ਜਲੰਧਰ ਸ਼ਹਿਰ ਦੀ ਹਾਲਤ ਵੇਖ ਕੇ ਖ਼ਫ਼ਾ ਦਿਸੇ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ, ਕੀਤੀ ਤਿੱਖੀ ਟਿੱਪਣੀ

02/10/2024 10:52:38 AM

ਜਲੰਧਰ (ਖੁਰਾਣਾ)–ਲੋਕ ਸਭਾ ਚੋਣਾਂ ਬਹੁਤ ਨੇੜੇ ਆ ਜਾਣ ਕਾਰਨ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਨੂੰ ਚੁਸਤ-ਦਰੁਸਤ ਕਰ ਦਿੱਤਾ ਹੈ। ਸੂਬਾ ਸਰਕਾਰ ਦੇ ਇਨ੍ਹਾਂ ਯਤਨਾਂ ਤਹਿਤ ਲੋਕਲ ਬਾਡੀਜ਼ ਿਵਭਾਗ ਦੇ ਪ੍ਰਿੰਸੀਪਲ ਸੈਕਟਰੀ ਅਜਾਏ ਸ਼ਰਮਾ ਨੇ ਬੀਤੇ ਦਿਨ ਜਲੰਧਰ ਵਿਚ ਸਮਾਰਟ ਸਿਟੀ ਅਤੇ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਜੈਕਟਾਂ ਆਦਿ ਨੂੰ ਰੀਵਿਊ ਕਰਨ ਦੇ ਮੰਤਵ ਨਾਲ ਸ਼ਹਿਰ ਦੀ ਵਿਜ਼ਿਟ ਕੀਤੀ ਅਤੇ ਸਰਕਟ ਹਾਊਸ ਵਿਚ ਬੈਠ ਕੇ ਨਗਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਨਾਲ ਸਬੰਧਤ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਕੀਤੀ।

ਇਸ ਮੀਟਿੰਗ ਦੌਰਾਨ ਜਿੱਥੇ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਨਾਲ ਜੁੜੇ ਅਧਿਕਾਰੀਆਂ, ਵਿਸ਼ੇਸ਼ ਕਰਕੇ ਇੰਜੀਨੀਅਰਿੰਗ ਸਟਾਫ਼ ਦੀ ਚੰਗੀ ਕਲਾਸ ਲੱਗੀ ਅਤੇ ਖੂਬ ਝਿੜਕਾਂ ਪਈਆਂ, ਉਥੇ ਹੀ ਸਮਾਰਟ ਰੋਡਜ਼ ਪ੍ਰਾਜੈਕਟ ਦਾ ਮੌਕਾ ਵੇਖਣ ਸਮੇਂ ਪ੍ਰਿੰਸੀਪਲ ਸੈਕਟਰੀ ਨੇ ਬਹੁਤ ਤਿੱਖੀ ਟਿੱਪਣੀ ਕੀਤੀ ਕਿ ਜਿਸ ਪੱਧਰ ਦੀਆਂ ਸਮਾਰਟ ਰੋਡਜ਼ ਜਲੰਧਰ ਨਿਗਮ ਅਤੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਜਲੰਧਰ ਵਿਚ ਬਣਵਾਈਆਂ ਹਨ, ਉਹ ਸੜਕਾਂ ਇਹ ਅਧਿਕਾਰੀ ਆਪਣੇ ਬੱਚਿਆਂ ਤਕ ਨੂੰ ਦਿਖਾਉਣ ਦੇ ਕਾਬਿਲ ਨਹੀਂ ਹਨ।
ਪ੍ਰਿੰਸੀਪਲ ਸੈਕਟਰੀ ਜੋ ਸ਼ਹਿਰ ਦੀ ਦੁਰਦਸ਼ਾ ਤੋਂ ਬਹੁਤ ਖ਼ਫ਼ਾ ਦਿਸੇ, ਦਾ ਸਾਫ਼ ਕਹਿਣਾ ਸੀ ਕਿ ਸਮਾਰਟ ਰੋਡਜ਼ ਪ੍ਰਾਜੈਕਟ ਤਹਿਤ ਬਣੀਆਂ ਸੜਕਾਂ ਦਾ ਲੈਵਲ ਸਹੀ ਨਹੀਂ ਅਤੇ ਫੁੱਟਪਾਥ ਵੀ ਬੇਤਰਤੀਬ ਬਣੇ ਹਨ। ਵਰਕਸ਼ਾਪ ਚੌਂਕ ਨੇੜੇ ਬਣੀ ਸਮਾਰਟ ਰੋਡਜ਼ ਦਾ ਕੰਮ ਵੇਖਣ ਤੋਂ ਬਾਅਦ ਜਦੋਂ ਉਹ ਸਪੋਰਟਸ ਕਾਲਜ ਦੇ ਸਾਹਮਣਿਓਂ ਨਿਕਲੇ ਤਾਂ ਉਥੇ ਸੜਕ ’ਤੇ ਹੀ ਕੂੜੇ ਦੇ ਢੇਰ ਲੱਗੇ ਹੋਏ ਸਨ ਅਤੇ ਫੁੱਟਪਾਥਾਂ ਦੀ ਹਾਲਤ ਬਹੁਤ ਖਰਾਬ ਸੀ। ਅਜਿਹੇ ਵਿਚ ਉਨ੍ਹਾਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਅਤੇ ਸਾਫ ਕਿਹਾ ਕਿ ਆਪਣੇ ਬੱਚਿਆਂ ਨੂੰ ਵੀ ਅਜਿਹੀਆਂ ਸੜਕਾਂ ਦਿਖਾਉਣ ਲਿਆਉਣ ਕਿ ਇਹ ਅਸੀਂ ਬਣਵਾਈਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਆਪਣੇ ਵਿਆਹ ਦਾ ਕਾਰਡ ਦੇਣ ਆਏ ਟ੍ਰੈਵਲ ਏਜੰਟ ਨੇ ਔਰਤ ਨਾਲ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

PunjabKesari

ਇਸੇ ਦੌਰਾਨ ਜਦੋਂ ਉਹ ਗਦਾਈਪੁਰ ਵਿਚ ਨਵਾਂ ਬਣਿਆ ਕੰਸਟਰੱਕਸ਼ਨ ਐਂਡ ਡਿਮੋਲਿਸ਼ਨ ਵੇਸਟ ਪਲਾਂਟ ਵੇਖਣ ਗਏ ਤਾਂ ਉਸ ਵਿਚ ਵੀ ਬਹੁਤ ਬੁਰੇ ਹਾਲਾਤ ਸਨ। ਉਥੇ ਵੀ ਅਧਿਕਾਰੀਆਂ ਨੂੰ ਝਿੜਕਿਆ ਗਿਆ। ਬਰਲਟਨ ਪਾਰਕ ਪ੍ਰਾਜੈਕਟ ’ਤੇ ਚਰਚਾ ਕਰਨ ਸਮੇਂ ਅਜਾਏ ਸ਼ਰਮਾ ਨੇ ਸਾਫ਼ ਕਿਹਾ ਕਿ ਪ੍ਰਾਜੈਕਟ ਬੰਦ ਹੋਣ ਵਿਚ ਅਫ਼ਸਰਾਂ ਦੀ ਗਲਤੀ ਹੈ। ਜੇਕਰ ਉਸ ਠੇਕੇਦਾਰ ਤੋਂ ਕੰਮ ਸ਼ੁਰੂ ਨਾ ਕਰਵਾਇਆ ਗਿਆ ਅਤੇ ਮਾਮਲਾ ਅਾਰਬੀਟ੍ਰੇਸ਼ਨ ਵਿਚ ਚਲਾ ਗਿਆ ਤਾਂ ਸਰਕਾਰ ਦਾ ਹੀ ਨੁਕਸਾਨ ਹੋਵੇਗਾ ਅਤੇ ਪ੍ਰਾਜੈਕਟ ਵੀ ਹੱਥੋਂ ਨਿਕਲ ਜਾਵੇਗਾ।
ਫਿਰ ਕਾਲਾ ਸੰਘਿਆਂ ਡ੍ਰੇਨ ਦੇ ਚੱਲ ਰਹੇ ਕੰਮ ਨੂੰ ਦੇਖ ਕੇ ਪ੍ਰਿੰਸੀਪਲ ਸੈਕਟਰੀ ਨੇ ਕੁਝ ਨਰਮੀ ਵਿਖਾਈ। ਇਸ ਮੀਟਿੰਗ ਦੌਰਾਨ ਪੀ. ਐੱਮ. ਆਈ. ਡੀ. ਸੀ. ਦੀ ਸੀ. ਈ. ਓ., ਨਿਗਮ ਕਮਿਸ਼ਨਰ ਗੌਤਮ ਜੈਨ, ਚੀਫ਼ ਇੰਜੀ. ਅਸ਼ਵਨੀ ਚੌਧਰੀ, ਏ. ਐੱਸ. ਆਈ. ਧਾਲੀਵਾਲ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀ ਮੌਜੂਦ ਸਨ। ਇਸ ਟੀਮ ਨੇ ਬਰਲਟਨ ਪਾਰਕ ਵਿਚ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਵਾਟਰ ਟੈਂਕ ਦਾ ਮੌਕਾ ਵੀ ਦੇਖਿਆ।

ਪ੍ਰਾਜੈਕਟ ’ਤੇ ਫ਼ੈਸਲਾ ਲੈਣ ’ਚ ਕਈ ਸਾਲ ਲਾ ਦਿੰਦੇ ਹਨ ਨਿਗਮ ਅਧਿਕਾਰੀ, ਐੱਲ. ਈ. ਡੀ. ਪ੍ਰਾਜੈਕਟ ਦਾ ਵੀ ਬੁਰਾ ਹਾਲ
ਚੰਡੀਗੜ੍ਹ ਤੋਂ ਆਏ ਪ੍ਰਿੰਸੀਪਲ ਸੈਕਟਰੀ ਨੇ ਸਮਾਰਟ ਸਿਟੀ ਦੇ ਐੱਲ. ਈ. ਡੀ. ਪ੍ਰਾਜੈਕਟ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ, ਜਿਸ ਸਬੰਧੀ ਨਿਗਮ ਅਧਿਕਾਰੀ ਕੋਈ ਖ਼ਾਸ ਜਵਾਬ ਨਹੀਂ ਦੇ ਸਕੇ। ਪ੍ਰਿੰਸੀਪਲ ਸੈਕਟਰੀ ਇਸ ਪ੍ਰਾਜੈਕਟ ਤੋਂ ਬਹੁਤ ਖ਼ਫ਼ਾ ਦਿਸੇ ਅਤੇ ਉਨ੍ਹਾਂ ਕਿਹਾ ਿਕ ਅਧਿਕਾਰੀ ਇਸ ’ਤੇ ਵੀ ਕੋਈ ਫ਼ੈਸਲਾ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਦੀਆਂ ਫਾਈਲਾਂ ’ਤੇ ਸਾਈਨ ਕਰਨ ਲਈ ਅਧਿਕਾਰੀ ਕਈ ਸਾਲ ਲਾ ਦਿੰਦੇ ਹਨ। ਉਨ੍ਹਾਂ ਉਦਾਹਰਣ ਿਦੱਤੀ ਕਿ ਸਮਾਰਟ ਸਿਟੀ ਨੇ ਜਲੰਧਰ ਨਿਗਮ ਨੂੰ ਮਸ਼ੀਨਰੀ ਦੀ ਖ਼ਰੀਦ ਲਈ ਪਿਛਲੇ ਸਾਲ ਮਾਰਚ ਵਿਚ 43 ਕਰੋੜ ਰੁਪਏ ਿਦੱਤੇ ਸਨ ਅਤੇ 25 ਕਰੋੜ ਦੀ ਮਸ਼ੀਨਰੀ ਖਰੀਦੀ ਜਾਣੀ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਕੁਝ ਨਹੀਂ ਕੀਤਾ ਗਿਆ। ਡਾਰਕ ਪੁਆਇੰਟ ਦੂਰ ਕਰਨ ਵਾਲੇ ਟੈਂਡਰ ’ਤੇ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਬਾਇਓ-ਮਾਈਨਿੰਗ ਪਲਾਂਟ ਦੇ ਟੈਂਡਰ ਕਈ ਮਹੀਨੇ ਪਹਿਲਾਂ ਆ ਗਏ ਸਨ ਪਰ ਉਨ੍ਹਾਂ ਦੀ ਵੈਲਿਊਏਸ਼ਨ ਹੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਨਿਗਮ ਅਧਿਕਾਰੀਆਂ ਨੇ ਸਾਰੇ ਕੰਮਾਂ ਨੂੰ ਆਪਣੀ ਲਾਪ੍ਰਵਾਹੀ ਕਾਰਨ ਲਟਕਾ ਕੇ ਛੱਡਿਆ ਹੋਇਆ ਹੈ।

ਇਹ ਵੀ ਪੜ੍ਹੋ: ਖੜਗੇ ਦੇ ਸਮਾਗਮ ਦਾ ਸੱਦਾ ਉਡੀਕ ਰਹੇ ਸਿੱਧੂ, ਕਿਹਾ, 'ਟੁੱਚੂ ਬੰਦੇ ਦੇ ਕਹਿਣ 'ਤੇ ਕਿਵੇਂ ਬਾਹਰ ਕਰ ਦੇਣਗੇ'

ਨਿਗਮ ਕਮਿਸ਼ਨਰ ਨੇ ਵੀ ਆਪਣੇ ਅਫ਼ਸਰਾਂ ’ਤੇ ਵਿਖਾਈ ਤਲਖੀ
ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੌਤਮ ਜੈਨ ਨੂੰ ਚਾਰਜ ਸੰਭਾਲਿਆਂ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਉਹ ਹਰ ਰੋਜ਼ ਨਿਗਮ ਆਫਿਸ ਵਿਚ ਬੈਠ ਕੇ ਲਗਾਤਾਰ ਮੀਟਿੰਗਾਂ ਅਤੇ ਕਈ-ਕਈ ਘੰਟੇ ਕੰਮ ਕਰ ਰਹੇ ਹਨ। ਬੀਤੇ ਦਿਨ ਪ੍ਰਿੰਸੀਪਲ ਸੈਕਟਰੀ ਦੇ ਸਾਹਮਣੇ ਜਦੋਂ ਜਲੰਧਰ ਨਿਗਮ ਦੇ ਅਧਿਕਾਰੀ ਚੁੱਪ-ਚਾਪ ਬੈਠੇ ਝਿੜਕਾਂ ਖਾ ਰਹੇ ਸਨ ਤਾਂ ਨਿਗਮ ਕਮਿਸ਼ਨਰ ਵੀ ਆਪਣੇ ਨਿਗਮ ਦੇ ਅਫ਼ਸਰਾਂ ਦੇ ਵਤੀਰੇ ਤੋਂ ਬਹੁਤ ਨਾਰਾਜ਼ ਦਿਸੇ। ਮੀਟਿੰਗ ਵਿਚੋਂ ਬਾਹਰ ਆ ਕੇ ਉਨ੍ਹਾਂ ਨਿਗਮ ਅਤੇ ਸਮਾਰਟ ਸਿਟੀ ਦੇ ਅਫ਼ਸਰਾਂ ਨੂੰ ਸਾਫ਼ ਕਿਹਾ ਕਿ ਸ਼ਹਿਰ ਦੀ ਬੁਰੀ ਹਾਲਤ ਲਈ ਅਜਿਹੇ ਅਫ਼ਸਰ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਪ੍ਰਾਜੈਕਟਾਂ ਬਾਰੇ ਕੁਝ ਪਤਾ ਨਹੀਂ।

ਕਮਿਸ਼ਨਰ ਦਾ ਕਹਿਣਾ ਸੀ ਕਿ ਨਿਗਮ ਦੇ ਅਧਿਕਾਰੀ ਪ੍ਰਿੰਸੀਪਲ ਸੈਕਟਰੀ ਦੇ ਸਵਾਲਾਂ ਦੇ ਜਵਾਬ ਤਕ ਨਹੀਂ ਦੇ ਸਕੇ ਅਤੇ ਉਨ੍ਹਾਂ ਨੂੰ ਜ਼ਿਆਦਾ ਮਾਮਲਿਆਂ ਬਾਰੇ ਪਤਾ ਹੀ ਨਹੀਂ ਸੀ। ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਸਮਾਰਟ ਸਿਟੀ ਜਾਂ ਨਿਗਮ ਦੇ ਅਧਿਕਾਰੀਆਂ ਨੂੰ ਕੋਈ ਦਿੱਕਤ ਹੈ ਤਾਂ ਇੰਨੇ ਦਿਨ ਉਨ੍ਹਾਂ ਇਸ ਬਾਰੇ ਮੈਨੂੰ ਕਿਉਂ ਨਹੀਂ ਦੱਿਸਆ। ਮੰਨਿਆ ਜਾ ਿਰਹਾ ਹੈ ਕਿ ਨਿਗਮ ਕਮਿਸ਼ਨਰ ਆਉਣ ਵਾਲੇ ਦਿਨਾਂ ਵਿਚ ਨਿਗਮ ਦੇ ਲਾਪ੍ਰਵਾਹ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: ਰੋਪੜ ਤੋਂ ਵੱਡੀ ਖ਼ਬਰ, 7 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕੀਤੀ ਬੇਰਹਿਮੀ ਨਾਲ ਕੁੱਟਮਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News