ਗੱਡੀਆਂ ਦੀ ਭੰਨਤੋੜ ਦੇ ਮਾਮਲੇ ''ਚ ਪੁਲਸ ਨੇ ਅੱਧਾ ਦਰਜਨ ਨੌਜਵਾਨਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
Wednesday, Jun 22, 2022 - 12:44 PM (IST)
ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਡੱਡਲਾਂ ’ਚ ਤੜਕੇ 3 ਵਜੇ ਆ ਕੇ ਉੱਥੇ ਸੜਕ ’ਤੇ ਖੜ੍ਹੀਆਂ ਇਕ ਦਰਜਨ ਤੋਂ ਵੱਧ ਲੋਕਾਂ ਦੀਆਂ ਗੱਡੀਆਂ ਦੀ ਨੰਗੀਆਂ ਤਲਵਾਰਾਂ, ਤੇਜ਼ਧਾਰ ਦਾਤਰਾਂ ਤੇ ਲੋਹੇ ਦੇ ਰਾਡਾਂ ਨਾਲ ਇਨ੍ਹਾਂ ਦੀ ਭੰਨਤੋੜ ਕਰਨ ਅਤੇ ਮੁਹੱਲੇ ਵਾਸੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਗਾਲੀ-ਗਲੋਚ ਕਰਕੇ ਇਲਾਕੇ ’ਚ ਸ਼ਰੇਆਮ ਗੁੰਡਾਗਰਦੀ ਕਰਨ ਦੇ ਵਾਪਰੇ ਸਨਸਨੀਖੇਜ਼ ਮਾਮਲੇ ’ਚ ਥਾਣਾ ਸਿਟੀ ਫਗਵਾੜਾ ਦੀ ਪੁਲਸ ਵੱਲੋਂ ਅੱਧਾ ਦਰਜਨ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਇਹ ਕਾਰਵਾਈ ਮਨਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਗੁਰੂ ਅਰਜਨਪੁਰਾ ਡੱਡਲਾਂ ਮੁਹੱਲਾ ਫਗਵਾੜਾ ਦੇ ਬਿਆਨ ’ਤੇ ਕਰਦੇ ਹੋਏ ਹਿਮਾਂਸ਼ੂ ਉਰਫ਼ ਬ੍ਰੈਟੀ ਪੁੱਤਰ ਰਵੀ ਲੰਬੀ ਗਲੀ ਮੁਹੱਲਾ ਤਾਕੀਆਂ ਫਗਵਾੜਾ, ਰਵੀ ਵਾਸੀ ਲੰਬੀ ਗਲੀ ਮੁਹੱਲਾ ਤਾਕੀਆਂ ਫਗਵਾੜਾ, ਨੀਨੀ ਵਾਸੀ ਮੁਹੱਲਾ ਤਾਕੀਆਂ ਫਗਵਾੜਾ, ਸਾਗਰ ਵਾਸੀ ਮੁਹੱਲਾ ਬਾਵਿਆ ਫਗਵਾੜਾ ਤੇ ਇਨ੍ਹਾਂ ਨਾਲ ਮੌਕੇ ’ਤੇ ਮੌਜੂਦ ਰਹੇ ਇਨ੍ਹਾਂ ਦੇ 2 ਨਾ-ਮਾਲੂਮ ਵਿਅਕਤੀਆਂ ਨੂੰ ਦਰਜ ਕੀਤੇ ਗਏ ਪੁਲਸ ਕੇਸ ’ਚ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ
ਮਨਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਇਨ੍ਹਾਂ ਨੇ ਤੜਕੇ 3 ਵਜੇ ਮੁਹੱਲਾ ਡੱਡਲਾਂ ਵਿਖੇ ਆ ਕੇ ਗੁੰਡਾਗਰਦੀ ਦੀ ਧੌਂਸ ’ਚ ਲਲਕਾਰੇ ਮਾਰਦੇ ਹੋਏ ਸੜਕ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਖੜ੍ਹੀਆਂ ਲੋਕਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਹੈ ਅਤੇ ਮੁਹੱਲਾ ਵਾਸੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗੰਦਾ ਗਾਲੀ-ਗਲੋਚ ਕਰਕੇ ਸ਼ੋਰ-ਸ਼ਰਾਬਾ ਕਰਦੇ ਹੋਏ ਲੋਕਾਂ ਦੇ ਦਿਲਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 160, 427, 506, 148, 149 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਹੇ ਹਨ।
ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ