ਧੁੰਦ ''ਚ ਵੀ ਸੜਕਾਂ ''ਤੇ ਦੌੜ ਰਹੇ ਨੇ ਓਵਰਲੋਡ ਵਾਹਨ
Monday, Jan 07, 2019 - 12:35 PM (IST)

ਜਲੰਧਰ (ਮਹੇਸ਼)— ਧੁੰਦ ਦੇ ਮੌਸਮ ਦੀ ਦਸਤਕ ਦੇਣ ਦੇ ਬਾਵਜੂਦ ਵੀ ਓਵਰਲੋਡ ਵਾਹਨ ਸੜਕਾਂ 'ਤੇ ਦੌੜ ਰਹੇ ਹਨ ਅਤੇ ਇਨ੍ਹਾਂ 'ਚ ਜ਼ਿਆਦਾ ਟਰੱਕ-ਟਰਾਲੇ ਜੰਮੂ-ਕਸ਼ਮੀਰ ਦੇ ਨੰਬਰਾਂ ਵਾਲੇ ਹੁੰਦੇ ਹਨ। ਉਨ੍ਹਾਂ ਦੀ ਰਫਤਾਰ ਤੇ ਓਵਰਲੋਡ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਧੁੰਦ 'ਚ ਹੋਣ ਵਾਲੇ ਹਾਦਸਿਆਂ ਦੀ ਕੋਈ ਚਿੰਤਾ ਹੈ ਅਤੇ ਨਾ ਹੀ ਕੋਈ ਪੁਲਸ ਪ੍ਰਸ਼ਾਸਨ ਦੀ। ਜੇਕਰ ਪੁਲਸ ਪ੍ਰਸ਼ਾਸਨ ਨੂੰ ਥੋੜ੍ਹੀ ਜਿਹੀ ਵੀ ਇਸ ਦੀ ਪ੍ਰਵਾਹ ਹੁੰਦੀ ਤਾਂ ਇਨ੍ਹਾਂ ਓਵਰਲੋਡ ਟਰਾਲਿਆਂ 'ਤੇ ਸ਼ਿਕੰਜਾ ਕੱਸਿਆ ਹੁੰਦਾ।
ਪੂਰੇ ਉਤਰ ਭਾਰਤ 'ਚ ਪੈ ਰਹੀ ਕੜ੍ਹਾਕੇ ਦੀ ਠੰਡ ਤੇ ਧੁੰਦ ਦੀ ਝਲਕ ਜਲੰਧਰ 'ਚ ਵੀ ਦੇਖੀ ਜਾ ਸਕਦੀ ਹੈ। ਵਿਜ਼ੀਬਿਲਟੀ ਸਾਧਾਰਨ ਤੋਂ ਵੀ ਕਈ ਗੁਣਾ ਘਟ ਗਈ ਹੈ। ਸਵੇਰ ਦੇ ਸਮੇਂ ਕੰਮ 'ਤੇ ਜਾਣ ਵਾਲੇ ਅਤੇ ਸਕੂਲੀ ਬੱਚਿਆਂ ਲਈ ਇਹ ਮੌਸਮ ਕਾਫੀ ਚਿੰਤਾਜਨਕ ਬਣਿਆ ਹੋਇਆ ਹੈ। ਉਹ ਘਰ ਤੋਂ ਨਿਕਲਣ ਸਮੇਂ ਕਈ ਵਾਰ ਸੋਚਣ ਨੂੰ ਮਜਬੂਰ ਹੁੰਦੇ ਹਨ। ਪੁਲਸ ਦੀ ਸੁਸਤੀ ਤੋਂ ਪਤਾ ਲੱਗਦਾ ਹੈ ਕਿ ਘਰ ਤੋਂ ਨਿਕਲਣ ਵਾਲਾ ਹਰ ਵਿਅਕਤੀ ਆਪਣੀ ਹਿਫਾਜ਼ਤ ਦਾ ਜ਼ਿੰਮੇਵਾਰ ਖੁਦ ਹੀ ਹੈ। ਜੋ ਕੰਮ ਪੁਲਸ ਨੂੰ ਕਰਨਾ ਚਾਹੀਦਾ ਹੈ ਉਹ ਪੁਲਸ ਕਰਨ ਨੂੰ ਤਿਆਰ ਹੀ ਨਹੀਂ ਹੈ।
ਹਰ ਸਾਲ 1 ਲੱਖ ਤੋਂ ਜ਼ਿਆਦਾ ਲੋਕ ਗੁਆਉਂਦੇ ਹਨ ਜਾਨਾਂ
ਪਿਛਲੇ ਸਾਲ ਜਾਰੀ ਹੋਏ ਪ੍ਰਤੀ ਸਾਲ ਦੇ ਅੰਕੜੇ ਅਨੁਸਾਰ ਭਾਰਤ 'ਚ ਹਰ ਸਾਲ ਸੜਕ ਹਾਦਸਿਆਂ 'ਚ 1 ਲੱਖ ਤੋਂ ਵੀ ਜ਼ਿਆਦਾ ਲੋਕ ਆਪਣੀ ਜਾਨ ਗੁਆਉਂਦੇ ਹਨ। ਜਦਕਿ 2016 'ਚ ਇਹ ਅੰਕੜਾ 1.50 ਲੱਖ ਨੂੰ ਪਾਰ ਕਰ ਗਿਆ ਸੀ। ਇਸੇ ਸਾਲ 5 ਲੱਖ ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋਏ ਸਨ।
ਹਾਈਵੇਅ ਕਿਨਾਰੇ ਖੜ੍ਹੇ ਰਹਿੰਦੇ ਹਨ ਟਰੱਕ-ਟਰਾਲੇ
ਸੰਘਣੀ ਧੁੰਦ ਕਾਰਨ ਸੂਬੇ 'ਚ ਸੁਰੱਖਿਆ ਬਣਾਈ ਰੱਖਣ ਲਈ ਮੁੱਖ ਮੰਤਰੀ ਪੰਜਾਬ ਨੇ ਸੜਕਾਂ ਦੇ ਕਿਨਾਰੇ ਖੜ੍ਹੇ ਟਰੱਕਾਂ-ਟਰਾਲਿਆਂ ਸਣੇ ਹੋਰ ਵਾਹਨਾਂ ਨੂੰ ਉੱਥੋਂ ਹਟਾਉਣ ਦਾ ਨਿਰਦੇਸ਼ ਵੀ ਜਾਰੀ ਕੀਤਾ ਸੀ ਪਰ ਇਸ ਸਭ ਦੇ ਬਾਵਜੂਦ ਵੀ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।
ਰਾਤ 2 ਤੋਂ 4 ਵਜੇ 'ਚ ਚਲਦੀਆਂ ਹਨ ਓਵਰਲੋਡ ਟਰਾਲੀਆਂ
ਜਮਸ਼ੇਰ ਡੇਅਰੀ ਕੰਪਲੈਕਸ ਦੀ ਗੱਲ ਕਰੀਏ ਤਾਂ ਇਥੇ ਹਰ ਰਾਤ 2 ਤੋਂ 4 ਵਜੇ ਦੇ 'ਚ ਪੱਠਿਆਂ ਅਤੇ ਤੂੜੀ ਆਦਿ ਲਈ ਓਵਰਲੋਡ ਟਰਾਲੀਆਂ ਪਹੁੰਚਦੀਆਂ ਹਨ, ਜਿਨ੍ਹਾਂ ਦੀ ਰਫਤਾਰ ਕਾਫੀ ਤੇਜ਼ ਹੁੰਦੀ ਹੈ ਜੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਨੇੜੇ ਹੀ ਸਦਰ ਪੁਲਸ ਦਾ ਥਾਣਾ ਵੀ ਹੈ ਪਰ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ।
ਹਾਈਵੇਅ ਅਤੇ ਹੋਰ ਸਥਾਨਾਂ 'ਤੇ ਤਾਇਨਾਤ ਪੁਲਸ ਵੀ ਨਹੀਂ ਦਿੰਦੀ ਕੋਈ ਧਿਆਨ
ਹਾਈਵੇਅ ਅਤੇ ਹੋਰ ਸਥਾਨਾਂ 'ਤੇ ਕਈ ਜਗ੍ਹਾ ਪੁਲਸ ਦੇਖੀ ਦਾ ਸਕਦੀ ਹੈ ਪਰ ਉਹ ਵੀ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰਦੀ, ਸਗੋਂ ਉਹ ਆਪਣੇ ਨੰਬਰ ਬਣਾਉਣ ਲਈ ਛੋਟੇ-ਮੋਟੇ ਚਲਾਨ ਹੀ ਕੱਟਦੀ ਰਹਿੰਦੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਪੁਲਸ ਲੋਕਾਂ ਦੀ ਮਦਦ ਘੱਟ ਅਤੇ ਉਨ੍ਹਾਂ ਨੂੰ ਪਰੇਸ਼ਾਨ ਜ਼ਿਆਦਾ ਕਰਦੀ ਹੈ।
ਟੋਲ ਪਲਾਜ਼ਾ ਦੀ ਮਦਦ ਨਾਲ ਚੱਲ ਰਹੇ ਓਵਰਲੋਡ ਟਰੱਕ
ਵਾਹਨਾਂ ਨੂੰ ਓਵਰਲੋਡ ਤੋਂ ਰੋਕਣ ਲਈ ਟੋਲ ਪਲਾਜ਼ਾ 'ਤੇ ਵਾਹਨਾਂ ਦਾ ਭਾਰ ਚੈੱਕ ਕਰਨ ਲਈ ਮਸ਼ੀਨਾਂ ਵੀ ਲਾਈਆਂ ਲਈਆਂ ਹਨ, ਜੋ ਕਿ ਨਿਯਮਾਂ ਅਨੁਸਾਰ ਵਾਹਨ ਨੂੰ ਓਵਰਲੋਡ ਪਾਏ ਜਾਣ 'ਤੇ ਟੋਲ ਫੀਸ 'ਚ 10 ਗੁਣਾ ਜੁਰਮਾਨਾ ਵਸੂਲਿਆ ਜਾਂਦਾ ਹੈ ਅਤੇ ਨਾਲ ਹੀ ਵਾਧੂ ਸਾਮਾਨ ਨੂੰ ਉਤਾਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੀ ਵਾਹਨਾਂ ਨੂੰ ਟੋਲ ਪਲਾਜ਼ਾ ਤੋਂ ਬਾਹਰ ਜਾਣ ਦੀ ਇਜ਼ਾਜਤ ਹੈ ਪਰ ਜ਼ਿਆਦਾਤਰ ਟੋਲ ਪਲਾਜ਼ਾ ਅਜਿਹਾ ਨਹੀਂ ਕਰਦੇ। ਉੱਥੇ ਤਾਇਨਾਤ ਪੁਲਸ ਮੁਲਾਜ਼ਮ ਆਪਣੀ ਫੀਸ ਵਸੂਲ ਲੈਂਦੇ ਹਨ ਅਤੇ ਵਾਹਨਾਂ ਨੂੰ ਅੱਗੇ ਜਾਣ ਦਿੰਦੇ ਹਨ। ਸਬੰਧਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਗ੍ਹਾ ਦੀ ਸਮੱਸਿਆ ਕਾਰਨ ਓਵਰਲੋਡ ਵਾਹਨਾਂ ਤੋਂ ਸਾਮਾਨ ਨਹੀਂ ਉਤਾਰਿਆਂ ਜਾਂਦਾ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਧੁੰਦ 'ਚ ਚਲਦੇ ਓਵਰਲੋਡ ਵਾਹਨ ਅਤੇ ਸੜਕਾਂ 'ਤੇ ਖੜ੍ਹੇ ਵਾਹਨਾਂ ਬਾਰੇ ਪੁਲਸ ਅਧਿਕਾਰੀ ਕਹਿੰਦੇ ਹਨ ਕਿ ਪੁਲਸ ਨੇ ਇਸ ਸਬੰਧੀ ਸਖਤ ਸੁਰੱਖਿਆ ਕਰ ਰੱਖੀ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਦੇ ਰੱਖੀਆਂ ਹਨ ਕਿ ਅਜਿਹੇ ਲੋਕਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਥੋਂ ਤੱਕ ਕਿ ਉਨ੍ਹਾਂ ਦੇ ਵਾਹਨਾਂ ਨੂੰ ਹੀ ਬਾਊਂਡ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ, ਪੀ. ਸੀ. ਆਰ. ਟੀਮਾਂ ਅਤੇ ਸਬੰਧਤ ਥਾਣਿਆਂ ਦੀ ਪੁਲਸ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।