ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ
Sunday, Jun 02, 2019 - 11:52 AM (IST)
ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਏਅਰਗੰਨ ਦੀ ਨੋਕ 'ਤੇ ਪੈਟਰੋਲ ਪੰਪ ਲੁੱਟਣ ਦੀ ਅਸਫਲ ਕੋਸ਼ਿਸ਼ ਕਰਨ ਵਾਲੇ 2 ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਤੀਜੇ ਦੀ ਤਲਾਸ਼ 'ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਐੱਸ. ਐੱਸ. ਪੀ. ਅਲਕਾ ਮੀਨਾ ਵੱਲੋਂ ਉਨ੍ਹਾਂ ਦੀ ਅਗਵਾਈ 'ਚ ਪੁਲਸ ਟੀਮ ਦਾ ਗਠਨ ਕੀਤਾ ਗਿਆ ਸੀ। ਪੁਲਸ ਨੇ ਲੁਟੇਰਿਆਂ ਵੱਲੋਂ ਮੌਕੇ 'ਤੇ ਛੱਡੇ ਗਏ ਮੋਟਰਸਾਈਕਲ ਅਤੇ ਏਅਰਗੰਨ ਦੇ ਆਧਾਰ 'ਤੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ 'ਚੋਂ 2 ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਥੇ ਦੱਸਣਯੋਗ ਹੈ ਕਿ 30 ਮਈ ਨੂੰ ਰਾਤ ਕਰੀਬ ਸਾਢੇ 10 ਵਜੇ ਚੰਡੀਗੜ੍ਹ ਰੋਡ 'ਤੇ ਸਥਿਤ ਐਸਰ ਪੈਟਰੋਲ ਪੰਪ 'ਤੇ ਨਵਾਂਸ਼ਹਿਰ ਵੱਲੋਂ ਇਕ ਮੋਟਰਸਾਈਕਲ 'ਤੇ ਸਵਾਰ ਆਏ 3 ਨੌਜਵਾਨਾਂ ਨੇ ਸੇਲਜ਼ਮੈਨ ਦੀ ਗਰਦਨ 'ਤੇ ਏਅਰਗੰਨ ਰੱਖ ਕੇ ਪੂਰਾ ਕੈਸ਼ ਉਸ ਦੇ ਹਵਾਲੇ ਕਰਨ ਦੇ ਲਈ ਕਿਹਾ। ਪਰ ਸੇਲਜ਼ਮੈਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਲੁਟੇਰੇ ਨੌਜਵਾਨ ਤੋਂ ਪਿਸਤੌਲ ਖੋਹ ਲਈ। ਰੌਲਾ ਪਾਉਣ 'ਤੇ ਦੂਜਾ ਸੇਲਜ਼ਮੈਨ ਵੀ ਜਦ ਤੱਕ ਬਾਹਰ ਆਇਆ ਤਾਂ ਤਿੰਨੋਂ ਲੁਟੇਰੇ ਆਪਣਾ ਮੋਟਰਸਾਈਕਲ ਅਤੇ ਪਿਸਟਲ ਛੱਡਕੇ ਭੱਜ ਗਏ ਸਨ।
ਡੀ. ਐੱਸ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਮੋਟਰਸਾਈਕਲ ਦੇ ਡਾਕੂਮੈਂਟਾਂ ਦੇ ਆਧਾਰ 'ਤੇ ਮਾਲਕ ਦਾ ਪਤਾ ਲੱਗਣ ਉਪਰੰਤ ਪੁਲਸ ਨੇ ਕਾਰਵਾਈ ਨੂੰ ਅੱਗੇ ਵਧਾਇਆ। ਜਿਸ ਦੇ ਸਦਕਾ ਮੁਲਜ਼ਮਾਂ ਦੀ ਪਛਾਣ ਸੰਭਵ ਹੋਈ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਰਣਜੀਤ ਕੁਮਾਰ ਉਰਫ ਰਾਣਾ ਪੁੱਤਰ ਸਰਵਣ ਰਾਮ ਵਾਸੀ ਪਿੰਡ ਬੈਰਸੀਆਂ ਅਤੇ ਮਨਦੀਪ ਕੁਮਾਰ ਉਰਫ ਮੰਗੀ ਪੁੱਤਰ ਆਤਮਾ ਰਾਮ ਵਾਸੀ ਸਲੋਹ ਦੇ ਤੌਰ 'ਤੇ ਹੋਈ ਹੈ, ਜਦੋਂਕਿ ਪੁਲਸ ਦੀ ਗ੍ਰਿਫਤ ਤੋਂ ਬਾਹਰ ਤੀਜੇ ਨੌਜਵਾਨ ਦੀ ਪਛਾਣ ਵੀ ਕਰ ਲਈ ਗਈ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਰਣਜੀਤ ਨੇ 1500 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਨਵਾਂ ਮੋਟਰਸਾਈਕਲ ਖਰੀਦਿਆ ਸੀ, ਜਿਸ ਦੀ 3 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇਣ ਦੇ ਲਈ ਉਸ ਨੇ 2 ਹੋਰਨਾਂ ਸਾਥਿਆਂ ਤੋਂ ਮਦਦ ਮੰਗੀ ਸੀ ਅਤੇ ਕਿਸ਼ਤ ਦੇ ਭੁਗਤਾਨ ਲਈ ਹੀ ਪੈਟਰੋਲ ਪੰਪ 'ਤੇ ਲੁੱਟ ਦੀ ਯੋਜਨਾ ਤਿਆਰ ਕੀਤੀ ਸੀ।
ਅਦਾਲਤ 'ਚ ਪੇਸ਼ ਕਰਕੇ ਲਿਆ 2 ਦਿਨ ਦੀ ਪੁਲਸ ਰਿਮਾਂਡ 'ਤੇ
ਡੀ. ਐੱਸ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਦੋਵਾਂ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦੀ ਪੁਲਸ ਰਿਮਾਂਡ 'ਤੇ ਲਿਆ ਗਿਆ। ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਐੱਚ. ਓ. ਇੰਸਪੈਕਟਰ ਤੋਂ ਇਲਾਵਾ ਐੱਸ. ਆਈ. ਮਹਿੰਦਰ ਸਿੰਘ ਆਦਿ ਮੌਜੂਦ ਸਨ।