨੇਸ਼, ਕਪਿਲ ਸ਼ੂਰ, ਬੀ. ਡੀ. ਕਪੂਰ, ਕਰਨ ਖਰਬੰਦਾ, ਰਾਜੀਵ ਆਹੂਜਾ, ਰਿਤੇਸ਼, ਨਿਤਿਨ ਅਤੇ ਅਜੇ ਬਾਕਸਰ ਆਦਿ ਸ਼ਾਮਲ ਸਨ। ਇਨ੍ਹਾਂ ਪ੍ਰਤੀਨਿਧੀਆਂ ’ਤੇ ਆਧਾਰਿਤ ਐਕਸ਼ਨ ਕਮੇਟੀ ਨੇ ਕਿਹਾ ਕਿ ਵਾਤਾਵਰਣ ਦੇ ਮਾਮਲੇ ’ਚ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ, ਇਸ ਲਈ ਕੇਂਦਰ ਸਰਕਾਰ ਤੁਰੰਤ ਦਖਲਅੰਦਾਜ਼ੀ ਕਰਕੇ ਪਲਾਂਟ ਅਤੇ ਕਾਰਖਾਨੇ ਨੂੰ ਇਥੋਂ ਕਿਸੇ ਹੋਰ ਥਾਂ ’ਤੇ ਸ਼ਿਫਟ ਕਰਨ ਦਾ ਯਤਨ ਕਰੇ। ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਇਸ ਮੰਗ ਨੂੰ ਕੇਂਦਰ ਸਰਕਾਰ ਤਕ ਪਹੁੰਚਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਆ ਰਹੀ ਸਮੱਸਿਆ ਦੂਰ ਹੋ ਸਕੇ।

PunjabKesari

ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ

ਸੀਵਰੇਜ ਟਰੀਟਮੈਂਟ ਵਿਚੋਂ ਉੱਠਦੀ ਹੈ ਭਿਆਨਕ ਬਦਬੂ, ਹੁਣ ਕੂੜੇ ਦੇ ਕਾਰਖਾਨੇ ਨਾਲ ਵਧੇਗੀ ਸਮੱਸਿਆ
ਜੋਤੀ ਨਗਰ ਅਤੇ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਕੂਡ਼ੇ ਦੇ ਡੰਪ ਦੀ ਸਮੱਸਿਆ ਦਾ ਹੱਲ ਕੱਢਦੇ-ਕੱਢਦੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਉਸ ਵੱਡੇ ਹਿੱਸੇ ਵਿਚ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ, ਜੋ ਇਸ ਸਮੇਂ ਸਭ ਤੋਂ ਜ਼ਿਆਦਾ ਡਿਵੈੱਲਪ ਹੋ ਰਿਹਾ ਹੈ। 66 ਫੁੱਟੀ ਰੋਡ ਇਲਾਕੇ ਦੀ ਗੱਲ ਕਰੀਏ ਤਾਂ ਇਥੇ ਪਿਛਲੇ ਸਮੇਂ ਦੌਰਾਨ ਕਈ ਵੱਡੇ-ਵੱਡੇ ਹਾਊਸਿਗ ਪ੍ਰਾਜੈਕਟ ਆਏ ਅਤੇ ਇਥੋਂ ਪੂਰੇ ਪੰਜਾਬ ਵਿਚ ਫਲੈਟ ਕਲਚਰ ਵਿਕਸਿਤ ਹੋਇਆ। ਪਿਛਲੇ ਕਈ ਸਾਲਾਂ ਤੋਂ ਇਹ ਪੂਰਾ ਇਲਾਕਾ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚੋਂ ਉੱਠਦੀ ਗੰਦੇ ਪਾਣੀ ਦੀ ਭਿਆਨਕ ਬਦਬੂ ਕਾਰਨ ਪ੍ਰਭਾਵਿਤ ਸੀ, ਜਿਸ ਕਾਰਨ ਇਥੇ ਕਦੀ ਅਜਿਹਾ ਸਮਾਂ ਵੀ ਆਇਆ ਸੀ ਕਿ ਪ੍ਰਾਪਰਟੀ ਦਾ ਕੰਮ ਬਿਲਕੁਲ ਠੱਪ ਹੋ ਗਿਆ ਸੀ। ਹੁਣ ਜਦੋਂ ਕਿ ਇਹ ਇਲਾਕਾ ਦੁਬਾਰਾ ਵਿਕਸਿਤ ਹੋਣਾ ਸ਼ੁਰੂ ਹੋਇਆ ਹੈ, ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਕੂੜੇ ਵਿਚੋਂ ਉੱਠਦੀ ਬਦਬੂ ਨੂੰ ਵੀ ਜੋੜ ਦਿੱਤਾ ਹੈ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਪਲਾਂਟ ਦੇ ਅੰਦਰ ਕੂੜੇ ਦਾ ਬਹੁਤ ਵੱਡਾ ਡੰਪ ਬਣਾਇਆ, ਜਿਸ ਨੂੰ ਅਕਸਰ ਅੱਗ ਵੀ ਲਾ ਦਿੱਤੀ ਜਾਂਦੀ ਰਹੀ। ਉਸ ਵਿਚੋਂ ਉੱਠਦੇ ਧੂੰਏਂ ਕਾਰਨ ਲੰਮੇ ਸਮੇਂ ਤਕ ਇਹ ਇਲਾਕਾ ਸਾਹ ਘੁੱਟਣ ਵਰਗੇ ਮਾਹੌਲ ਦੀ ਸਮੱਸਿਆ ਨਾਲ ਜੂਝਦਾ ਰਿਹਾ। ਨੇੜੇ-ਤੇੜੇ ਦੇ ਇਲਾਕੇ ਵਿਚੋਂ ਇਥੇ ਆਉਂਦੇ ਕੂੜੇ ਨੂੰ ਸੰਭਾਲਣ ਲਈ ਨਗਰ ਨਿਗਮ ਨੇ ਫੋਲੜੀਵਾਲ ਵਿਚ ਪਲਾਂਟ ਦੇ ਅੰਦਰ ਹੀ ਇਕ ਐੱਮ. ਆਰ. ਐੱਫ਼. ਸੈਂਟਰ ਅਤੇ ਕੰਪੋਸਟ ਪਲਾਂਟ ਬਣਾਇਆ ਹੋਇਆ ਹੈ। ਇਥੇ ਰੈਗੂਲਰ ਰੂਪ ਨਾਲ ਰੈਗ ਪਿਕਰਸ ਰੇਹੜੇ ਲਿਜਾ ਕੇ ਕੂੜਾ ਸੁੱਟਦੇ ਰਹੇ ਹਨ ਪਰ ਨਿਗਮ ਅੱਜ ਉਥੇ ਇਕ ਕਿਲੋ ਖਾਦ ਵੀ ਨਹੀਂ ਬਣਾ ਸਕਿਆ।

ਹੁਣ ਫੋਲੜੀਵਾਲ ਵਿਚ ਟਰੀਟਮੈਂਟ ਪਲਾਂਟ ਦੇ ਅੰਦਰ ਨਿਗਮ ਨੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਦੀ ਪਲਾਨਿੰਗ ਬਣਾਈ ਹੈ, ਜਿਸ ਦੇ ਲਈ ਮਸ਼ੀਨਰੀ ਤਕ ਖ਼ਰੀਦੀ ਜਾ ਚੁੱਕੀ ਹੈ। ਨਵੀਂ ਸਥਿਤੀ ਪੈਦਾ ਹੋਣ ਨਾਲ ਵੱਡੇ ਹਾਊਸਿੰਗ ਪ੍ਰਾਜੈਕਟਾਂ ਦੇ ਮਾਲਕ, ਬਿਲਡਰਜ਼, ਕਾਲੋਨਾਈਜ਼ਰ ਅਤੇ ਛੋਟੇ ਕਾਰੋਬਾਰੀ ਤਕ ਪ੍ਰੇਸ਼ਾਨ ਹਨ, ਜੋ ਕਰੋੜਾਂ-ਅਰਬਾਂ ਰੁਪਿਆ ਇਸ ਇਲਾਕੇ ਵਿਚ ਇਨਵੈਸਟ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, ਡੋਸੇ 'ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ

ਸੰਘਣੀ ਆਬਾਦੀ ਨਾਲ ਘਿਰ ਚੁੱਕਿਐ ਸੀਵਰੇਜ ਟਰੀਟਮੈਂਟ ਪਲਾਂਟ, ਦੂਰ-ਦੂਰ ਤਕ ਜਾਂਦੀ ਹੈ ਬਦਬੂ
ਕੈਂਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਸਿਆਸੀ ਲੋਕਾਂ ਨੇ ਕਈ ਸਾਲ ਪਹਿਲਾਂ 66 ਫੁੱਟੀ ਰੋਡ ਦੀ ਸੰਭਾਵਿਤ ਡਿਵੈੱਲਪਮੈਂਟ ਨੂੰ ਵੇਖਦੇ ਹੋਏ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਸ਼ਿਫਟ ਕਰਨ ਦੇ ਯਤਨ ਸ਼ੁਰੂ ਕੀਤੇ ਸਨ, ਜਿੱਥੇ ਸ਼ਹਿਰ ਦੇ ਸੀਵਰ ਨੂੰ ਟਰੀਟ ਕੀਤਾ ਜਾਂਦਾ ਹੈ।
ਅਜਿਹਾ ਯਤਨ ਕਰਨ ਵਾਲੇ ਆਗੂਆਂ ਦਾ ਮੰਨਣਾ ਸੀ ਕਿ ਜਿਥੇ ਮੌਜੂਦਾ ਸਮੇਂ ਟਰੀਟਮੈਂਟ ਪਲਾਂਟ ਸਥਿਤ ਹੈ, ਉਥੇ ਲਗਭਗ 80 ਏਕੜ ਜ਼ਮੀਨ ਬਹੁਤ ਬਹੁਮੁੱਲੀ ਹੈ, ਜਦੋਂ ਕਿ ਜੇਕਰ ਪਲਾਂਟ ਕੁਝ ਕਿਲੋਮੀਟਰ ਅੱਗੇ ਲਿਜਾਇਆ ਜਾਂਦਾ ਹੈ ਤਾਂ ਉਥੇ ਜ਼ਮੀਨ ਕਾਫੀ ਸਸਤੀ ਮਿਲ ਜਾਵੇਗੀ। ਪਲਾਂਟ ਨੂੰ ਅੱਗੇ ਲਿਜਾ ਕੇ ਅਤੇ ਪੁਰਾਣੇ ਪਲਾਂਟ ਵਾਲੀ ਜਗ੍ਹਾ ਨੂੰ ਵੇਚ ਕੇ ਸਰਕਾਰ ਅਰਬਾਂ ਰੁਪਏ ਦੀ ਕਮਾਈ ਕਰ ਸਕਦੀ ਹੈ ਅਤੇ ਇਸਦੇ ਨਾਲ ਹੀ 66 ਫੁੱਟੀ ਰੋਡ ’ਤੇ ਡਿਵੈੱਲਪਮੈਂਟ ਦਾ ਵੀ ਸਕੋਪ ਕਾਫੀ ਵਧ ਜਾਵੇਗਾ।

ਹੁਣ ਅਜਿਹੇ ਯਤਨ ਸਿਆਸੀ ਤੌਰ ’ਤੇ ਤਾਂ ਖ਼ਤਮ ਹੋ ਚੁੱਕੇ ਹਨ ਪਰ ਹੁਣ 66 ਫੁੱਟੀ ਰੋਡ ’ਤੇ ਬਣੀਆਂ ਦਰਜਨਾਂ ਰਿਹਾਇਸ਼ੀ ਕਾਲੋਨੀਆਂ ਅਤੇ ਹਾਊਸਿੰਗ ਪ੍ਰਾਜੈਕਟਾਂ ਦਾ ਸਾਰਾ ਸੀਵਰ ਵੀ ਫੋਲਡ਼ੀਵਾਲ ਪਲਾਂਟ ਤਕ ਆਉਣ ਲੱਗਾ ਹੈ। 66 ਫੁੱਟੀ ਰੋਡ ’ਤੇ ਕਈ ਕਿਲੋਮੀਟਰ ਅੱਗੇ ਜਾ ਕੇ ਹੈਮਿਲਟਨ ਮੇ-ਫੇਅਰ ਰੈਜ਼ੀਡੈਂਸੀਅਲ ਪ੍ਰਾਜੈਕਟ ਦਾ ਸੀਵਰ ਵੀ ਇਸੇ ਪਲਾਂਟ ਨਾਲ ਜੋੜਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਹੁਣ ਫੋਲੜੀਵਾਲ ਪਲਾਂਟ ਨੂੰ ਨਾ ਤਾਂ ਕਦੀ ਬੰਦ ਕੀਤਾ ਜਾ ਸਕੇਗਾ ਅਤੇ ਨਾ ਹੀ ਇਸ ਦੀ ਕਦੀ ਸ਼ਿਫਟਿੰਗ ਹੋ ਸਕੇਗੀ ਕਿਉਂਕਿ ਹੁਣ ਪਲਾਂਟ ਦੇ ਕਈ ਕਿਲੋਮੀਟਰ ਅੱਗੇ ਵੀ ਕਈ ਹਾਊਸਿੰਗ ਪ੍ਰਾਜੈਕਟ ਆ ਰਹੇ ਹਨ ਅਤੇ ਉਥੇ ਵੀ ਲੋਕ ਇਸਨੂੰ ਮਨਜ਼ੂਰ ਨਹੀਂ ਕਰਨਗੇ। 66 ਫੁੱਟੀ ਰੋਡ ਦਾ ਸਾਰਾ ਸੀਵਰ ਸਿਸਟਮ ਇਸ ਪਲਾਂਟ ਨਾਲ ਜੁੜਨ ਕਾਰਨ ਆਉਣ ਵਾਲੇ ਸਮੇਂ ਵਿਚ ਇਸਦੀ ਸਮਰੱਥਾ ਨੂੰ ਵੀ ਵਧਾਉਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ 66 ਫੁੱਟੀ ਰੋਡ ਇਲਾਕਾ ਸੀਵਰੇਜ ਟਰੀਟਮੈਂਟ ਪਲਾਂਟ ਵਿਚੋਂ ਉੱਠਦੀ ਬਦਬੂ ਕਾਰਨ ਪ੍ਰੇਸ਼ਾਨ ਹੈ, ਜੋ ਬਹੁਤ ਦੂਰ-ਦੂਰ ਤਕ ਜਾਂਦੀ ਹੈ। ਇਸ ਲਈ ਇਹ ਮੰਗ ਵਾਰ-ਵਾਰ ਉੱਠ ਰਹੀ ਹੈ ਕਿ ਇਸ ਪਲਾਂਟ ਨੂੰ ਇਥੋਂ ਸ਼ਿਫਟ ਕੀਤਾ ਜਾਵੇ ਤਾਂ ਕਿ ਲੋਕ ਸਾਫ਼ ਹਵਾ ਵਿਚ ਸਾਹ ਲੈ ਸਕਣ।

9 ਵਾਰਡਾਂ ’ਚ ਰਹਿੰਦੀ ਇਕ ਲੱਖ ਦੀ ਆਬਾਦੀ ਦਾ 10 ਟਨ ਕੂੜਾ ਹਰ ਰੋਜ਼ ਇਥੇ ਲਿਆ ਕੇ ਹੋਵੇਗਾ ਪ੍ਰੋਸੈੱਸ
ਨਗਰ ਨਿਗਮ ਨੇ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਜੋ ਹੱਲ ਕੱਢਿਆ ਹੈ, ਉਸ ਤਹਿਤ ਜੋਤੀ ਨਗਰ ਅਤੇ ਮਾਡਲ ਟਾਊਨ ਡੰਪ ਸਥਾਨਾਂ ’ਤੇ ਆਉਂਦਾ ਸਾਰਾ ਕੂੜਾ 66 ਫੁੱਟੀ ਰੋਡ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ, ਜਿਥੇ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲਾਇਆ ਜਾ ਰਿਹਾ ਹੈ। ਇਥੇ ਗਿੱਲੇ ਕੂੜੇ ਨੂੰ ਡਰੰਮ ਕੰਪੋਸਟਿੰਗ ਪ੍ਰਕਿਰਿਆ ਜ਼ਰੀਆ ਖਾਦ ਵਿਚ ਬਦਲਿਆ ਜਾਵੇਗਾ ਅਤੇ ਕੂੜੇ ਵਿਚੋਂ ਨਿਕਲਣ ਵਾਲੇ ਵੇਸਟ ਪਲਾਸਟਿਕ ਤੋਂ ਟਾਈਲਾਂ ਆਦਿ ਬਣਾਉਣ ਦੀ ਯੋਜਨਾ ਹੈ। ਹੁਣ ਨਗਰ ਨਿਗਮ ਨੇ ਮਾਡਲ ਟਾਊਨ ਡੰਪ ਅਤੇ ਜੋਤੀ ਨਗਰ ਡੰਪ ਨੂੰ ਸ਼ਿਫਟ ਅਤੇ ਬੰਦ ਕਰਨ ਦੀ ਜੋ ਪਲਾਨਿੰਗ ਬਣਾਈ ਹੈ, ਉਸ ਤਹਿਤ ਸਾਬਕਾ ਕੌਂਸਲਰ ਅਰੁਣਾ ਅਰੋੜਾ, ਹਰਸ਼ਰਨ ਕੌਰ ਹੈਪੀ, ਬਲਰਾਜ ਠਾਕੁਰ, ਪਵਨ ਕੁਮਾਰ, ਰੋਹਨ ਸਹਿਗਲ, ਮਿੰਟੂ ਜੁਨੇਜਾ, ਨੀਰਜਾ ਜੈਨ, ਪ੍ਰਭਦਿਆਲ ਭਗਤ ਅਤੇ ਸਰਬਜੀਤ ਕੌਰ ਬਿੱਲਾ ਦੇ ਵਾਰਡਾਂ ਵਿਚੋਂ ਨਿਕਲਦਾ ਸਾਰਾ ਕੂੜਾ ਹੁਣ 66 ਫੁੱਟੀ ਰੋਡ ’ਤੇ ਫੋਲੜੀਵਾਲ ਪਲਾਂਟ ਵਿਚ ਜਾਇਆ ਕਰੇਗਾ। ਨਿਗਮ ਦੇ ਇਸ ਫ਼ੈਸਲੇ ਨਾਲ ਇਨ੍ਹਾਂ 9 ਵਾਰਡਾਂ ਦੀ ਇਕ ਲੱਖ ਤੋਂ ਵੱਧ ਆਬਾਦੀ ਦਾ ਲਗਭਗ 10 ਟਨ ਕੂੜਾ ਫੋਲੜੀਵਾਲ ਪਲਾਂਟ ਵਿਚ ਹਰ ਰੋਜ਼ ਆਇਆ ਕਰੇਗਾ ਪਰ ਇੰਨਾ ਕੂੜਾ ਇਕ ਹੀ ਥਾਂ ’ਤੇ ਆਉਣ ਨਾਲ ਉਥੇ ਹਾਲਾਤ ਵਿਗੜ ਵੀ ਸਕਦੇ ਹਨ ਅਤੇ ਜਿਸ ਦਿਨ ਕੂੜੇ ਦੀ ਲਿਫਟਿੰਗ ਨਾ ਹੋਈ ਜਾਂ ਹੜਤਾਲ ਰਹੀ ਤਾਂ ਹਾਲਾਤ ਬੇਕਾਬੂ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News