ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮਾਂ ਦੇ ਬਾਵਜੂਦ ਸਮਾਰਟ ਸਿਟੀ ਕੰਪਨੀ ’ਚ ਗੜਬੜੀ ਜਾਰੀ

09/08/2022 4:16:48 PM

ਜਲੰਧਰ (ਖੁਰਾਣਾ)–ਪਿਛਲੇ 2-3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਕਟਾਂ ’ਚ ਜੰਮ ਕੇ ਭ੍ਰਿਸ਼ਟਾਚਾਰ ਹੋਇਆ, ਜਿਸ ਕਾਰਨ ਪੰਜਾਬ ਸਰਕਾਰ ਨੇ ਹੁਣ ਸਮਾਰਟ ਸਿਟੀ ਦੇ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਸਮਾਰਟ ਸਿਟੀ ਜਲੰਧਰ ਦੇ ਕਈ ਸਾਬਕਾ ਅਧਿਕਾਰੀ ਵਿਜੀਲੈਂਸ ਜਾਂਚ ਦੌਰਾਨ ਫਸ ਸਕਦੇ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਸਮਾਰਟ ਸਿਟੀ ਕੰਪਨੀ ’ਚ ਗੜਬੜੀ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਵੱਲ ਜਾਣ ਵਾਲੀ ਸੜਕ ’ਤੇ ਹੀ ਮਿਲ ਜਾਂਦੀ ਹੈ, ਜਿਥੇ ਟੈਗੋਰ ਹਸਪਤਾਲ ਦੇ ਸਾਹਮਣੇ ਇਨ੍ਹੀਂ ਦਿਨੀਂ ਅੱਧੀ-ਅਧੂਰੀ ਸੜਕ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਵੀਰ ਮਾਰਗ ਦਾ ਇਹ ਹਿੱਸਾ ਸਮਾਰਟ ਰੋਡ ਪ੍ਰਾਜੈਕਟ ਤਹਿਤ ਆਉਂਦਾ ਹੈ, ਜਿਥੇ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਸਿਰਫ 5 ਕਿਲੋਮੀਟਰ ਲੰਮੀ ਸੜਕ ਹੀ ਬਣਾਈ ਜਾਣੀ ਹੈ।

ਸਮਾਰਟ ਰੋਡ ਪ੍ਰਾਜੈਕਟ ਦਾ ਕੰਮ ਵਰਕਸ਼ਾਪ ਚੌਕ ਤੱਕ ਪੂਰਾ ਹੋ ਚੁੱਕਾ ਹੈ ਅਤੇ ਦੂਜੇ ਪਾਸੇ ਕਪੂਰਥਲਾ ਰੋਡ ’ਤੇ ਵੀ ਸਮਾਰਟ ਰੋਡ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ। ਇਸ ਦੇ ਬਾਵਜੂਦ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਨ੍ਹੀਂ ਦਿਨੀਂ ਟੈਗੋਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਦਾ ਨਿਰਮਾਣ ਐੱਲ. ਐਂਡ ਟੀ. ਕੰਪਨੀ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਦੇ ਠੇਕੇ ਵਿਚ ਲਿਖਿਆ ਹੈ ਕਿ ਉਹ ਪਾਈਪ ਪਾਉਣ ਤੋਂ ਬਾਅਦ ਸੜਕ ਨੂੰ ਉਸੇ ਹਾਲਤ ਵਿਚ ਰੀਸਟੋਰ ਕਰੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਐੱਲ. ਐਂਡ ਟੀ. ਕੰਪਨੀ ਤੋਂ ਰੈਸਟੋਰੇਸ਼ਨ ਦਾ ਕੰਮ ਕਰਵਾਇਆ ਜਾਣਾ ਹੈ ਤਾਂ ਸਮਾਰਟ ਰੋਡ ਕਿੱਥੇ ਬਣਾਈ ਜਾਵੇਗੀ।

ਦੂਜਾ ਸਵਾਲ ਇਹ ਹੈ ਕਿ ਜੇਕਰ ਟੈਗੋਰ ਹਸਪਤਾਲ ਦੇ ਸਾਹਮਣੇ ਸਮਾਰਟ ਰੋਡ ਪ੍ਰਾਜੈਕਟ ਤਹਿਤ ਕੰਮ ਹੋਣਾ ਹੀ ਹੈ ਤਾਂ ਐੱਲ. ਐਂਡ ਟੀ. ਕੰਪਨੀ ਤੋਂ ਸੜਕ ਕਿਉਂ ਬਣਵਾਈ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਸਮਾਰਟ ਰੋਡ ਪ੍ਰਾਜੈਕਟ ਤਹਿਤ ਬਣਨ ਵਾਲੀ ਸੜਕ ਅਤੇ ਐੱਲ. ਐਂਡ ਟੀ. ਵੱਲੋਂ ਬਣਾਈ ਜਾਣ ਵਾਲੀ ਸੜਕ ਦੇ ਪੈਰਾਮੀਟਰ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ। ਜੇਕਰ ਉਥੇ ਐੱਲ. ਐਂਡ ਟੀ. ਕੰਪਨੀ ਸੜਕ ਬਣਾ ਵੀ ਦਿੰਦੀ ਹੈ ਤਾਂ ਕੁਝ ਹੀ ਦਿਨਾਂ ਬਾਅਦ ਉਥੇ ਸਮਾਰਟ ਰੋਡ ਪ੍ਰਾਜੈਕਟ ਤਹਿਤ ਨਵੀਂ ਸੜਕ ਬਣਾਉਣੀ ਪਵੇਗੀ। ਇਸ ਕਾਰਨ ਸਮਾਰਟ ਸਿਟੀ ਦੇ ਲੱਖਾਂ ਰੁਪਏ ਬਰਬਾਦ ਹੋਣਗੇ, ਕਿਹੜਾ ਅਧਿਕਾਰੀ ਉਸ ਕੰਮ ਦੀ ਜ਼ਿੰਮੇਵਾਰੀ ਲਵੇਗਾ।

 ਸਮਾਰਟ ਸਿਟੀ ਦਾ ਕੋਈ ਠੇਕੇਦਾਰ ਕੰਮ ਸ਼ੁਰੂ ਨਹੀਂ ਕਰ ਰਿਹਾ

ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਮਾਰਟ ਸਿਟੀ ਦੇ ਸਾਰੇ ਕੰਮਾਂ ਨੂੰ ਅਗਲੇ ਸਾਲ ਜੂਨ ਤੱਕ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਪੂਰੇ ਸੂਬੇ ’ਚ ਜਲਦਬਾਜ਼ੀ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਪਰ ਜਲੰਧਰ ’ਚ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਠੱਪ ਪਏ ਹਨ ਅਤੇ ਕੋਈ ਵੀ ਠੇਕੇਦਾਰ ਕੰਮ ਸ਼ੁਰੂ ਕਰਨ ਲਈ ਰਾਜ਼ੀ ਨਹੀਂ ਹੋ ਰਿਹਾ। ਅੱਜ ਸਮਾਰਟ ਸਿਟੀ ਦੇ ਸੀ. ਈ. ਓ. ਦਵਿੰਦਰ ਸਿੰਘ ਨੇ ਠੇਕੇਦਾਰਾਂ ਦੀ ਇਕ ਬੈਠਕ ਬੁਲਾਈ ਪਰ 2 ਠੇਕੇਦਾਰ ਹੀ ਇਸ ਬੈਠਕ ’ਚ ਸ਼ਾਮਲ ਹੋਏ। ਬਰਲਟਨ ਪਾਰਕ ਪ੍ਰਾਜੈਕਟ ’ਤੇ ਕੰਮ ਕਰ ਰਹੇ ਠੇਕੇਦਾਰ ਨੇ ਵੀ ਜਿਥੇ ਪੇਮੈਂਟ ਦੀ ਗੱਲ ਕਹੀ, ਉਥੇ ਹੀ ਕੰਟਰੋਲ ਐਂਡ ਕਮਾਂਡ ਸੈਂਟਰ ਦੀ ਬਿਲਡਿੰਗ ਬਣਾਉਣ ਵਾਲੇ ਠੇਕੇਦਾਰਾਂ ਨੇ ਰਿਵੀਜ਼ਨ ਨੂੰ ਇਜਾਜ਼ਤ ਦੇਣ ਦੀ ਗੱਲ ਰੱਖੀ। ਬੈਠਕ ਦੌਰਾਨ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਹੋਰ ਅਧਿਕਾਰੀਆਂ ਨੂੰ ਸਮਾਰਟ ਸਿਟੀ ਦੇ ਕੰਮ ਜਲਦ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ।


Manoj

Content Editor

Related News