ਲੋਹੰਡ ਦਰਿਆ ਤੋਂ ਪੁਲਸ ਨੂੰ ਮਿਲੀਆਂ 2 ਵਿਅਕਤੀਆਂ ਦੀਆਂ ਲਾਸ਼ਾਂ, ਫੈਲੀ ਸਨਸਨੀ
Sunday, Jun 04, 2023 - 06:18 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਪਿੰਡ ਕਲਿਆਣਪੁਰ ਲੋਹੰਡ ਗੇਟਾਂ ਦੇ ਨਜ਼ਦੀਕ ਤੋਂ ਇਕ ਔਰਤ ਅਤੇ ਇਕ ਵਿਅਕਤੀ ਦੀਆਂ ਲਾਸ਼ਾਂ ਆਪਸੀ ਕੁਝ ਦੂਰੀ ਤੋਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਬਾਰੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜਿੱਥੇ ਲੋਹੰਡ ਗੇਟਾਂ ਤੋਂ ਭਾਖੜਾ ਨਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਸਤਲੁਜ ਦਰਿਆ ਨੂੰ ਛੱਡਿਆ ਜਾਂਦਾ ਹੈ। ਉਸ ਸਥਾਨ ਤੋਂ ਕੁਝ ਦੂਰੀ ਉਪਰ ਅਤੇ ਰੇਲਵੇ ਪੁਲ ਦੇ ਨਜ਼ਦੀਕ ਪਿੰਡ ਕਲਿਆਣਪੁਰ ਵਿਖੇ ਵੱਖ-ਵੱਖ ਥਾਵਾਂ ’ਤੇ ਦੋ ਲਾਸ਼ਾਂ ਲੱਗੀਆਂ ਹੋਈਆਂ ਹਨ ਜਿਸ ਤੋਂ ਬਾਅਦ ਉਹ ਪੁਲਸ ਪਾਰਟੀ ਨੂੰ ਨਾਲ ਲੈ ਕੇ ਘਟਨਾ ਸਥਾਨ ’ਤੇ ਪੁੱਜੇ।
ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ
ਉਨ੍ਹਾਂ ਦੱਸਿਆ ਕਿ ਲੋਹੰਡ ਗੇਟਾਂ ਤੋਂ ਅਤੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਸਤਲੁਜ ਦਰਿਆ ਨੂੰ ਬੰਦ ਕੀਤਾ ਹੋਇਆ ਹੋਣ ਕਰ ਕੇ ਇਸ ਸੁੱਕੇ ਦਰਿਆ ਵਿਚੋਂ ਲੋਹੰਡ ਗੇਟਾਂ ਦੇ ਨਜ਼ਦੀਕ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਕਰੀਬ 45 ਸਾਲ, ਸਿਰੋਂ ਮੋਨਾ, ਹਲਕੀ ਦਾੜੀ ਰੱਖੀ ਹੋਈ ਹੈ, ਉਕਤ ਵਿਅਕਤੀ ਨੇ ਹਲਕੇ ਨਸਵਾਰੀ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਜ਼ੀਨ ਦੀ ਪੈਂਟ ਪਾਈ ਹੋਈ ਹੈ ਜਦਕਿ ਔਰਤ ਦੀ ਲਾਸ਼ ਇਸ ਤੋਂ ਥੋੜ੍ਹਾ ਅੱਗੇ ਜਾ ਕੇ ਰੇਲਵੇ ਪੁਲ ਦੇ ਨਜ਼ਦੀਕ ਲੋਹੰਡ ਦਰਿਆ ਦੇ ਪੱਥਰਾਂ ਵਿਚ ਫਸੀ ਹੋਈ ਮਿਲੀ ਹੈ। ਔਰਤ ਦੀ ਉਮਰ ਕਰੀਬ 50-55 ਸਾਲ ਹੈ, ਜਿਸ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਹਨ।
ਥਾਣਾ ਮੁਖੀ ਨੇ ਦਸਿਆ ਕਿ ਦੋਵੇਂ ਲਾਸ਼ਾਂ ਕਰੀਬ ਇਕ ਹਫ਼ਤਾ ਪੁਰਾਣੀਆਂ ਜਾਪਦੀਆਂ ਹਨ, ਜੋਕਿ ਲੋਹੰਡ ਦਰਿਆ ਦਾ ਪਾਣੀ ਬੰਦ ਕੀਤਾ ਹੋਇਆ ਹੋਣ ਕਾਰਨ ਅੱਗੇ ਜਾਣ ਦੀ ਬਜਾਏ ਇਥੇ ਹੀ ਪੱਥਰਾਂ ਵਿਚ ਫਸ ਗਈਆਂ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਹੈ।
ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani