ਫਗਵਾੜਾ ਨਗਰ ਨਿਗਮ ਚੋਣਾਂ ਇਕ ਵਾਰ ਫਿਰ ਕਾਨੂੰਨੀ ਲੜਾਈ ''ਚ ਫਸੀਆਂ, ਮਾਮਲਾ ਹਾਈਕੋਰਟ ਪੁੱਜਾ
Saturday, Jul 29, 2023 - 11:46 AM (IST)

ਫਗਵਾੜਾ (ਜਲੋਟਾ)- ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਇਕ ਵਾਰ ਫਿਰ ਕਾਨੂੰਨੀ ਲੜਾਈ ਵਿਚ ਫਸ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਫਗਵਾੜਾ ਅਤੇ ਨਗਰ ਨਿਗਮ ਫਗਵਾੜਾ ਨਾਲ ਸਬੰਧਤ ਮਾਮਲੇ ਮਾਣਯੋਗ ਹਾਈਕੋਰਟ ਵਿਚ ਪਹੁੰਚਦੇ ਰਹੇ ਹਨ। ਜਾਣਕਾਰੀ ਮੁਤਾਬਕ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਨਗਰ ਨਿਗਮ ਫਗਵਾੜਾ ਵੱਲੋਂ ਨਿਗਮ ਚੋਣਾਂ ਸਬੰਧੀ ਪ੍ਰਸਤਾਵਿਤ ਨਵੀਂ ਵਾਰਡਬੰਦੀ ਬਾਰੇ ਗੰਭੀਰ ਦੋਸ਼ ਲਗਾਉਂਦੇ ਹੋਏ ਇਹ ਸਾਰਾ ਮਾਮਲਾ ਮਾਣਯੋਗ ਹਾਈਕੋਰਟ ਦੇ ਧਿਆਨ ਵਿੱਚ ਲਿਆਂਦਾ ਹੈ। ਇਸ 'ਤੇ ਕਾਰਵਾਈ ਕਰਦਿਆਂ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 29 ਅਗਸਤ ਨੂੰ ਤੈਅ ਕੀਤੀ ਹੈ। ਇਸ ਦੇ ਨਾਲ ਹੀ ਮਾਣਯੋਗ ਹਾਈਕੋਰਟ ਨੇ ਹੱਦਬੰਦੀ ਪ੍ਰਕਿਰਿਆ (ਡੀਲਿਮੀਟੇਸ਼ਨ) ਦੀ ਕਾਰਵਾਈ ਦਾ ਸਾਰਾ ਰਿਕਾਰਡ 29 ਅਗਸਤ ਨੂੰ ਅਦਾਲਤ ਵਿਚ ਸਰਕਾਰੀ ਪੱਧਰ 'ਤੇ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਅਜਿਹੇ 'ਚ ਜਦੋਂ ਤੱਕ ਇਹ ਮਾਮਲਾ ਮਾਣਯੋਗ ਹਾਈਕੋਰਟ 'ਚ ਵਿਚਾਰ ਅਧੀਨ ਹੈ ਅਤੇ ਇਸ 'ਤੇ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਕਾਨੂੰਨੀ ਮਾਹਿਰਾਂ ਦਾ ਤਰਕ ਹੈ ਕਿ ਪ੍ਰਸਤਾਵਿਤ ਨਵੀਂ ਵਾਰਡਬੰਦੀ ਤਹਿਤ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਕਰਵਾਉਣਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ- ਨੰਗਲ 'ਚ ਵਾਪਰੇ ਦਰਦਨਾਕ ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, 12ਵੀਂ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ, ਭੈਣ ਜ਼ਖ਼ਮੀ
ਨਵੀਂ ਵਾਰਡਬੰਦੀ ਨੂੰ ਲੈ ਕੇ ਜੋ ਕੁਝ ਵੀ ਵਾਪਰਿਆ ਹੈ, ਉਹ ਕਾਨੂੰਨੀ ਤੌਰ 'ਤੇ ਗਲਤ ਰਿਹਾ ਹੈ: ਵਿਧਾਇਕ ਧਾਲੀਵਾਲ
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਹ ਸਾਰਾ ਮਾਮਲਾ ਮਾਣਯੋਗ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਹੈ। ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਨਗਰ ਨਿਗਮ ਵਿੱਚ ਕੁਝ ਸਰਕਾਰੀ ਅਧਿਕਾਰੀ ਲੋਕ ਹਿੱਤਾਂ ਨੂੰ ਦਬ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ, ਉਹ ਲੋਕਤੰਤਰ ਲਈ ਬਹੁਤ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਫਗਵਾੜਾ ਵਿਚ ਲੋਕਾਂ ਚ ਬਣਿਆ ਹੋਇਆ ਪਿਆਰ, ਆਪਸੀ ਏਕਤਾ ਅਤੇ ਭਾਈਚਾਰਾ ਖਰਾਬ ਹੋ ਜਾਵੇ। ਧਾਲੀਵਾਲ ਨੇ ਕਿਹਾ ਕਿ ਸਾਰਾ ਫਗਵਾੜਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਮਾਣਯੋਗ ਹਾਈਕੋਰਟ ਦੇ ਧਿਆਨ ਵਿੱਚ ਲਿਆ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਅਤੇ ਬਤੌਰ ਮੁੱਖੀ ਆਪਣਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਵੋਟਾਂ ਬਹੁਤ ਜ਼ਰੂਰੀ ਹਨ ਪਰ ਉਹ ਵੋਟਾਂ ਦੀ ਖਾਤਰ ਆਪਸੀ ਭਾਈਚਾਰੇ, ਪਿਆਰ, ਸਦਭਾਵਨਾ ਅਤੇ ਏਕਤਾ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਨਹੀਂ ਵੇਖ ਸਕਦੇ ਹਨ। ਧਾਲੀਵਾਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਸਰੀਰ 0ਚ ਖੂਨ ਦੀ ਆਖਰੀ ਬੂੰਦ ਹੈ, ਉਹ ਕਿਸੇ ਨੂੰ ਵੀ ਫਗਵਾੜਾ 'ਚ ਭਾਈਚਾਰਕ ਸਾਂਝ ਤੇ ਏਕਤਾ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਉਸ ਨੂੰ ਇਸ ਲਈ ਆਪਣਾ ਸਭ ਕੁਝ ਜੋਖ਼ਮ 'ਚ ਪਾਉਣਾ ਪਵੇ। ਉਨ੍ਹਾਂ ਕਿਹਾ ਕਿ ਉਹ ਫਗਵਾੜਾ ਦੇ ਲੋਕਾਂ ਦੀ ਸੇਵਾ 24 ਘੰਟੇ ਇਕ ਸੇਵਾਦਾਰ ਵਜੋਂ ਕਰਦੇ ਰਹਿਣਗੇ ਅਤੇ ਜੇਕਰ ਕਿਤੇ ਵੀ ਕੁਝ ਗਲਤ ਹੋਇਆ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ
ਵਿਧਾਇਕ ਧਾਲੀਵਾਲ ਨੇ ਰਾਜਨੀਤਿਕ ਸਮੀਕਰਨ ਨੂੰ ਬਦਲਣ ਲਈ ਚਲ ਤਾਂ ਵੱਡਾ ਤੀਰ
ਵਿਧਾਇਕ ਧਾਲੀਵਾਲ ਵੱਲੋਂ ਜੋ ਵੱਡੀ ਪਹਿਲ ਕੀਤੀ ਗਈ ਹੈ ਉਸ ਨੂੰ ਲੈਕੇ ਸਿਆਸਤ ਦੇ ਖਿਡਾਰੀਆ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਅਹਿਮ ਰਹਿਣ ਵਾਲਾ ਹੈ। ਭਵਿੱਖ ਦੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਇਸ ਦਾ ਲਾਭ ਮਿਲਦਾ ਹੈ ਜਾਂ ਫਿਰ ਭਾਜਪਾ, ਆਪ, ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਆਦਿ ਨੂੰ ਇਸ ਦਾ ਲਾਭ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਪਰ ਮਾਹਿਰਾਂ ਦੀ ਰਾਏ ਚ ਇਸ ਸਭ ਦੇ ਪਿਛੇ ਵਿਧਾਇਕ ਧਾਲੀਵਾਲ ਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਨਯਨ ਜੱਸਲ ਦਰਮਿਆਨ ਕੁਝ ਦਿਨ ਪਹਿਲਾਂ ਹੋਏ ਵਿਵਾਦ ਦਾ ਪਿਛੋਕੜ ਜ਼ਰੂਰ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਧਾਲੀਵਾਲ ਵਲੋਂ ਕਈ ਦਿਨਾਂ ਤੱਕ ਨਿਗਮ ਦੇ ਵਿਹੜੇ ਵਿਚ ਨਗਰ ਨਿਗਮ ਕਮਿਸ਼ਨਰ ਡਾ. ਜੱਸਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਨ੍ਹਾਂ ਤੇ ਗੰਭੀਰ ਦੋਸ਼ ਲਗਾਏ ਗਏ ਸਨ ।
ਉਦੋਂ ਜੋ ਸਿਆਸੀ ਘਟਨਾਕ੍ਰਮ ਹੋਇਆ, ਉਸ ਵਿਚ ਭਾਜਪਾ ਦੇ ਕਈ ਵੱਡੇ ਸਿਆਸਤਦਾਨਾਂ ਨੇ ਵੀ ਖੁੱਲ ਕੇ ਵਿਧਾਇਕ ਧਾਲੀਵਾਲ ਦਾ ਸਮਰਥਨ ਕਰਦੇ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਕਈ ਦਾਅਵੇ ਕੀਤੇ ਸਨ। ਇਨਾਂ ਨੇ ਤੱਦ ਨਗਰ ਨਿਗਮ ਕਮਿਸ਼ਨਰ 'ਤੇ ਵੀ ਕਈ ਤਰਾਂ ਦੇ ਗੰਭੀਰ ਦੋਸ਼ ਲਗਾਏ ਸਨ। ਭਾਵੇਂ ਇਹ ਵਿਵਾਦ ਆਪਸੀ ਮੇਲ-ਮਿਲਾਪ ਨਾਲ ਤੱਦ ਪੂਰੇ ਮਾਮਲੇ ਨੂੰ ਖ਼ਤਮ ਕਰਕੇ ਸੁਲਝਾ ਲਿਆ ਗਿਆ ਸੀ ਪਰ ਮਾਹਰਾਂ ਦਾ ਤਰਕ ਹੈ ਕਿ ਹੁਣ ਜੋ ਵੇਖਣ ਨੂੰ ਮਿਲ ਰਿਹਾ ਹੈ ਇਹ ਸਭ ਇਸੇ ਦਾ ਦੂਜਾ ਹਿੱਸਾ ਹੈ? ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਵਿਧਾਇਕ ਧਾਲੀਵਾਲ ਨੇ ਇਹ ਤੀਰ ਚਲਾਇਆ ਹੈ ਪਰ ਇਸ ਤੋਂ ਬਾਅਦ ਜੋ ਹੋਣ ਵਾਲਾ ਹੈ, ਉਹ ਵੀ ਬਹੁਤ ਦਿਲਚਸਪ ਹੋਵੇਗਾ?
ਇਹ ਵੀ ਪੜ੍ਹੋ- ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ