ਮਹਾਨਗਰ ਜਲੰਧਰ ''ਚ 16 ਘੰਟੇ ਬੱਤੀ ਰਹੀ ਗੁੱਲ, 9200 ਤੋਂ ਵੱਧ ਪਹੁੰਚੀਆਂ ਸ਼ਿਕਾਇਤਾਂ
Monday, May 26, 2025 - 12:41 PM (IST)

ਜਲੰਧਰ (ਪੁਨੀਤ)-ਜਲੰਧਰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ 16 ਘੰਟੇ ਜਾਂ ਇਸ ਤੋਂ ਵੱਧ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿਚ ਸ਼ਾਮ 7 ਵਜੇ ਬੰਦ ਹੋਈ ਬਿਜਲੀ ਐਤਵਾਰ ਰਾਤ 8 ਵਜੇ ਤੱਕ ਬਹਾਲ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ 25 ਘੰਟੇ ਬਿਜਲੀ ਤੋਂ ਬਿਨਾਂ ਬਿਤਾਉਣੇ ਪਏ। ਪਾਵਰਕਾਮ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਹਾਲਾਤ ਅਜਿਹੇ ਹਨ ਕਿ ਵਿਭਾਗ ਕੁਦਰਤ ਅੱਗੇ ਬੇਵੱਸ ਜਾਪਦਾ ਹੈ। ਸ਼ਨੀਵਾਰ ਸ਼ਾਮ ਨੂੰ ਆਏ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਦੇ ਮੱਦੇਨਜ਼ਰ ਪਾਵਰ ਸਿਸਟਮ ਫੇਲ੍ਹ ਹੁੰਦਾ ਜਾਪਿਆ। ਪਾਵਰਕਾਮ ਕਰਮਚਾਰੀਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਦੁਪਹਿਰ ਤੱਕ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤਰ ਦੀ ਮੌਤ
ਹਨ੍ਹੇਰੀ ਅਤੇ ਮੀਂਹ ਕਾਰਨ ਪਾਵਰਕਾਮ ਦੇ ਸਿਸਟਮ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਰਾਤ ਨੂੰ ਲਗਭਗ ਇਕ ਦਰਜਨ ਫੀਡਰਾਂ ਦੀ ਸਪਲਾਈ ਠੱਪ ਹੋ ਗਈ। ਇਸ ਤੋਂ ਬਾਅਦ ਵਿਭਾਗ ਨੇ ਸਿਸਟਮ ਨੂੰ ਸੁਧਾਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ ਜ਼ੋਨ ਦੇ ਅੰਦਰ 9200 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਵੱਖ-ਵੱਖ ਇਲਾਕਿਆਂ ਵਿਚ ਸਵੇਰ ਤੱਕ ਨੁਕਸ ਨਾ ਠੀਕ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਵੱਖ-ਵੱਖ ਇਲਾਕਿਆਂ ਵਿਚ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕ ਵਿਭਾਗੀ ਪ੍ਰਣਾਲੀ ਨੂੰ ਕੋਸਦੇ ਦੇਖੇ ਗਏ।
ਬੀਤੀ ਰਾਤ ਹਨ੍ਹੇਰੀ ਤੋਂ ਬਾਅਦ ਵਿਭਾਗ ਨੇ ਸਾਵਧਾਨੀ ਵਜੋਂ ਪੂਰੇ ਸ਼ਹਿਰ ਵਿਚ ਬਿਜਲੀ ਸਪਲਾਈ ਕੱਟ ਦਿੱਤੀ ਤਾਂ ਜੋ ਹਨ੍ਹੇਰੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਬਾਅਦ ਜਦੋਂ ਸਪਲਾਈ ਸ਼ੁਰੂ ਕੀਤੀ ਤਾਂ ਵੱਖ-ਵੱਖ ਫੀਡਰਾਂ ਵਿਚ ਨੁਕਸ ਵੇਖੇ ਗਏ। ਕਈ ਹਾਈ ਵੋਲਟੇਜ ਤਾਰਾਂ 'ਤੇ ਦਰੱਖ਼ਤ ਆਦਿ ਡਿੱਗਣ ਕਾਰਨ ਵਿਭਾਗ ਨੂੰ ਭਾਰੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ: ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦਾ Alert! ਮੀਂਹ ਨਾਲ ਆਵੇਗਾ ਭਾਰੀ ਤੂਫ਼ਾਨ
ਜਿਸ ਕਾਰਨ ਬੀਤੀ ਰਾਤ ਤੋਂ ਸ਼ੁਰੂ ਹੋਇਆ ਸ਼ਿਕਾਇਤਾਂ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ। ਇਸ ਕ੍ਰਮ ਵਿਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਜ਼ਿਆਦਾਤਰ ਇਲਾਕਿਆਂ ’ਚ ਸ਼ਿਕਾਇਤਾਂ ਦਰਜ ਕਰਨ ਦੇ ਘੰਟਿਆਂ ਬਾਅਦ ਵੀ ਬਿਜਲੀ ਕਰਮਚਾਰੀ ਮੌਕੇ ’ਤੇ ਨਹੀਂ ਪਹੁੰਚੇ, ਜਿਸ ਕਾਰਨ ਖ਼ਪਤਕਾਰਾਂ ’ਚ ਗੁੱਸਾ ਵੇਖਣ ਨੂੰ ਮਿਲਿਆ। ਸ਼ੁਰੂ ਤੋਂ ਹੀ ਲੋਕ ਸ਼ਿਕਾਇਤ ਕਰਦੇ ਰਹੇ ਹਨ ਕਿ ਸਟਾਫ਼ ਮੌਕੇ ’ਤੇ ਜਲਦੀ ਨਹੀਂ ਪਹੁੰਚਦਾ। ਇਸ ਕਾਰਨ ਇਕ ਨੁਕਸ, ਜਿਸ ਨੂੰ ਠੀਕ ਕਰਨ ’ਚ ਆਮ ਤੌਰ 'ਤੇ 1-2 ਘੰਟੇ ਲੱਗਦੇ ਹਨ, ਕਈ ਵਾਰ 7-8 ਘੰਟਿਆਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਕਈ ਇਲਾਕਿਆਂ ਵਿਚ ਲੋਕ ਸ਼ਿਕਾਇਤ ਕੇਂਦਰਾਂ ਤੱਕ ਵੀ ਪਹੁੰਚੇ ਪਰ ਉੱਥੇ ਵੀ ਸਟਾਫ਼ ਦੀ ਅਣਹੋਂਦ ਬਾਰੇ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਇਸ ਦੇ ਨਾਲ ਹੀ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਕ੍ਰਮ ਵਿਚ ਸੜਕਾਂ 'ਤੇ ਬਿਜਲੀ ਦੇ ਖੰਭੇ ਵੀ ਪਏ ਵੇਖੇ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਕਲਯੁਗੀ ਪਤਨੀ ਨੇ ਪੁੱਤ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਦਰਜਨਾਂ ਇਲਾਕਿਆਂ ’ਚ ਆਈ ਫੇਸ ਉਡਣ ਦੀ ਪ੍ਰੇਸ਼ਾਨੀ
ਦਰਜਨਾਂ ਇਲਾਕਿਆਂ ਵਿਚ ਫੇਜ਼ ਉੱਡਣ ਦੀ ਸਮੱਸਿਆ ਸੁਣਾਈ ਦਿੱਤੀ ਜਦਕਿ ਘੱਟ ਵੋਲਟੇਜ ਦੀ ਸਮੱਸਿਆ ਨੇ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ। ਇਸ ਕਾਰਨ ਫਰਿੱਜ, ਏ. ਸੀ. ਆਦਿ ਕੰਮ ਨਹੀਂ ਕਰ ਰਹੇ ਸਨ। ਤਾਰਾਂ ਦੇ ਉੱਡ ਜਾਣ ਕਾਰਨ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਰਹੀ ਹੈ। ਹਨੇਰੀ ਕਾਰਨ ਹੋਈ ਖਰਾਬੀ ਕਾਰਨ ਐੱਸ. ਡੀ. ਓ. ਫੀਲਡ ਵਿਚ ਹੀ ਰਹੇ ਤੇ ਕਾਰਜਕਾਰੀ ਵੀ ਲਾਈਨਾਂ ਚਾਲੂ ਕਰਨ ਵਿਚ ਰੁੱਝੇ ਰਹੇ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਕਰ ਦਿੱਤਾ ਗਿਆ ਅਤੇ ਲੋਡ ਨੂੰ ਸ਼ਿਫਟ ਕਰ ਕੇ ਸਪਲਾਈ ਸ਼ੁਰੂ ਕਰ ਦਿੱਤੀ ਗਈ।
ਹਨ੍ਹੇਰੀ ਕਾਰਨ ਡੈਮੇਜ ਹੋਇਆ ਪੂਰਾ ਸ਼ੈੱਡ
ਇਸ ਦੇ ਨਾਲ ਹੀ ਚੁਗਿੱਟੀ ਚੌਕ ਨੇੜੇ ਇਕ ਕੋਚ ਬਣਾਉਣ ਵਾਲੀ ਫਰਮ ਦਾ ਸ਼ੈੱਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਸੁਖਬੀਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਕੁਦਰਤੀ ਆਫ਼ਤ ਵਿਚ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
10 ਕਲੋਨੀਆਂ ਵਿਚ ਬਿਜਲੀ ਸਪਲਾਈ ਰਹੀ ਠੱਪ : ਵੈੱਲਫੇਅਰ ਸੋਸਾਇਟੀ
ਜਲੰਧਰ (ਖੁਰਾਣਾ) : ਗੁਰੂ ਗੋਬਿੰਦ ਸਿੰਘ ਨਗਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ, ਜਨਰਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ, ਮਨਮੋਹਨ ਸਿੰਘ ਗੁਜਰਾਲ, ਬਿੰਦਰਜੀਤ ਸਿੰਘ ਧਮੀਜਾ ਨੇ ਦੱਸਿਆ ਕਿ ਇਲਾਕੇ ਦੀਆਂ 10 ਕਲੋਨੀਆਂ ਵਿਚ ਬਿਜਲੀ ਸਪਲਾਈ ਠੱਪ ਰਹੀ। ਸ਼ਿਕਾਇਤਾਂ ਦਰਜ ਕਰਨ ’ਚ ਕਾਫੀ ਮੁਸ਼ਕਿਲਾਂ ਆਈਆਂ। ਕਈ ਬਿਜਲੀ ਦਫ਼ਤਰਾਂ ਨੂੰ ਤਾਲੇ ਲੱਗੇ ਮਿਲੇ। ਉਨ੍ਹਾਂ ਕਿਹਾ ਕਿ ਇਸ ਕਾਰਨ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e