ਫੋਟੋਗ੍ਰਾਫਰ ਯੂਨੀਅਨ ਵਲੋਂ ਗੋਲੀਆਂ ਚਲਾਉਣ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
Friday, Nov 16, 2018 - 04:44 AM (IST)

ਸੁਲਤਾਨਪੁਰ ਲੋਧੀ, (ਸੋਢੀ)- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਦੀ ਪ੍ਰਧਾਨਗੀ ਹੇਠ ਹੋਈ , ਜਿਸ ’ਚ ਸਮੂਹ ਫੋਟੋਗ੍ਰਾਫਰਾਂ ਨੇ ਹਿੱਸਾ ਲਿਆ। ਮੀਟਿੰਗ ’ਚ ਬੀਤੇ ਦਿਨੀਂ ਫੋਟੋਗ੍ਰਾਫਰ ਰਾਜਬੀਰ ਸਿੰਘ (ਰਾਜਾ ਸਟੂਡੀਓ) ਪਿੰਡ ਚੂਹਡ਼ਪੁਰ ਵਿਖੇ ਅਣਪਛਾਤੇ ਗੁੰਡਿਆਂ ਵਲੋਂ ਕਾਤਲਾਨਾ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਫੋਟੋਗ੍ਰਾਫਰ ਦੀ ਦੁਕਾਨ ਅੰਦਰ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਨੂਰੋਵਾਲ ਨੇ ਦੱਸਿਆ ਕਿ ਤਕਰੀਬਨ 10 ਦਿਨ ਪਹਿਲਾਂ ਸ਼ਾਮ ਦੇ 7 ਵਜੇ ਦੋ ਅਣਪਛਾਤੇ ਗੈਂਗਸਟਰ ਰਾਜਾ ਸਟੂਡੀਓ ਪਿੰਡ ਚੂਹਡ਼ਪੁਰ ਵਿਖੇ ਇਕ ਮੋਟਰਸਾਈਕਲ ’ਤੇ ਆਏ ਤੇ ਰਾਜਾ ਸਟੂਡੀਓ ਦੇ ਮਾਲਕ ਰਾਜਬੀਰ ਸਿੰਘ ’ਤੇ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਗੋਲੀ ਕਾਂਡ ਵਿਚ ਭਾਵੇਂ ਰਾਜਬੀਰ ਸਿੰਘ ਵਾਲ-ਵਾਲ ਬਚ ਗਏ ਪਰ ਹਾਲੇ ਤਕ ਉਸ ’ਤੇ ਕਾਤਾਲਾਨਾ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਫੋਟੋਗ੍ਰਾਫਰ ਦਾ ਪਰਿਵਾਰ ਕਾਫੀ ਸਹਿਮਿਆਂ ਹੋਇਆ ਹੈ । ਇਸ ਮੌਕੇ ਗੁੰਡੇ ਜਾਂਦੇ ਹੋਏ ਫੋਟੋਗ੍ਰਾਫਰ ਦਾ ਕੀਮਤੀ ਮੋਬਾਇਲ ਵੀ ਲੈ ਗਏ।
ਉਨ੍ਹਾਂ ਦੱਸਿਆ ਕਿ ਰਾਜਾ ਸਟੂਡੀਓ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਹੋਈ ਰਿਕਾਰਡਿੰਗ ਵਿਚ ਦੋਨਾਂ ਮੁਲਜ਼ਮਾਂ ਦੇ ਚਿਹਰੇ ਸਾਫ ਤੌਰ ’ਤੇ ਦਿਖਾਈ ਦੇ ਰਹੇ ਹਨ। ਇਸ ਮੌਕੇ ਯੂਨੀਅਨ ਵਲੋਂ ਪੁਲਸ ਅਧਿਕਾਰੀਆਂ ਨੂੰ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਭੇਜਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਕੁਲਵੰਤ ਸਿੰਘ ਪ੍ਰਧਾਨ, ਤਰਸੇਮ ਸਿੰਘ ਥਿੰਦ ਸੈਕਟਰੀ, ਹਰਬੰਸ ਸਿੰਘ ਸੰਗਰ, ਜਰਨੈਲ ਸਿੰਘ ਖਿੰਡਾ, ਜਤਿੰਦਰਪਾਲ ਸਿੰਘ ਰਿੱਕੀ, ਗੁਰਮੇਲ ਸਿੰਘ ਥਿੰਦ, ਕਰਮਜੀਤ ਸਿੰਘ, ਰਾਜਬੀਰ ਸਿੰਘ ਰਾਜਾ, ਅਮਨਦੀਪ ਸਿੰਘ, ਜਸਵੀਰ ਸਿੰਘ ਮੱਲੀ, ਨਿਰਮਲ ਸਿੰਘ, ਕਾਲਾ ਸਿੰਘ ਸਰਪੰਚ ਚੂਹਡ਼ਪੁਰ, ਸਤਨਾਮ ਸਿੰਘ ਚੂਹਡ਼ਪੁਰ, ਸੰਦੀਪ ਸਿੰਘ ਸੰਨੀ ਤੇ ਹੋਰ ਹਾਜ਼ਰ ਸਨ।