40 ਦੇ ਕਰੀਬ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ 3 ਔਰਤਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਪੁਲਸ
Wednesday, Apr 20, 2022 - 01:21 PM (IST)
 
            
            ਜਲੰਧਰ (ਰਮਨ)–ਪੰਜਾਬ ਵਿਚ 40 ਦੇ ਲਗਭਗ ਲੁੱਟਾਂ-ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੀਆਂ 3 ਚਲਾਕ ਮੈਂਬਰ ਔਰਤਾਂ ਨੂੰ ਥਾਣਾ ਬਾਰਾਦਰੀ ਦੀ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ। ਤਿੰਨਾਂ ਔਰਤਾਂ ਨੇ ਕਾਂਗਰਸ ਭਵਨ ਨੇੜੇ ਬਜ਼ੁਰਗ ਔਰਤ ਨੂੰ ਵਰਗਲਾ ਕੇ ਕਾਰ ਵਿਚ ਬਿਠਾਉਣ ਤੋਂ ਬਾਅਦ ਉਸ ਦੇ ਗਹਿਣੇ ਲੁੱਟ ਲਏ ਸਨ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਇਸ ਮਾਮਲੇ ਵਿਚ 3 ਚਲਾਕ ਔਰਤਾਂ ਨੂੰ ਲੁਧਿਆਣਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ ਪੁਲਸ ਨੇ ਅਦਾਲਤ ਤੋਂ ਤਿੰਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਗ੍ਰਿਫ਼ਤਾਰ ਔਰਤਾਂ ਦੀ ਪਛਾਣ ਜੋਤੀ ਪਤਨੀ ਜੀਤ ਨਿਵਾਸੀ ਜ਼ਿਲ੍ਹਾ ਸੰਗਰੂਰ, ਗੰਗਾ ਪਤਨੀ ਗੋਲਾ ਅਤੇ ਰਜਨੀ ਪਤਨੀ ਸੇਮੀ ਨਿਵਾਸੀ ਪਟਿਆਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ
ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਔਰਤਾਂ ਸੁਖਚੈਨ ਸਿੰਘ ਨਾਂ ਦੇ ਵਿਅਕਤੀ ਦੀ ਕਾਰ ਕਿਰਾਏ ’ਤੇ ਲੈਂਦੀਆਂ ਸਨ। ਵਾਰਦਾਤ ਤੋਂ ਬਾਅਦ ਉਹ ਲੁੱਟੀ ਰਕਮ ਦਾ ਹਿੱਸਾ ਉਸ ਨੂੰ ਪਹੁੰਚਾਉਂਦੀਆਂ ਸਨ। ਸੁਖਚੈਨ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਜਾਂਚ ਵਿਚ ਸ਼ਾਮਲ ਕਰਕੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨਾਂ ਗ੍ਰਿਫ਼ਤਾਰ ਔਰਤਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ 40 ਦੇ ਲਗਭਗ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਵਿਚੋਂ 7 ਵਾਰਦਾਤਾਂ ਜਲੰਧਰ ਵਿਚ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 4 ਸਤੰਬਰ 2021 ਨੂੰ ਕਾਂਗਰਸ ਭਵਨ ਨੇੜੇ ਇਕ ਬਜ਼ੁਰਗ ਔਰਤ ਨੂੰ ਉਕਤ ਤਿੰਨੋਂ ਔਰਤਾਂ ਕਾਰ ਵਿਚ ਜ਼ਬਰਦਸਤੀ ਬਿਠਾ ਕੇ ਬੇਹੋਸ਼ ਕਰਕੇ ਲੈ ਗਈਆਂ ਸਨ। ਗਹਿਣੇ ਲੁੱਟਣ ਤੋਂ ਬਾਅਦ ਪੀੜਤ ਔਰਤ ਨੂੰ ਉਨ੍ਹਾਂ ਕੁਝ ਦੂਰੀ ’ਤੇ ਜਾ ਕੇ ਕਾਰ ਵਿਚੋਂ ਸੁੱਟ ਦਿੱਤਾ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਜਦੋਂ ਉਕਤ ਤਿੰਨਾਂ ਔਰਤਾਂ ਕੋਲ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਤਿੰਨੋਂ ਪਹਿਲਾਂ ਤੋਂ ਹੀ ਜੇਲ੍ਹ ਵਿਚ ਬੰਦ ਹਨ। ਪੁਲਸ ਪਾਰਟੀ ਤਿੰਨਾਂ ਔਰਤਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ। ਰਿਮਾਂਡ ਦੌਰਾਨ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            