ਪਹਿਰਾ ਦੇ ਰਹੇ ਨੌਜਵਾਨਾਂ ''ਤੇ ਗੱਡੀ ਚੜ੍ਹਾਉਣ ਵਾਲਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਪਿੰਡ ਵਾਸੀਆਂ ਨੇ ਲਾਇਆ ਧਰਨਾ
Sunday, Aug 25, 2024 - 04:35 AM (IST)
ਅਲਾਵਲਪੁਰ (ਬੰਗੜ)- ਬੀਤੀ ਰਾਤ ਸਿਕੰਦਰਪੁਰ ਵਿਖੇ 2 ਸ਼ੱਕੀ ਕਾਰਾਂ ’ਚ ਸਵਾਰ ਇਕ ਦਰਜਨ ਦੇ ਕਰੀਬ ਅਣਪਛਾਤੇ ਸ਼ੱਕੀ ਵਿਅਕਤੀਆਂ ਵੱਲੋਂ ਪਿੰਡ ’ਚ ਪਹਿਰਾ ਦੇਣ ਵਾਲੇ ਨੌਜਵਾਨਾਂ ਨੂੰ ਕੁਚਲਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਲਈ ਅਲਾਵਲਪੁਰ ਤੇ ਥਾਣਾ ਆਦਮਪੁਰ ਦੀ ਪੁਲਸ ਪਾਰਟੀ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਸਿਕੰਦਰਪੁਰ ਦੇ ਲੋਕਾਂ ਨੇ ਕਸਬਾ ਅਲਾਵਲਪੁਰ ਵਿਖੇ ਦੁਸਹਿਰਾ ਗਰਾਉਂਡ ਚੌਕ ’ਚ ਸਵੇਰੇ 10 ਵਜੇ ਧਰਨਾ ਲਾ ਦਿੱਤਾ।
ਪਿੰਡ ਵਾਸੀਆਂ ਨੇ ਪੰਜਾਬ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾ ਪ੍ਰਦਰਸ਼ਨ ਕਰ ਰਹੇ ਮੋਹਤਬਰਾਂ ਨੇ ਕਿਹਾ ਕਿ ਪਿਛਲੇ ਸਮੇਂ ’ਚ ਇਲਾਕੇ ’ਚ ਵੱਧ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀਆਂ ਨੂੰ ਠੱਲ੍ਹ ਪਾਉਣ ’ਚ ਅਲਾਵਲਪੁਰ ਤੇ ਆਦਮਪੁਰ ਪੁਲਸ ਨਾਕਾਮ ਰਹੀ ਹੈ ਧਰਨਾ ਪ੍ਰਦਰਸ਼ਨ ਸਵੇਰੇ 10 ਤੋਂ 1 ਵਜੇ ਦੇ ਕਰੀਬ ਲਾਇਆ ਗਿਆ, ਜਿਸ ਕਾਰਨ ਕਿਸਨਗੜ੍ਹ-ਆਦਮਪੁਰ, ਸਿਕੰਦਰਪੁਰ, ਬਿਆਸ ਪਿੰਡ ਦੇ ਸਾਰੇ ਰੋਡ ਜਾਮ ਕੀਤੇ ਗਏ।
ਲਗਭਗ 3 ਘੰਟੇ ਲੱਗੇ ਇਸ ਧਰਨੇ ਕਾਰਨ ਕਿਸ਼ਨਗੜ੍ਹ-ਅਲਾਵਲਪੁਰ ਮਾਰਗ ’ਤੇ ਸੈਂਕੜੇ ਗੱਡੀਆਂ 3 ਘੰਟੇ ਫਸੀਆਂ ਰਹੀਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਅਲਾਵਲਪੁਰ ਪੁਲਸ ਚੌਕੀ ਇੰਚਾਰਜ ਰਜਿੰਦਰ ਸ਼ਰਮਾ ਉਚੇਚੇ ਤੌਰ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਮੌਕੇ ’ਤੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਪੁਲਸ ਪਾਰਟੀ ਸਣੇ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਬੀਤੀ ਰਾਤ ਸਿਕੰਦਰਪੁਰ ਵਿਖੇ ਹੋਈ ਘਟਨਾ ਸਮੇਂ ਥਾਣਾ ਮੁਖੀ ਆਦਮਪੁਰ ਨੂੰ ਫੋਨ ਕਰਦੇ ਰਹੇ ਪਰ ਉਨ੍ਹਾਂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸ ਕਾਰਨ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ। ਲੱਗਭਗ 3 ਘੰਟੇ ਬਾਅਦ ਕੁਝ ਮੋਹਤਬਰਾਂ ਦੀ ਵਿਚੋਲਗੀ ਨਾਲ ਪੁਲਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇਣ ਲਈ ਕੀਤੇ ਵਾਅਦੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ। ਇਸ ਮੌਕੇ ਰਛਪਾਲ ਸਿੰਘ ਚੀਮਾ, ਡਾ. ਵਰਿੰਦਰ ਬੱਧਣ, ਪ੍ਰਿਤਪਾਲ ਸਿੰਘ, ਧਰਮਪਾਲ, ਬਲਦੇਵ ਸਿੰਘ ਨੰਬਰਦਾਰ, ਜੋਗਿੰਦਰ ਮਾਨ, ਜੰਗ ਬਹਾਦਰ ਵਰਮਾ, ਅਵਤਾਰ ਤਾਰੀ, ਰਾਜ ਕੁਮਾਰ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e