ਪੁਲਸ ਨੇ ਚੋਰੀ ਦੇ 7 ਮੋਟਰਸਾਈਕਲ ਤੇ ਇਕ ਸਕੂਟਰੀ ਕੀਤੀ ਬਰਾਮਦ

Saturday, Jun 27, 2026 - 06:05 PM (IST)

ਪੁਲਸ ਨੇ ਚੋਰੀ ਦੇ 7 ਮੋਟਰਸਾਈਕਲ ਤੇ ਇਕ ਸਕੂਟਰੀ ਕੀਤੀ ਬਰਾਮਦ

ਭੁਲੱਥ (ਰਜਿੰਦਰ, ਭੂਪੇਸ਼)-ਥਾਣਾ ਭੁਲੱਥ ਦੀ ਪੁਲਸ ਨੇ ਇਕ ਚੋਰੀਸ਼ੁਦਾ ਮੋਟਰਸਾਈਕਲ ’ਤੇ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 7 ਮੋਟਰਸਾਈਕਲ ਅਤੇ ਇਕ ਸਕੂਟਰੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਤੇ ਐੱਸ. ਪੀ. (ਡੀ) ਹਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਭੁਲੱਥ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਚੌਹਾਨ ਦੀ ਟੀਮ ਵੱਲੋਂ ਦੌਰਾਨੇ ਨਾਕਾਬੰਦੀ ਮੁਖਬਰ ਖ਼ਾਸ ਦੀ ਇਤਲਾਹ ’ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਰਮੀਦੀ ਥਾਣਾ ਸੁਭਾਨਪੁਰ ਦੱਸਿਆ, ਜਿਸ ਕੋਲੋਂ ਮੌਕੇ ’ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਉਕਤ ਮੋਟਰਸਾਈਕਲ ਉਸ ਨੇ ਥਾਣੇ ਦੇ ਏਰੀਏ ਤੋਂ ਹੀ ਚੋਰੀ ਕੀਤਾ ਸੀ। ਇਸ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਐੱਚ. ਸੀ. ਪ੍ਰਿੰਸ ਕੁਮਾਰ ਵੱਲੋਂ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ ਭੇਜਦੇ ਸਨ ਪਾਕਿ

ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗੋਰਾ ਕੋਲੋਂ 7 ਮੋਟਰਸਾਈਕਲ ਅਤੇ ਇਕ ਸਕੂਟਰੀ ਮੈਸਟਰੋ ਬਰਾਮਦ ਕੀਤੀ ਗਈ। ਇਸ ਸਬੰਧੀ ਉਕਤ ਵਿਅਕਤੀ ਨੇ ਕਬੂਲ ਕੀਤਾ ਕਿ ਇਹ ਸਾਰੇ ਵ੍ਹੀਕਲ ਉਸ ਨੇ ਥਾਣਾ ਭੁਲੱਥ ਅਤੇ ਹੋਰ ਥਾਣਿਆਂ ਦੇ ਇਲਾਕੇ ’ਚੋਂ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਹੋਰ ਵੀ ਵਾਹਨ ਬਰਾਮਦ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਨ੍ਹਾਂ ਚੋਰੀਆਂ ’ਚ ਹੋਰ ਕਿਸੇ ਦੀ ਸ਼ਮੂਲੀਅਤ ਹੋਵੇਗੀ, ਉਸ ਨੂੰ ਵੀ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News