ਕਾਰ ਸਵਾਰ ਵਿਅਕਤੀ ਨੂੰ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ
Tuesday, Mar 18, 2025 - 05:39 PM (IST)

ਨੂਰਪੁਰਬੇਦੀ (ਭੰਡਾਰੀ) : ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੱਲੋਂ ਸਮਾਜਿਕ ਕਾਰਜਾਂ ’ਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੇਰ ਸ਼ਾਮ ਸਥਾਨਕ ਪੁਲਸ ਨੇ ਇਕ ਕਾਰ ਸਵਾਰ ਵਿਅਕਤੀ ਨੂੰ ਗਸ਼ਤ ਦੌਰਾਨ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਰ ਸ਼ਾਮ ਵੱਖ-ਵੱਖ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਏ.ਐੱਸ.ਆਈ. ਮਲਕੀਤ ਸਿੰਘ ’ਤੇ ਆਧਾਰਤ ਪੁਲਸ ਪਾਰਟੀ ਰਾਤ ਕਰੀਬ 8.40 ਵਜੇ ਟੀ-ਪੁਆਇੰਟ ਰੌਲੀ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਚਿੱਟੇ ਰੰਗ ਦੀ ਕਾਰ ਜਿਸ ਵਿਚ ਵਿਅਕਤੀ ਸਵਾਰ ਸੀ ਨੂੰ ਕਾਬੂ ਕਰਕੇ ਉਸ ਤੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਕਾਬੂ ਕੀਤੇ ਗਏ ਦੋਸ਼ੀ ਜਿਸਦੀ ਪਛਾਣ ਵਿਜੇ ਕੁਮਾਰ ਪੁੱਤਰ ਸ਼ੰਕਰ ਲਾਲ ਨਿਵਾਸੀ ਪਿੰਡ ਰੌਲੀ ਨੇ ਦੱਸਿਆ ਕਿ ਉਸਨੇ ਉਕਤ ਨਸ਼ੀਲੀਆਂ ਗੋਲੀਆਂ ਯਸ਼ਪਾਲ ਕੁਮਾਰ ਉਰਫ ਨੰਨੂ ਜੇ.ਈ. ਪੁੱਤਰ ਰਾਮ ਸਰੂਪ ਨਿਵਾਸੀ ਪਿੰਡ ਤਖਤਗੜ੍ਹ ਤੋਂ ਖਰੀਦੀਆਂ ਸਨ। ਥਾਣਾ ਮੁਖੀ ਨੇ ਦੱਸਿਆ ਕਿ ਯਸ਼ਪਾਲ ਕੁਮਾਰ ਉਰਫ ਨੰਨੂ ਜੋ ਪਹਿਲਾਂ ਹੀ ਇਕ ਐੱਨ.ਡੀ.ਪੀ.ਐੱਸ. ਦੇ ਮਾਮਲੇ ’ਚ ਨਾਮਜ਼ਦ ਹੈ ਨੂੰ ਵੀ ਦੇਰ ਸ਼ਾਮ 9 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤੇ ਗਏ ਵਿਜੇ ਕੁਮਾਰ ਪੁੱਤਰ ਸ਼ੰਕਰ ਲਾਲ ਨਿਵਾਸੀ ਪਿੰਡ ਰੌਲੀ ਦੇ ਖਿਲਾਫ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਉਕਤ ਵੱਖ-ਵੱਖ ਮਾਮਲਿਆਂ ’ਚ ਕਾਬੂ ਕੀਤੇ ਗਏ ਦੋਵੇਂ ਦੋਸ਼ੀਆਂ ਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜ਼ਿਲ੍ਹਾ ਜੇਲ ਰੂਪਨਗਰ ਵਿਖੇ ਭੇਜਣ ਦਾ ਹੁਕਮ ਦਿੱਤਾ।