ਨਾਜਾਇਜ਼ ਪਿਸਤੌਲ, 2 ਗ੍ਰਾਮ ਹੈਰੋਇਨ ਤੇ 3 ਜ਼ਿੰਦਾ ਰੌਂਦਾਂ ਸਣੇ ਮੁਲਜ਼ਮ ਗ੍ਰਿਫਤਾਰ

02/16/2020 11:44:14 AM

ਲਾਂਬੜਾ (ਵਰਿੰਦਰ)— ਲਾਂਬੜਾ ਪੁਲਸ ਵੱਲੋਂ ਇਲਾਕੇ 'ਚੋਂ ਇਕ ਮੁਲਜ਼ਮ ਨੂੰ ਨਾਜਾਇਜ਼ ਪਿਸਤੌਲ, ਨਸ਼ੇ ਵਾਲੇ ਪਦਾਰਥ ਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜਲੰਧਰ ਵੱਲੋਂ ਲਾਂਬੜਾ ਇਲਾਕੇ 'ਚ ਇਕ ਨੌਜਵਾਨ ਆਪਣੇ ਕਿਸੇ ਗਾਹਕ ਨੂੰ ਨਸ਼ੇ ਵਾਲਾ ਪਦਾਰਥ ਸਪਲਾਈ ਕਰਨ ਲਈ ਆ ਰਿਹਾ ਹੈ। ਉਸ ਕੋਲ ਨਾਜਾਇਜ਼ ਹਥਿਆਰ ਵੀ ਹੋ ਸਕਦਾ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਪੁਲਸ ਪਾਰਟੀ ਸਣੇ ਤਾਜਪੁਰ ਦੇ ਵੰਡਰਲੈਂਡ ਮੋੜ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਜਲੰਧਰ ਵੱਲੋਂ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 08 ਈ ਸੀ 0793 'ਤੇ ਇਕ ਨੌਜਵਾਨ ਉੱਥੇ ਪਹੁੰਚਿਆ, ਜੋ ਅੱਗੇ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਨੌਜਵਾਨ ਪਾਸੋਂ ਇਕ ਦੇਸੀ ਪਿਸਤੌਲ, 2 ਗ੍ਰਾਮ ਹੈਰੋਇਨ ਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੂਰਜ ਪੁੱਤਰ ਗੁਰਮੀਤ ਚੰਦ ਵਾਸੀ ਲੰਮਾ ਪਿੰਡ ਡਵੀਜ਼ਨ ਨੰਬਰ 8 ਜਲੰਧਰ ਵਜੋਂ ਹੋਈ ਹੈ। 

ਪੁਲਸ ਦੀ ਮੁੱਢਲੀ ਪੁੱਛਗਿੱਛ 'ਚ ਮੁਲਜ਼ਮ ਸੂਰਜ ਨੇ ਦੱਸਿਆ ਕਿ ਉਸ ਦੀ ਕੁਝ ਲੋਕਾਂ ਨਾਲ ਰੰਜਿਸ਼ ਹੈ, ਜਿਸ ਕਾਰਨ ਉਹ ਉੱਤਰ ਪ੍ਰਦੇਸ਼ ਤੋਂ ਇਹ ਪਿਸਤੌਲ ਖਰੀਦ ਕੇ ਲਿਆਇਆ ਸੀ। ਉਸ ਨੇ ਮੰਨਿਆ ਕਿ ਉਹ ਨਸ਼ੇ ਵਾਲਾ ਪਦਾਰਥ ਵੀ ਵੇਚਦਾ ਹੈ। ਪੁਲਸ ਵੱਲੋਂ ਮੁਲਜ਼ਮ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।


shivani attri

Content Editor

Related News