ਲੋਕਾਂ ਨੇ SSP ਨਿਵਾਸ ਦੇ ਬਾਹਰ ਦੇਰ ਰਾਤ ਇਨਸਾਫ਼ ਲਈ ਦਿੱਤਾ ਧਰਨਾ, ਜਾਣੋ ਪੂਰਾ ਮਾਮਲਾ

Monday, Mar 27, 2023 - 12:26 PM (IST)

ਹੁਸ਼ਿਆਰਪੁਰ (ਰਾਕੇਸ਼)-ਪਿੰਡ ਸਲੇਰਨ ’ਚੋਂ ਚੁੱਕੇ ਇਕ ਨੌਜਵਾਨ ਖ਼ਿਲਾਫ਼ ਪੁਲਸ ਸਟੇਸ਼ਨ ਕੋਟ ਫਤੂਹੀ ਵਿਚ ਅਫੀਮ ਦਾ ਮਾਮਲਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਪਿੰਡ ਸਲੇਰਨ ਦੇ ਸਾਬਕਾ ਸਰਪੰਚ, ਨੰਬਰਦਾਰ ਅਤੇ ਪਿੰਡ ਦੇ ਹੋਰ ਲੋਕਾਂ ਵੱਲੋਂ ਐੱਸ. ਐੱਸ. ਪੀ. ਨਿਵਾਸ ਦੇ ਬਾਹਰ ਦੇਰ ਰਾਤ ਇਨਸਾਫ਼ ਲਈ ਧਰਨਾ ਦਿੱਤਾ ਗਿਆ। ਧਰਨੇ ਵਿਚ ਪਿੰਡ ਦੇ ਸਾਬਕਾ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਅਤੇ ਪਿੰਡ ਵਾਸੀਆਂ ਦੇ ਇਲਾਵਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਵਪ੍ਰੀਤ ਰੇਹਲ ਸਮੇਤ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਸਨ।

ਨਵਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇਕ ਨੌਜਵਾਨ ਗੁਰਪਾਲ ਨੂੰ ਦੋ ਸਿਵਲ ਵਰਦੀ ਅਤੇ ਇਕ ਪੁਲਸ ਦੀ ਵਰਦੀ ਵਿਚ ਆਏ ਵਿਅਕਤੀ ਖੇਤ ਵਿਚ ਕੰਮ ਕਰਦੇ ਸਮੇਂ ਚੁੱਕ ਕੇ ਲੈ ਗਏ ਸਨ। ਇਸ ਸਬੰਧੀ ਵੱਖ-ਵੱਖ ਥਾਣਿਆਂ ਤੋਂ ਜਦੋਂ ਪਤਾ ਕੀਤਾ ਗਿਆ ਤਾਂ ਕਿਸੇ ਥਾਣੇ ਨੇ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਸ ਨੂੰ ਕਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਕਿਥੇ ਲਿਜਾਇਆ ਗਿਆ ਹੈ। ਦੁਪਹਿਰ ਦੀ ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿਚ ਰੋਸ ਦੀ ਲਹਿਰ ਸੀ ਅਤੇ ਥਾਣਾ ਸਦਰ ਪੁਲਸ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ। ਪਿੰਡ ਵਾਸੀਆਂ ਅਨੁਸਾਰ ਜਦੋਂ ਉਨ੍ਹਾਂ ਜ਼ਿਲ੍ਹਾ ਪ੍ਰਮੁੱਖ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਅਣਜਾਣਤਾ ਪ੍ਰਗਟਾਈ ਸੀ। ਰਾਤ 9 ਵਜੇ ਪਤਾ ਲੱਗਾ ਕਿ ਉਕਤ ਨੌਜਵਾਨ ਖ਼ਿਲਾਫ਼ ਥਾਣਾ ਕੋਟ ਫਤੂਹੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ। ਪਿੰਡ ਵਾਸੀ ਥਾਣਾ ਸਦਰ ਦੇ ਸਾਹਮਣੇ ਸਥਿਤ ਮਾਰਕੀਟ ਵਿਚ ਧਰਨਾ ਦੇਣ ਦੀ ਬਜਾਏ ਐੱਸ. ਐੱਸ. ਪੀ. ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਸੜਕ ’ਤੇ ਬੈਠ ਗਏ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਨਿਲ ਭਨੋਟ, ਪਲਵਿੰਦਰ ਅਤੇ ਦਲਜੀਤ ਸਿੰਘ ਖੱਖ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸਮਝਾਇਆ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਉਹ ਧਰਨਾ ਚੁੱਕ ਲੈਣ।  ਐਡਵੋਕੇਟ ਬੇਦੀ ਨੇ ਲਿਖਤੀ ਰੂਪ ਵਿਚ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਵੀ ਪੁੱਜੇ ਅਤੇ ਉਨ੍ਹਾਂ ਨੇ ਵੀ ਧਰਨਾ ਚੁੱਕ ਲਏ ਜਾਣ ਨੂੰ ਲੈ ਕੇ ਅਹਿਮ ਭੂਮਿਕਾ ਨਿਭਾਈ | ਐਡਵੋਕੇਟ ਬੇਦੀ ਨੇ ਲਿਖਤ ਜਾਂਚ ਦੀ ਮੰਗ ਕਰਦੇ ਹੋਏ ਡੀ. ਐੱਸ. ਪੀ. ਭਨੋਟ ਅਤੇ ਖੱਖ ਨੂੰ ਸ਼ਿਕਾਇਤ ਪੱਤਰ ਦਿੱਤਾ ਅਤੇ ਇਕ ਪਾਸੇ ਜਾ ਕੇ ਖੜ੍ਹੇ ਹੋ ਗਏ। ਵੇਖਦੇ ਹੀ ਵੇਖਦੇ ਪੁਲਸ ਨੇ ਧਰਨਾਕਾਰੀਆਂ ਨੂੰ ਪੁਲਸ ਦੀ ਬੱਸ ਵਿਚ ਧੱਕਣਾ ਸ਼ੁਰੂ ਕਰ ਦਿੱਤਾ। ਸਮਝ ਤੋਂ ਬਾਹਰ ਹੈ ਕਿ ਜਦੋਂ ਮਾਮਲਾ ਸ਼ਾਂਤ ਹੋ ਗਿਆ ਸੀ ਤਾਂ ਪੁਲਸ ਨੂੰ ਅਜਿਹੀ ਕਿਹੜੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਜਾਂਚ ਦੀ ਮੰਗ ਕਰਨ ਵਾਲੇ ਧਰਨਾਕਾਰੀਆਂ ਨੂੰ ਕਾਬੂ ਕਰਨ ਦੀ ਨੌਬਤ ਆ ਗਈ।

ਪਿੰਡ ਦੀ ਪੰਚਾਇਤ ਦਾ ਕਹਿਣਾ ਸੀ ਕਿ ਜੇਕਰ ਨੌਜਵਾਨ ਅਪਰਾਧੀ ਨਿਕਲਿਆ ਤਾਂ ਉਹ ਉਸ ਦਾ ਪੱਖ ਨਹੀਂ ਲੈਣਗੇ ਪਰ ਜੇਕਰ ਉਹ ਬੇਕਸੂਰ ਨਿਕਲਿਆ ਤਾਂ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ’ਚ ਅਗਲਾ ਮੋੜ ਕੀ ਆਉਂਦਾ ਹੈ ਅਤੇ ਪੁਲਸ ਦੀ ਜਾਂਚ ਕਿਥੇ ਤੱਕ ਪਹੁੰਚਦੀ ਹੈ। ਦੇਰ ਰਾਤ ਪੁਲਸ ਨੇ 13 ਵਿਅਕਤੀਆਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News