PAP ਫਲਾਈਓਵਰ ਦਾ ਜਾਇਜ਼ਾ ਲੈਣ ਪੁੱਜੇ ਸੀ. ਪੀ. ਭੁੱਲਰ ਟ੍ਰੈਫਿਕ ਅਧਿਕਾਰੀਆਂ 'ਤੇ ਭੜਕੇ

10/30/2019 6:16:19 PM

ਜਲੰਧਰ (ਵਰੁਣ, ਸੋਨੂੰ)— ਕਾਫੀ ਲੰਬੇ ਸਮੇਂ ਤੋਂ ਜਲੰਧਰ ਦੇ ਪੀ. ਏ. ਪੀ. ਫਲਾਈਓਵਰ ਅਤੇ ਰਾਮਾ ਮੰਡੀ ਫਲਾਈਓਵਰ ਦਾ ਕੰਮ ਲਟਕ ਰਿਹਾ ਸੀ, ਜੋਕਿ ਹੁਣ ਖਤਮ ਹੋ ਚੁੱਕਾ ਹੈ। ਪੁਲ ਤਾਂ ਸ਼ੁਰੂ ਹੋ ਗਿਆ ਪਰ ਕੁਝ ਕਮੀਆਂ ਹੋਣ ਦੇ ਕਾਰਨ ਪੀ. ਏ. ਪੀ. ਦਾ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਸੀ, ਜਿਸ ਕਰਕੇ ਹਾਈਵੇਅ ਅਥਾਰਿਟੀ ਨੂੰ ਦੋਬਾਰਾ ਦਿਖਾ ਕੇ ਉਸ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪੀ. ਏ. ਪੀ. ਚੌਕ ਅਤੇ ਰਾਮਾ ਮੰਡੀ ਦਾ ਜਾਇਜ਼ਾ ਲੈਣ ਪਹੁੰਚੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਰੋਡ ਪਲੇਨ ਨਾ ਹੋਣ ਕਾਰਨ ਟਰੈਫਿਕ ਪੁਲਸ ਦੇ ਅਧਿਕਾਰੀਆਂ 'ਤੇ ਭੜਕ ਗਏ। ਇਸ ਦੌਰਾਨ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵੀ ਨਾਲ ਸਨ। ਸੀ. ਪੀ. ਨੇ ਨਾਲ ਖੜ੍ਹੇ ਡੀ. ਸੀ. ਪੀ. ਟਰੈਫਿਕ ਵੱਲ ਇਸ਼ਾਰਾ ਕਰਦਿਆਂ ਕਿਹਾ, ''ਮੈਂ ਤਾਂ ਸੋਚਿਆ ਸੀ ਤੁਹਾਡੇ ਪੱਲੇ ਕੁਝ ਹੈ ਪਰ ਤੁਸੀਂ ਤਾਂ ਬਿਲਕੁਲ ਨਿਕੰਮੇ ਨਿਕਲੇ।'' ਹਾਲਾਂਕਿ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਸੀ. ਪੀ. ਨੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਿਹਾ।

PunjabKesari
ਦਰਅਸਲ ਪੀ. ਏ. ਪੀ. ਦੀ ਬੰਦ ਪਈ ਸਰਵਿਸ ਨੂੰ ਪੀ. ਏ. ਪੀ. ਕੈਂਪਸ ਆਉਣ-ਜਾਣ ਵਾਲੇ ਦੋਪਹੀਆ ਵਾਹਨਾਂ ਨੂੰ ਖੋਲ੍ਹਣ, ਬੱਸਾਂ ਦੇ ਨਾਜਾਇਜ਼ ਤਰੀਕੇ ਨਾਲ ਰੁਕਣ ਦੀ ਜਗ੍ਹਾ ਕਾਰਨ ਲੱਗ ਰਹੇ ਜਾਮ ਸਮੇਤ ਰਾਮਾ ਮੰਡੀ ਚੌਕ 'ਤੇ ਜਾਇਜ਼ਾ ਲੈਣ ਲਈ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਅਤੇ ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ ਆਪਣੀ ਟੀਮ ਨਾਲ ਪੀ. ਏ. ਪੀ. ਚੌਕ ਪਹੁੰਚੇ। ਇਸ ਦੌਰਾਨ ਸੀ. ਪੀ. ਨੇ ਪੀ. ਏ. ਪੀ. ਫਲਾਈਓਵਰ ਹੇਠਾਂ ਖੜ੍ਹੇ ਹੋ ਕੇ ਸਵਾਰੀਆਂ ਲੈ ਰਹੀਆਂ ਬੱਸਾਂ ਕਾਰਨ ਜਾਮ ਲੱਗਦਾ ਦੇਖਿਆ ਤਾਂ ਟਰੈਫਿਕ ਅਧਿਕਾਰੀਆਂ ਨਾਲ ਨਾਰਾਜ਼ਗੀ ਜਤਾ ਕੇ ਬੱਸਾਂ ਨੂੰ ਰੋਕਣ ਲਈ ਪਾਬੰਦੀ ਲਗਾਉਣ ਨੂੰ ਕਿਹਾ। ਇਸ ਤੋਂ ਇਲਾਵਾ ਸਾਈਨ ਬੋਰਡ ਲਗਾਉਣ ਨੂੰ ਕਿਹਾ ਪਰ ਜਿਉਂ ਹੀ ਪਹਿਲਾਂ ਤੋਂ ਕਹੀ ਗਈ ਰੋਡ ਨੂੰ ਪਲੇਨ ਨਾ ਹੋਇਆ ਦੇਖਿਆ ਤਾਂ ਉਨ੍ਹਾਂ ਨੇ ਇਸ ਬਾਰੇ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਡੀ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਨੇ ਸੋਮਾ ਕੰਪਨੀ ਦੇ ਇੰਜੀਨੀਅਰ ਨੂੰ ਕਿਹਾ ਸੀ ਪਰ ਇਸ ਗੱਲ ਤੋਂ ਸੀ. ਪੀ. ਨੂੰ ਗੁੱਸਾ ਆ ਗਿਆ ਅਤੇ ਡੀ. ਸੀ. ਪੀ. ਵੱਲ ਇਸ਼ਾਰਾ ਕਰਦੇ ਹੋਏ ਪੂਰੀ ਟੀਮ ਨੂੰ ਨਿਕੰਮਾ ਕਹਿ ਦਿੱਤਾ। ਮੌਕੇ 'ਤੇ ਖੜ੍ਹੇ ਮੀਡੀਆ ਕਰਮਚਾਰੀਆਂ ਦੇ ਕੈਮਰਿਆਂ 'ਚ ਇਸ ਸਾਰੇ ਮਾਮਲੇ ਦੀ ਵੀਡੀਓ ਬਣ ਗਈ। ਹਾਲਾਂਕਿ ਡੀ. ਸੀ. ਪੀ. ਨਰੇਸ਼ ਡੋਗਰਾ ਦਾ ਕਹਿਣਾ ਸੀ ਕਿ ਸੀ. ਪੀ. ਨੇ ਉਨ੍ਹਾਂ ਨੂੰ ਅਜਿਹਾ ਕੁੱਝ ਨਹੀਂ ਕਿਹਾ।

PunjabKesari

ਪੀ. ਏ. ਪੀ. ਕੈਂਪਸ ਲਈ ਦੋਪਹੀਆ ਵਾਹਨਾਂ ਲਈ ਖੋਲ੍ਹੀ ਜਾਵੇਗੀ ਸਰਵਿਸ ਲੇਨ
ਡੀ. ਸੀ. ਅਤੇ ਸੀ. ਪੀ. ਦੇ ਇਸ ਦੌਰੇ 'ਚ ਤੈਅ ਹੋਇਆ ਕਿ ਰਾਮਾ ਮੰਡੀ ਸਾਈਡ ਟਰੈਫਿਕ ਦਾ ਲੋਡ ਜ਼ਿਆਦਾ ਨਾ ਪਵੇ, ਇਸ ਲਈ ਪੀ. ਏ. ਪੀ. ਕੈਂਪਸ 'ਚ ਸਥਿਤ ਸਕੂਲ ਅਤੇ ਅੰਦਰ ਹੀ ਰਹਿਣ ਵਾਲੇ ਲੋਕਾਂ ਲਈ ਪੀ. ਏ. ਪੀ. ਚੌਕ ਤੋਂ ਸਰਵਿਸ ਲੇਨ ਨੂੰ ਖੋਲ੍ਹਿਆ ਜਾਵੇਗਾ। ਹਾਲਾਂਕਿ ਇਹ ਲੇਨ ਸਿਰਫ ਦੋ ਪਹਿਆ ਵਾਹਨਾਂ ਲਈ ਖੁੱਲ੍ਹੇਗੀ, ਜਦਕਿ ਸਕੂਲ ਜਾਣ ਵਾਲੀਆਂ ਬੱਸਾਂ ਅਤੇ ਹੋਰ ਗੱਡੀਆਂ ਪੀ. ਏ. ਪੀ. ਚੌਕ ਪੁਰਾਣੇ ਰੂਟ ਤੋਂ ਜਾਣਗੀਆਂ। ਇਸ ਤੋਂ ਇਲਾਵਾ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪੀ. ਏ. ਪੀ. ਕੈਂਪਸ 'ਚ ਰਹਿਣ ਵਾਲੇ ਕੁਝ ਲੋਕਾਂ ਨੇ ਖੁਦ ਦੇ ਫਾਇਦੇ ਲਈ ਆਰ. ਓ. ਬੀ. ਵਲੋਂ ਬੰਦ ਕੀਤੇ ਰਸਤੇ ਨੂੰ ਦੋ ਪਹੀਆ ਵਾਹਨਾਂ ਲਈ ਖੋਲ੍ਹ ਦਿੱਤਾ ਹੈ। ਇਹ ਗੱਲ ਸੁਣ ਕੇ ਡੀ. ਸੀ. ਸ਼ਰਮਾ ਨੇ ਕਿਹਾ ਕਿ ਜੇਕਰ ਉੱਥੇ ਇਸ ਹਾਲਾਤ 'ਚ ਐਕਸੀਡੈਂਟ ਹੋਇਆ ਤਾਂ ਗੱਲ ਪ੍ਰਸ਼ਾਸਨ 'ਤੇ ਆਵੇਗੀ ਅਜਿਹੇ 'ਚ ਜਲਦੀ ਤੋਂ ਜਲਦੀ ਕੰਕਰੀਟ ਲਗਾ ਕੇ ਰਸਤਾ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਾਰਟਕੱਟ ਰਸਤਾ ਬਣਾਉਣ ਵਾਲਿਆਂ 'ਤੇ ਐੱਫ. ਆਈ. ਆਰ. ਵੀ ਹੋਵੇ ਤਾਂ ਜੋ ਭਵਿੱਖ 'ਚ ਅਜਿਹਾ ਕੋਈ ਕਰ ਨਾ ਸਕੇ।
ਪੀ. ਏ. ਪੀ. ਚੌਕ 'ਤੇ ਬੱਸਾਂ ਲਈ ਬਣੇਗਾ ਵੱਖ ਤੋਂ ਸਲਿਪ ਰੋਡ
ਅੰਮ੍ਰਿਤਸਰ ਵੱਲ ਜਾਣ ਵਾਲੀ ਸਰਵਿਸ ਲੇਨ ਨੂੰ ਬੰਦ ਕਰਨ ਤੋਂ ਬਾਅਦ ਲੁਧਿਆਣਾ ਅਤੇ ਅੰਮ੍ਰਿਤਸਰ ਜਾਣ ਵਾਲੀਆਂ ਸਾਰੀਆਂ ਬੱਸਾਂ ਸਵਾਰੀਆਂ ਲੈਣ ਲਈ ਪੀ. ਏ. ਪੀ. ਫਲਾਈਓਵਰ ਦੇ ਹੇਠਾਂ ਖੜ੍ਹੀਆਂ ਹੁੰਦੀਆਂ ਸਨ। ਹੋਰ ਵਾਹਨ ਬੱਸਾਂ ਦੇ ਖੜ੍ਹੇ ਹੋਣ ਕਾਰਨ ਫਸ ਜਾਂਦੇ ਸਨ ਅਤੇ ਜਾਮ ਲੱਗ ਜਾਂਦਾ ਸੀ। ਹੁਣ ਜਾਮ ਤੋਂ ਛੁਟਕਾਰਾ ਪਾਉਣ ਲਈ ਸੋਮਾ ਕੰਪਨੀ ਨੂੰ ਪੀ. ਏ. ਪੀ. ਚੌਕ 'ਤੇ ਵੱਖ ਤੋਂ ਸਿਰਫ ਬੱਸਾਂ ਲਈ ਸਲਿਪ ਰੋਡ ਤਿਆਰ ਕਰੇਗੀ। ਜਲਦੀ ਹੀ ਸਲਿਪ ਰੋਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਲਈ ਖਾਲੀ ਪਈ ਜਗ੍ਹਾ ਦਾ ਇਸਤੇਮਾਲ ਹੋਵੇਗਾ। ਇਸ ਤਰ੍ਹਾਂ ਰਾਮਾ ਮੰਡੀ ਚੌਕ 'ਤੇ ਵੀ ਟ੍ਰੈਫਿਕ ਸਿਗਨਲ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਨਾਲ ਜਲੰਧਰ ਤੋਂ ਦਕੋਹਾ ਵੱਲ ਅਤੇ ਹੁਸ਼ਿਆਰਪੁਰ ਵੱਲ ਉੱਤਰਨ ਵਾਲਾ ਟਰੈਫਿਕ ਮਰਜ ਨਹੀਂ ਹੋਵੇਗਾ ਅਤੇ ਐਕਸੀਡੈਂਟ ਹੋਣ ਤੋਂ ਵੀ ਬਚਾਅ ਹੋਵੇਗਾ। ਟਰੈਫਿਕ ਲਾਈਟਸ ਲੱਗਣ ਤੋਂ ਬਾਅਦ ਰਾਮਾ ਮੰਡੀ ਚੌਕ 'ਤੇ ਟਰੈਫਿਕ ਦੀ ਆਵਾਜਾਈ ਸਮੂਥ ਹੋਵੇਗੀ।


shivani attri

Content Editor

Related News