ਇਨੋਵਾ ਨੇ ਦੋ ਮੋਟਰਸਾਈਕਲਾਂ ਨੂੰ ਮਾਰੀ ਟੱਕਰ, ਸਾਬਕਾ ਸਰਪੰਚ ਦੀ ਮੌਤ, 2 ਗੰਭੀਰ ਜ਼ਖ਼ਮੀ

Wednesday, Jul 24, 2024 - 06:22 PM (IST)

ਸੁਲਤਾਨਪੁਰ ਲੋਧੀ (ਸੋਢੀ)- ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਤਲਵੰਡੀ ਚੌਧਰੀਆਂ ਰੋਡ ’ਤੇ ਪੈਟਰੋਲ ਪੰਪ ਨੇੜੇ ਇਕ ਇਨੋਵਾ ਗੱਡੀ ਦੀ ਬੇਕਾਬੂ ਹੋ ਕੇ 2 ਮੋਟਰਸਾਈਕਲਾਂ ਨਾਲ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ, ਜਿਸ ਕਾਰਨ ਬੁਲੇਟ ’ਤੇ ਸਵਾਰ ਦੋ ਸਕੂਲ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਦੂਜੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ 75 ਸਾਲਾ ਬਜ਼ੁਰਗ ਸਾਬਕਾ ਸਰਪੰਚ ਜਗਜੀਤ ਸਿੰਘ ਪੁੱਤਰ ਬੰਤਾ ਸਿੰਘ ਨਿਵਾਸੀ ਪਿੰਡ ਚੁਲੱਧਾ ਦੀ ਮੌਤ ਹੋ ਗਈ।

ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਸ ਹਾਦਸੇ ਸਬੰਧੀ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸੜਕ ਹਾਦਸੇ ਵਿਚ ਇਨੌਵਾ ਗੱਡੀ ’ਤੇ ਮੋਟਰਸਾਈਕਲ ਵੀ ਚਕਨਾਚੂਰ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨੋਵਾ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ, ਜਦੋਂ ਉਹ ਸੁਲਤਾਨਪੁਰ ਲੋਧੀ ਨੇੜਲੇ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਉਹ ਬੇਕਾਬੂ ਹੋ ਗਈ ਅਤੇ ਦੂਜੇ ਪਾਸਿਓਂ ਆ ਰਹੇ ਬੁਲੇਟ ਅਤੇ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲੇਟ ਸਵਾਰ ਨੌਜਵਾਨ ਪਲਟ ਗਿਆ ਅਤੇ ਪਲੈਟੀਨਾ ਮੋਟਰਸਾਈਕਲ ਦੀ ਟੱਕਰ ਹੋ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, ਪੰਜਾਬ 'ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ

ਇਸ ਸਮੇਂ ਨੌਜਵਾਨ ਹੁਸਨਦੀਪ ਸਿੰਘ ਅਤੇ ਜੋਬਨਦੀਪ ਸਿੰਘ ਵਾਸੀ ਤਲਵੰਡੀ ਚੌਧਰੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ ਤੇ ਇੱਥੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਜਦਕਿ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਸਾਬਕਾ ਸਰਪੰਚ ਜਗਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਚੁਲੱਧਾ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਗੱਲਬਾਤ ਦੌਰਾਨ ਜ਼ਖ਼ਮੀ ਜੋਬਨਦੀਪ ਸਿੰਘ ਨੇ ਦੱਸਿਆ ਕਿ ਉਹ ਸਕੂਲ ਤੋਂ ਛੁੱਟੀ ਤੋਂ ਬਾਅਦ ਸੁਲਤਾਨਪੁਰ ਲੋਧੀ ਵੱਲ ਆ ਰਿਹਾ ਸੀ। ਇਸ ਦੌਰਾਨ ਇਸ ਗੱਡੀ ਨੇ ਸਾਨੂੰ ਟੱਕਰ ਮਾਰ ਦਿੱਤੀ। ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਦੇ ਆਦੇਸ਼ 'ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਬਲਦੇਵ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ।

ਇਹ ਵੀ ਪੜ੍ਹੋ- ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਜਲੰਧਰ ਪਹੁੰਚੇ CM ਭਗਵੰਤ ਮਾਨ, ਧੰਨਵਾਦ ਕਰਦਿਆਂ ਆਖੀ ਇਹ ਗੱਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News