ਨਿੱਜੀ ਸਕੂਲਾਂ ਨੂੰ ਮਾਫੀਆ ਕਹਿਣ ਖਿਲਾਫ ਦਿੱਤਾ ਰੋਸ ਧਰਨਾ
Wednesday, May 27, 2020 - 02:48 PM (IST)
ਗੋਰਾਇਆ (ਮੁਨੀਸ਼)— ਗੋਰਾਇਆ ਅਤੇ ਫਿਲੌਰ ਦੇ ਘੱਟ ਬਜਟ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਗੈਰ-ਸਹਾਇਤਾ ਪ੍ਰਾਪਤ ਨਿੱਜੀ ਸਕੂਲਾਂ ਨੇ ਅੱਜ ਗੁਰਾਇਆ ਮੁੱਖ ਚੌਂਕ 'ਚ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ, ਜੋਧਾ ਸਿੰਘ ਅਤੇ ਦਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਚੈਨਲ ਦੇ ਐਂਕਰ ਨੇ ਇਨ੍ਹਾਂ ਸਕੂਲਾਂ ਖਿਲਾਫ ਮਾਫੀਏ ਤੋਂ ਇਲਾਵਾ ਹੋਰ ਵੀ ਗੈਰ ਸਮਾਜਿਕ ਭਾਸ਼ਾ ਵਰਤੀ ਜੋਕਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਮੁਆਫੀ ਨਹੀਂ ਮੰਗੀ ਅਤੇ ਸਰਕਾਰ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਘੱਟ ਬਜਟ ਵਾਲੇ ਸਕੂਲ ਆਪਣਾ ਅੰਦੋਲਨ ਤੇਜ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਦੇਸ਼ ਦੇ ਬੱਚਿਆਂ ਨੂੰ ਨਿਰਮਾਣ ਕਰਨ ਵਾਲੇ ਅਦਾਰਿਆਂ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਵੇ ਤਾਂ ਸਮਾਜ 'ਚ ਇਨ੍ਹਾਂ ਸੰਸਥਾਵਾਂ 'ਚ ਕੰਮ ਕਰਦੇ ਕਰਮਚਾਰੀਆਂ ਦਾ ਮਨੋਬਲ ਕਮਜ਼ੋਰ ਹੋਵੇਗਾ।
ਇਸ ਮੌਕੇ ਦਵਿੰਦਰ ਸੇਖੜੀ, ਸੰਜੀਵ ਕੁਮਾਰ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਇਹ ਗੈਰ-ਸਹਾਇਤਾ ਪ੍ਰਾਪਤ ਸਕੂਲ ਕਦੇ ਵੀ 3 ਮਹੀਨੇ ਦੀ ਇਕੱਠੀ ਫੀਸ ਨਹੀਂ ਲੈਂਦੇ ਸਗੋਂ ਮਹੀਨਾਵਾਰ ਫੀਸ ਲੈ ਕੇ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਆਦਿ ਦਿੰਦੇ ਹਨ। ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ ਮੰਗ ਪੱਤਰ ਤਹਿਸੀਲਦਾਰ ਤਪਨ ਭਨੋਟ ਨੂੰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਕਾਰਵਾਈ ਦਾ ਭਰੋਸਾ ਦਿਵਾਇਆ।
ਇਸ ਮੌਕੇ ਮੈਡਮ ਰੇਨੂੰ ਕੋਛੜ, ਮੈਡਮ ਰਜਨੀ, ਰਵਿੰਦਰਜੀਤ ਕੌਰ, ਪਰਵੀਨ, ਜਸਵੀਰ ਕੌਰ, ਨੀਲਮ ਰਾਣੀ, ਪ੍ਰੀਤ, ਗਿਆਨ ਚੰਦ, ਨਾਨਕ ਸਿੰਘ, ਸਤਵਿੰਦਰ ਸਿੰਘ, ਸੰਦੀਪ ਸ਼ਰਮਾ, ਬਬੀਤਾ ਕੁਮਾਰੀ, ਸ਼ਮੀ ਬੰਗੜ, ਰਾਜਨ ਕੁਮਾਰ, ਸੰਜੀਵ ਕੁਮਾਰ, ਜਰਨੈਲ ਸਿੰਘ ਅੱਪਰਾ, ਵਿਕਾਸ, ਵਿਕਰਾਂਤ ਸ਼ਰਮਾ, ਦਲਜੀਤ ਕੌਰ ਅਤੇ ਭਾਰੀ ਗਿਣਤੀ 'ਚ ਪ੍ਰਬੰਧਕ ਹਾਜ਼ਰ ਸਨ।