ਭਾਈ ਪ੍ਰਦੀਪ ਸਿੰਘ ਦੇ ਸਸਕਾਰ ਮੌਕੇ ਵੱਖ-ਵੱਖ ਪੰਥਕ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਲਵਾਈ ਹਾਜ਼ਰੀ
Saturday, Mar 11, 2023 - 08:17 PM (IST)
ਸ੍ਰੀ ਅਨੰਦਪੁਰ ਸਾਹਿਬ (ਬਲਬੀਰ ਸੰਧੂ) : ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੁੱਲੜਬਾਜ਼ਾਂ ਵੱਲੋਂ ਕਤਲ ਕੀਤੇ ਗਏ ਭਾਈ ਪ੍ਰਦੀਪ ਸਿੰਘ ਦਾ ਪਿੰਡ ਗਾਜੀਕੋਟ (ਗੁਰਦਾਸਪੁਰ) ਵਿਖੇ ਸਮੂਹ ਪੰਥਕ ਤੇ ਨਿਹੰਗ ਸਿੰਘ ਜਥੇਬੰਦੀਆਂ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ 'ਚ ਗੁਰਮਰਯਾਦਾ ਅਨੁਸਾਰ ਸਸਕਾਰ ਕਰ ਦਿੱਤਾ ਗਿਆ। 15 ਮਾਰਚ ਨੂੰ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਭਾਈ ਪ੍ਰਦੀਪ ਦੀ ਅੰਤਿਮ ਅਰਦਾਸ ਸਮੇਂ ਵੱਖ-ਵੱਖ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ ਤੇ ਸਤਿਕਾਰ ਕਮੇਟੀ ਆਗੂਆਂ ਤੋਂ ਇਲਾਵਾ ਕਈ ਸਿਆਸੀ ਤੇ ਧਾਰਮਿਕ ਆਗੂ ਜਿੱਥੇ ਭਾਈ ਪ੍ਰਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ, ਉਥੇ ਸਰਕਾਰ ਤੋਂ ਮੰਗ ਕਰਨਗੇ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਤੋਂ ਮੰਗ ਕਰਨਗੇ ਕਿ ਭਾਈ ਪ੍ਰਦੀਪ ਸਿੰਘ ਦੇ ਪਰਿਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦ ਕੇ ਸਨਮਾਨਿਤ ਕੀਤਾ ਜਾਵੇ ਅਤੇ ਭਾਈ ਪ੍ਰਦੀਪ ਸਿੰਘ ਨੂੰ ਕੌਮੀ ਸ਼ਹੀਦ ਦੇ ਰੁਤਬੇ ਵਜੋਂ ਐਲਾਨ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਕੌਮੀ ਇਤਿਹਾਸਕ ਜੋੜ ਮੇਲਿਆਂ 'ਤੇ ਹੁੱਲੜਬਾਜ਼ੀ ਰਾਹੀਂ ਸੰਗਤਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਦਾ ਮੁਕਾਬਲਾ ਕਰਨ ਲਈ ਉਤਸ਼ਾਹਿਤ ਤੇ ਤਿਆਰ-ਬਰ-ਤਿਆਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਦੌਰਾਨ ਲੱਖਾਂ ਸੈਲਾਨੀਆਂ ਨੇ ਕੀਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ, ਇਹ ਥਾਵਾਂ ਬਣੀਆਂ ਖਿੱਚ ਦਾ ਕੇਂਦਰ
ਇਹ ਪ੍ਰਗਟਾਵਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਕੌਮੀ ਜਰਨੈਲ ਤੇ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੇ ਹੁਕਮਾਂ ਤਹਿਤ ਪਹੁੰਚੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਮਾਝਾ ਤਰਨਾ ਦਲ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਖਾਲਸਾ ਨੇ ਭਾਈ ਪ੍ਰਦੀਪ ਸਿੰਘ ਦੇ ਪਿਤਾ ਕੈਪਟਨ ਗੁਰਬਖਸ਼ ਸਿੰਘ, ਤਾਏ ਗੁਰਦਿਆਲ ਸਿੰਘ ਤੇ ਮਾਤਾ ਬਲਵਿੰਦਰ ਕੌਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ। ਇਸ ਮੌਕੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ, ਬਾਬਾ ਸਤਪਾਲ ਸਿੰਘ ਵੱਡੇ ਨਾਗ, ਬਾਬਾ ਅਜੀਤ ਸਿੰਘ ਤਲਵੰਡੀ, ਬਾਬਾ ਸੁਰਿੰਦਰ ਸਿੰਘ ਛਾਉਣੀ ਨਿਹੰਗ ਸਿੰਘਾਂ ਬਟਾਲਾ, ਬਾਬਾ ਹਰਜਿੰਦਰ ਸਿੰਘ ਮੁਕਤਸਰ ਵਾਲੇ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਖਾਲਸਾ ਨੇ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ 15 ਮਾਰਚ ਭਾਈ ਪ੍ਰਦੀਪ ਸਿੰਘ ਦੇ ਭੋਗ ਮੌਕੇ ਪਿੰਡ ਗਾਜੀਕੋਟ ਗੁਰਦਾਸਪੁਰ ਵਿਖੇ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।