ਪੁਲਸ ਨੇ ਟਰੇਸ ਕੀਤਾ ਅੰਨ੍ਹਾ ਲੁੱਟ ਕੇਸ, ਫੈਕਟਰੀ ਦੇ ਸੁਪਰਵਾਈਜ਼ਰ ਨੇ ਰੇਕੀ ਉਪਰੰਤ HR ਤੋਂ ਲੁੱਟੇ ਸਨ ਲੱਖਾਂ ਰੁਪਏ

11/12/2023 10:31:17 AM

ਜਲੰਧਰ (ਵਰੁਣ)–8 ਨਵੰਬਰ ਨੂੰ ਲੈਦਰ ਕੰਪਲੈਕਸ ਵਿਚ ਯੂਨੀਵਰਸਲ ਸਪੋਰਟਸ ਫੈਕਟਰੀ ਦੇ ਐੱਚ. ਆਰ. ਅਤੇ ਮੈਨੇਜਰ ਨੂੰ ਦਾਤਰ ਵਿਖਾ ਕੇ 7.50 ਲੱਖ ਰੁਪਏ ਲੁੱਟਣ ਦਾ ਮਾਮਲਾ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ ਨੇ ਟਰੇਸ ਕਰ ਲਿਆ ਹੈ। ਸਟਾਫ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਇਸੇ ਫੈਕਟਰੀ ਵਿਚ ਪਹਿਲਾਂ ਸੁਪਰਵਾਈਜ਼ਰ ਸੀ ਅਤੇ 2 ਮਹੀਨੇ ਪਹਿਲਾਂ ਹੀ ਉਸਨੇ ਕੰਮ ਛੱਡਿਆ ਸੀ। ਗ੍ਰਿਫ਼ਤਾਰ ਸਾਬਕਾ ਸੁਪਰਵਾਈਜ਼ਰ ਤੋਂ ਪੁਲਸ ਨੇ ਲੁੱਟ ਦੇ 2.55 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।

ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਲੁੱਟ ਕਾਂਡ ਤੋਂ ਬਾਅਦ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਆਪਣੀ ਟੀਮ ਨਾਲ ਮਾਮਲੇ ਦੀ ਜਾਂਚ ਵਿਚ ਜੁਟ ਗਏ ਸੀ। ਘਟਨਾ ਸਥਾਨ ਦੇ ਨੇੜੇ-ਤੇੜੇ ਮੋਬਾਇਲ ਡੰਪ ਡਾਟਾ ਅਤੇ ਕੁਝ ਸੀ. ਸੀ. ਟੀ. ਵੀ. ਫੁਟੇਜ ਮਿਲੇ, ਜਿਸ ਤੋਂ ਬਾਅਦ ਪੁਲਸ ਨੇ ਟੈਕਨੀਕਲ ਅਤੇ ਹਿਊਮਨ ਸੋਰਸਿਜ਼ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਫੈਕਟਰੀ ਵਿਚ ਸੁਪਰਵਾਈਜ਼ਰ ਦੀ ਨੌਕਰੀ ਛੱਡਣ ਵਾਲੇ ਸਾਹਿਲ ਨੂੰ ਕੈਸ਼ ਦੂਜੀ ਫੈਕਟਰੀ ਤੋਂ ਫੈਕਟਰੀ ਵਿਚ ਲਿਆਉਣ ਦੀ ਸਾਰੀ ਜਾਣਕਾਰੀ ਸੀ। ਪੁਲਸ ਨੂੰ ਇਨਪੁੱਟ ਮਿਲੇ ਕਿ ਇਸ ਵਾਰਦਾਤ ਵਿਚ ਸਾਹਿਲ ਹੀ ਮਾਸਟਰਮਾਈਂਡ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

ਅਜਿਹੇ ਵਿਚ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਸਾਹਿਲ ਪੁੱਤਰ ਵਿਜੇ ਕੁਮਾਰ ਨਿਵਾਸੀ ਰਾਜਾ ਗਾਰਡਨ ਬਸਤੀ ਖੇਲ ਦਾ ਟਰੈਪ ਲਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਸਾਹਿਲ ਘਰ ਤੋਂ ਵੀ ਫ਼ਰਾਰ ਸੀ। ਸ਼ਨੀਵਾਰ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕਰ ਕੇ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ। ਸੀ. ਆਈ. ਏ. ਸਟਾਫ ਵਿਚ ਲਿਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਮੰਨ ਲਿਆ ਕਿ ਉਸ ਨੇ ਹੀ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 2.55 ਲੱਖ ਰੁਪਏ ਬਰਾਮਦ ਕਰ ਲਏ ਹਨ। ਪੁਲਸ ਦਾ ਕਹਿਣਾ ਹੈ ਕਿ ਬਾਕੀ ਦੀ ਰਕਮ ਫ਼ਰਾਰ 2 ਮੁਲਜ਼ਮਾਂ ਦੇ ਕੋਲ ਹੈ।

ਡੀ. ਸੀ. ਪੀ. ਵਿਰਕ ਨੇ ਕਿਹਾ ਕਿ ਸੀ. ਆਈ. ਏ. ਸਟਾਫ ਦੀ ਟੀਮ ਉਨ੍ਹਾਂ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਰੇਡ ਕਰ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਸਾਹਿਲ 5 ਮਹੀਨੇ ਪਹਿਲਾਂ ਹੀ ਯੂਨੀਵਰਸਲ ਸਪੋਰਟਸ ’ਚ ਨੌਕਰੀ ’ਤੇ ਲੱਗਾ ਸੀ। ਲਗਭਗ 2 ਮਹੀਨੇ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ। 2 ਦਿਨਾਂ ਵਿਚ ਕਮਿਸ਼ਨਰੇਟ ਪੁਲਸ ਨੇ ਇਸ ਅੰਨ੍ਹੇ ਲੁੱਟ ਕੇਸ ਨੂੰ ਹੱਲ ਕਰ ਦਿੱਤਾ। ਮੁਲਜ਼ਮ ਸਾਹਿਲ ਨੂੰ ਪੁਲਸ ਨੇ ਰਿਮਾਂਡ ’ਤੇ ਲਿਆ ਹੈ। ਡੀ. ਸੀ. ਪੀ. ਵਿਰਕ ਨੇ ਕਿਹਾ ਕਿ ਮੁਲਜ਼ਮਾਂ ਨੇ ਲੁੱਟ ਤੋਂ ਪਹਿਲਾਂ ਇਲਾਕੇ ਦੀ ਰੇਕੀ ਵੀ ਕੀਤੀ ਸੀ।

ਇਹ ਸੀ ਮਾਮਲਾ
8 ਨਵੰਬਰ ਨੂੰ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਯੂਨੀਵਰਸਲ ਸਪੋਰਟਸ ਫੈਕਟਰੀ ਲੈਦਰ ਕੰਪਲੈਕਸ ’ਚ ਦੂਜੀ ਫੈਕਟਰੀ ਤੋਂ ਸਟਾਫ ਨੂੰ ਸੈਲਰੀ ਦੇਣ ਆਏ ਐੱਚ. ਅਰ. ਅਸ਼ਵਨੀ ਕੁਮਾਰ ਅਤੇ ਅਜੈ ਅਗਰਵਾਲ ਦੀ ਐਕਟਿਵਾ ਵਿਚ ਟੱਕਰ ਮਾਰ ਕੇ ਉਨ੍ਹਾਂ ਨੂੰ ਸੜਕ ’ਤੇ ਡੇਗ ਦਿੱਤਾ ਅਤੇ ਦਾਤਰ ਮਾਰ ਕੇ ਉਨ੍ਹਾਂ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ ਸੀ। ਬੈਗ ਵਿਚ 7.50 ਲੱਖ ਰੁਪਏ ਤੇ ਕੁਝ ਦਸਤਾਵੇਜ਼ ਸਨ। ਥਾਣਾ ਬਸਤੀ ਬਾਵਾ ਖੇਲ ਵਿਚ ਅਣਪਛਾਤਿਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਸੀ। ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਵਿਚ ਸੀ. ਆਈ. ਏ. ਸਟਾਫ ਅਤੇ ਥਾਣਾ ਬਸਤੀ ਬਾਵਾ ਖੇਲ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ, ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਕੁਝ ਹੀ ਸਮੇਂ ਵਿਚ ਇਸ ਕੇਸ ਨੂੰ ਹੱਲ ਕਰ ਲਿਆ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News