''ਕੋਰੋਨਾ ਦੇ ਸਫਾਏ ''ਚ ਜੁਟੇ ਸਫਾਈ ਸੇਵਕਾਂ ਨੂੰ ਤੁਰੰਤ ਉਪਲੱਬਧ ਕਰਵਾਈਆਂ ਜਾਣ ਪੀ. ਪੀ. ਈ. ਕਿੱਟਾਂ''

04/22/2020 7:42:09 PM

ਫਗਵਾੜਾ,(ਜਲੋਟਾ) : ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਤੀਸ਼ ਸਲਹੋਤਰਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ 'ਚ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ। ਜਿਸ 'ਚ ਉਨ੍ਹਾਂ ਲਿਖਿਆ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਾਈ 'ਚ ਜੀਵਨ ਨੂੰ ਖਤਰੇ 'ਚ ਪਾ ਕੇ ਸਵੱਛਤਾ ਲਈ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਤੁਰੰਤ ਪ੍ਰਭਾਵ ਨਾਲ ਪੀ. ਪੀ. ਈ. ਕਿੱਟਾਂ ਪ੍ਰਦਾਨ ਕੀਤੀਆਂ ਜਾਣ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਲਹੋਤਰਾ ਨੇ ਕਿਹਾ ਕਿ ਸਵੱਛਤਾ ਕਰਮਚਾਰੀ ਸੂਬੇ ਦੀ ਹਰ ਗਲੀ ਤੇ ਨੁਕੜ 'ਤੇ ਸਵੱਛਤਾ ਸੁਨਿਸ਼ਚਿਤ ਕਰਕੇ ਸੂਬੇ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਬਣਾਉਣ 'ਚ ਉਦਾਰਤਾ ਨਾਲ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਕੈਪਟਨ ਸਰਕਾਰ ਨੇ ਸਫਾਈ ਸੇਵਕਾਂ ਨੂੰ ਸੰਕਰਮਣ ਤੋਂ ਬਚਾਅ ਹੇਤੂ ਮਾਸਕ ਤੇ ਦਸਤਾਨੇ ਉਪਲਬੱਧ ਕਰਵਾਏ ਹਨ ਪਰ ਉਕਤ ਕਰਮਚਾਰੀ ਜ਼ਿਆਦਾਤਰ ਸੰਕਰਮਿਤ ਖੇਤਰਾਂ 'ਚ ਆਪਣਾ ਕਰਤੱਵ ਨਿਭਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਪੀ. ਪੀ. ਈ. ਕਿੱਟ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਹ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖੀ ਗਈ ਉਕਤ ਮੰਗ ਦਾ ਭਰਪੂਰ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਨਟਰੀ ਵਰਕਰ ਕੰਮ ਲਈ ਮਿਸਾਲੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਰਹੇ ਹਨ, ਜੋ ਬੇਮਿਸਾਲ ਹੈ। ਪੂਰਾ ਸਮਾਜ ਇਸ ਨੇਕ ਕੰਮ ਲਈ ਸਫਾਈ ਸੇਵਕਾਂ ਦਾ ਹਮੇਸ਼ਾ ਰਿਣੀ ਰਹੇਗਾ। ਇਨ੍ਹਾਂ ਬਹਾਦੁਰਾਂ ਵਲੋਂ ਪ੍ਰਦਾਨ ਕੀਤੀ ਜਾ ਰਹੀ ਅਨਮੋਲ ਸੇਵਾ ਦਾ ਕਰਜ ਕਦੇ ਨਹੀਂ ਚੁਕਾਇਆ ਜਾ ਸਕਦਾ ਹੈ।
 


Deepak Kumar

Content Editor

Related News