ਇਤਿਹਾਸਕ ਯਾਦਗਾਰਾਂ ਨੂੰ ਬਚਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

10/20/2018 12:27:11 AM

ਰੂਪਨਗਰ, (ਵਿਜੇ)- ਵੱਖ-ਵੱਖ ਜਥੇਬੰਦੀਆਂ ਵੱਲੋਂ ਕੋਟਲਾ ਨਿਹੰਗ ਵਿਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਯਾਦਗਾਰਾਂ ਨੂੰ ਬਚਾਉਣ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਦਫਤਰ ਨੇਡ਼ੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਬੇਲਾ ਚੌਕ ’ਚ ਇਕੱਤਰ ਹੋਏ ਜਿਸ ਤੋਂ ਬਾਅਦ ਸ਼ਹਿਰ ’ਚ ਰੋਸ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਦਫਤਰ ਨੇਡ਼ੇ ਧਰਨਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਵੀਰ ਰੰਧਾਵਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵਡ਼ੈਚ ਆਦਿ ਨੇ ਕਿਹਾ ਕਿ ਪਿੰਡ ਕੋਟਲਾ ਨਿਹੰਗ ਵਿਖੇ ਇਤਿਹਾਸਕ ਕਿਲੇ ਵਾਲਾ ਅਸਥਾਨ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਦੇ ਨਾਲ-ਨਾਲ ਇਹ ਪੰਜ ਗੁਰੂ ਸਾਹਿਬਾਨ ਦਾ ਚਰਨ ਛੋਹ ਅਸਥਾਨ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਕਿਲੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਨਿਹੰਗ ਖਾਂ ਦੀ ਕਬਰ ਉੱਪਰ ਭੂ ਮਾਫੀਆ ਨੇ ਕਬਜ਼ਾ ਕੀਤਾ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਨਿਹੰਗ ਖਾਂ ਨਾਲ ਜੁਡ਼ੀਆਂ ਯਾਦਗਾਰਾਂ ਨੂੰ ਸੰਭਾਲਿਆ ਜਾਵੇ ਅਤੇ ਉੱਥੇ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਈ ਜਾਵੇ। ਯਾਦਗਾਰਾਂ ਉੱਪਰ ਕਬਜ਼ਾ ਕਰਨ ਵਾਲੇ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ। ਇਸ ਦੇ ਸਬੰਧ ’ਚ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜੋ ਐੱਸ.ਡੀ.ਐੱਮ. ਰੂਪਨਗਰ ਵੱਲੋਂ ਲਿਆ ਗਿਆ। ਜਿਸ ’ਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਕ ਕਮੇਟੀ ਬਣਾ ਕੇ ਉਕਤ ਅਸਥਾਨ ਦੀ ਪੈਮਾਇਸ਼ ਕਰਵਾਈ ਜਾਵੇਗੀ।
ਇਸ ਮੌਕੇ ਬਲਦੇਵ ਸਿੰਘ, ਵਿਵੇਕ, ਇੰਦਰਪ੍ਰੀਤ ਰੰਧਾਵਾ, ਦਰਸ਼ਨ ਸਿੰਘ, ਸਰਬਜੋਤ ਸਿੰਘ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ, ਦੂਨ ਨੌਜਵਾਨ ਸਭਾ ਦੇ ਆਗੂ ਮੌਜੂਦ ਸਨ।
 


Related News