ਖਰਾਬ ਮੌਸਮ ਕਾਰਨ 4 ਵਾਹਨਾਂ ਦੀ ਹੋਈ ਟੱਕਰ, ਇਕ ਦੀ ਮੌਤ
12/26/2019 6:56:33 PM
ਬਲਾਚੌਰ, (ਅਸ਼ਵਨੀ)— ਜਲੰਧਰ-ਚੰਡੀਗੜ੍ਹ ਬਾਈਪਾਸ ਹਾਈਵੇ 'ਤੇ ਬੀ.ਕੇ.ਐੱਮ. ਕਾਲਜ ਦੇ ਸਾਹਮਣੇ ਬੁੱਧਵਾਰ ਦੇਰ ਰਾਤ ਨੂੰ ਮੌਸਮ ਦੀ ਖਰਾਬੀ ਕਰ ਕੇ 4 ਵਾਹਨ ਆਪਸ 'ਚ ਟਕਰਾਅ ਗਏ। ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ।
ਥਾਣਾ ਸਿਟੀ ਬਲਾਚੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਲੂਆਂ ਦੀਆਂ ਬੋਰੀਆਂ ਨਾਲ ਲੱਦਿਆ ਇਕ ਕੈਂਟਰ ਜੋ ਹੁਸ਼ਿਆਰਪੁਰ ਤੋਂ ਦਿੱਲੀ ਜਾ ਰਿਹਾ ਸੀ। ਬੀ.ਕੇ.ਐੱਮ. ਕਾਲਜ ਨੇੜੇ ਪੁੱਜਣ 'ਤੇ ਉਹ ਬਣ ਰਹੀ ਸਰਵਿਸ ਰੋਡ ਤੋਂ ਜਦੋਂ ਮੇਨ ਰੋਡ 'ਤੇ ਚੜ੍ਹਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਫੋਰ ਵਹੀਲਰ (ਛੋਟੇ ਹਾਥੀ) ਨਾਲ ਟਕਰਾਅ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ ਚਕਨਾਚੂਰ ਹੋ ਗਿਆ ਅਤੇ ਕੈਂਟਰ ਸੜਕ ਤੋਂ ਕੱਚੇ ਆ ਗਿਆ। ਛੋਟੇ ਹਾਥੀ ਦੇ ਡਰਾਈਵਰ ਪਵਨ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਕ੍ਰਿਸ਼ਨ ਨਗਰ ਜਲੰਧਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵੇਲੇ ਦੋਵਾਂ ਵਾਹਨਾਂ ਦੇ ਪਿੱਛੇ ਆ ਰਹੀਆਂ 2 ਕਾਰਾਂ ਵੀ ਉਨ੍ਹਾਂ ਨਾਲ ਟਕਰਾਅ ਗਈਆਂ। ਈਟੌਸ ਕਾਰ ਦਾ ਡਰਾਈਵਰ ਬਿਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗਾਗਰਵਾਲ ਸ੍ਰੀ ਅੰਮ੍ਰਿਤਸਰ ਜ਼ਖਮੀ ਹੋ ਗਿਆ। ਦੂਜੀ ਕਾਰ ਵੈਂਟੋ ਦੇ ਚਾਲਕ ਭੁਪਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਰਾਮਾ ਮੰਡੀ ਜਲੰਧਰ ਨੂੰ ਮਾਮੂਲੀ ਸੱਟਾਂ ਵੱਜੀਆਂ। ਦੋਵੇਂ ਕਾਰਾਂ ਕਾਫੀ ਨੁਕਸਾਨੀਆਂ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਬਲਾਚੌਰ ਘਟਨਾ ਵਾਲੀ ਤਾਂ ਪੁੱਜੀ ਅਤੇ ਜ਼ਖਮੀਆਂ ਨੂੰ ਬਲਾਚੌਰ ਹਸਪਤਾਲ ਪਹੁੰਚਾਇਆ। ਪਵਨ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਲਾਚੌਰ ਹਸਪਤਾਲ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।