ਉੱਚ ਅਧਿਕਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਜਨਤਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ: ਸੋਨੀ

1/8/2020 11:00:26 AM

ਜਲੰਧਰ (ਚੋਪੜਾ)— ਵਿਕਾਸ ਪ੍ਰਾਜੈਕਟਾਂ ਅਤੇ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਣਾਈ ਗਈ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਜ਼ਿਲੇ ਨਾਲ ਸਬੰਧਤ ਵਿਧਾਇਕਾਂ ਦਾ ਉਦਾਸੀਨ ਰਵੱਈਆ ਸਾਹਮਣੇ ਆਇਆ। ਬੀਤੇ ਦਿਨ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਦੀ ਅਗਵਾਈ 'ਚ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸ਼ਿਕਾਇਤ ਨਿਵਾਰਣ ਕਮੇਟੀ ਦੀ ਹੋਈ ਮੀਟਿੰਗ 'ਚ ਸਿਰਫ 2 ਵਿਧਾਇਕ ਰਾਜਿੰਦਰ ਬੇਰੀ ਅਤੇ ਲਾਡੀ ਸ਼ੇਰੋਵਾਲੀਆ ਹੀ ਸ਼ਾਮਲ ਹੋਏ, ਜਦੋਂਕਿ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਪਵਨ ਟੀਨੂੰ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਬਲਦੇਵ ਖਹਿਰਾ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੀਟਿੰਗ 'ਚ ਨਹੀਂ ਆਏ।

ਇਸ ਦੌਰਾਨ ਕਮੇਟੀ ਦੀ ਪਿਛਲੀ ਮੀਟਿੰਗ 'ਚ ਸ਼ਾਮਲ 10 ਏਜੰਡਿਆਂ 'ਤੇ ਚਰਚਾ ਹੋਈ। ਮੀਟਿੰਗ ਦੌਰਾਨ ਸ਼ਹਿਰ ਦੀਆਂ ਖਸਤਾਹਾਲ ਸੜਕਾਂ, ਵਧਦੀ ਜਾ ਰਹੀ ਟਰੈਫਿਕ ਸਮੱਸਿਆ 'ਤੇ ਚਰਚਾ ਹੋਈ। ਮੀਟਿੰਗ 'ਚ ਓਮ ਪ੍ਰਕਾਸ਼ ਸੋਨੀ ਦੇ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ।

ਸੋਨੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਕਾਸ ਯੋਜਨਾਵਾਂ ਅਤੇ ਖਾਸ ਕਰਕੇ ਲੋਕ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਉਹ ਹਰ ਮਹੀਨੇ ਦੇ ਪਹਿਲੇ ਹਫਤੇ ਰੀਵਿਊ ਮੀਟਿੰਗ ਕਰਿਆ ਕਰਨਗੇ, ਜਿਸ ਨਾਲ ਇਨ੍ਹਾਂ ਕੰਮਾਂ 'ਚ ਹੋਈ ਤਰੱਕੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਮੀਟਿੰਗ ਦਾ ਏਜੰਡਾ 15 ਦਿਨ ਪਹਿਲਾਂ ਤਿਆਰ ਕਰਨ ਅਤੇ 7 ਦਿਨ ਪਹਿਲਾਂ ਏਜੰਡੇ ਦੀ ਕਾਪੀ ਕਮੇਟੀ ਮੈਂਬਰਾਂ ਨੂੰ ਦੇਣ ਤਾਂ ਜੋ ਸਮੱਸਿਆਵਾਂ ਅਤੇ ਵਿਕਾਸ ਕੰਮਾਂ 'ਤੇ ਵਿਸਥਾਰ ਨਾਲ ਚਰਚਾ ਹੋ ਸਕੇ।

ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਏਜੰਡੇ 'ਚ ਸ਼ਾਮਲ 10 ਸ਼ਿਕਾਇਤਾਂ 'ਚੋਂ 8 ਦਾ ਹੱਲ ਕਰ ਦਿੱਤਾ ਗਿਆ ਹੈ, ਜਦੋਂਕਿ 2 ਸ਼ਿਕਾਇਤਾਂ ਨੂੰ ਪੈਂਡਿੰਗ ਰੱਖਿਆ ਗਿਆ ਹੈ। ਸੋਨੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਜਨਤਾ ਨੂੰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਮਜ਼ੋਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਅਧਿਕਾਰੀ ਪਾਬੰਦ ਹਨ। ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਉੱਚ ਅਧਿਕਾਰੀ ਨਿੱਜੀ ਤੌਰ 'ਤੇ ਕੋਸ਼ਿਸ਼ ਕਰਨ। ਕਮੇਟੀ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਿਖਤੀ ਰੂਪ ਵਿਚ ਪਹਿਲਾਂ ਦੇਣ ਲਈ ਿਕਹਾ ਗਿਆ ਹੈ, ਜਿਸ ਨਾਲ ਮੀਟਿੰਗ ਦੌਰਾਨ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਵਧੀਕ ਡਿਪਟੀ ਕਮਿਸ਼ਨਰ ਜਸਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਸ ਗਗਨੇਸ਼ ਕੁਮਾਰ, ਐੱਸ. ਡੀ. ਐੱਮਜ਼ ਅਮਿਤ ਕੁਮਾਰ, ਰਾਹੁਲ ਸਿੰਧੂ, ਸੰਜੀਵ ਸ਼ਰਮਾ, ਡਾ. ਜੈਇੰਦਰ ਸਿੰਘ, ਵਿਨੀਤ ਕੁਮਾਰ, ਸਕੱਤਰ ਆਰ. ਟੀ. ਏ. ਡਾ. ਨਯਨ ਜੱਸਲ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਡਿਪਟੀ ਡਾਇਰੈਕਟਰ ਫੌਜ ਭਲਾਈ ਮੇਜਰ (ਰਿਟਾ.) ਯਸ਼ਪਾਲ, ਸਹਾਇਕ ਕਮਿਸ਼ਨਰ ਸ਼ਾਇਰੀ ਮਲਹੋਤਰਾ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।

ਜਦੋਂ ਟਰੈਫਿਕ ਸਮੱਸਿਆ 'ਤੇ ਮੇਅਰ ਅਤੇ ਪੁਲਸ ਕਮਿਸ਼ਨਰ ਹੋਏ ਆਹਮੋ-ਸਾਹਮਣੇ
ਸ਼ਹਿਰ 'ਚ ਵਧਦੀ ਟਰੈਫਿਕ ਸਮੱਸਿਆ ਅਤੇ ਕੰਪਨੀ ਬਾਗ ਚੌਕ ਤੋਂ ਜੇਲ ਚੌਕ ਤੱਕ ਸਾਰਾ ਦਿਨ ਲੱਗਣ ਵਾਲੇ ਜਾਮ ਦਾ ਮੁੱਦਾ ਮੇਅਰ ਜਗਦੀਸ਼ ਰਾਜਾ ਨੇ ਉਠਾਉਂਦਿਆਂ ਪੁਲਸ ਅਧਿਕਾਰੀਆਂ ਸਾਹਮਣੇ ਟਰੈਫਿਕ ਸਮੱਸਿਆ ਅਤੇ ਪੁਲਸ ਮੁਲਾਜ਼ਮਾਂ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਦਾ ਮਾਮਲਾ ਰੱਖਿਆ, ਜਿਸ 'ਤੇ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਟਰੈਫਿਕ ਪੁਲਸ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੀ ਹੈ। ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣਾ ਨਗਰ ਨਿਗਮ ਦਾ ਕੰਮ ਹੈ, ਜਿਸ ਲਈ ਪੁਲਸ ਪ੍ਰਸ਼ਾਸਨ ਪੂਰੀ ਮਦਦ ਦੇਣ ਲਈ ਤਿਆਰ ਹੈ। ਜੇਕਰ ਸੜਕਾਂ ਕਿਨਾਰੇ ਹੋਏ ਕਬਜ਼ੇ ਹਟਾ ਲਏ ਜਾਣ ਤਾਂ ਟਰੈਫਿਕ ਸਮੱਸਿਆ ਕਾਫੀ ਹੱਦ ਤੱਕ ਖਤਮ ਹੋ ਸਕਦੀ ਹੈ, ਜਿਸ 'ਤੇ ਓਮ ਪ੍ਰਕਾਸ਼ ਸੋਨੀ ਨੇ ਪੁਲਸ ਅਤੇ ਨਗਰ ਨਿਗਮ ਨੂੰ ਕਿਹਾ ਕਿ ਉਹ ਸ਼ਹਿਰ ਵਿਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਂਝੀ ਯੋਜਨਾਬੰਦੀ ਕਰ ਕੇ ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ।

PunjabKesari

ਐੱਸ. ਡੀ. ਐੱਮ. ਕੋਰਟ 'ਚ ਨਿਗਮ ਨਾਲ ਸਬੰਧਤ ਪੈਂਡਿੰਗ ਕੇਸਾਂ ਦਾ ਮਾਮਲਾ ਵੀ ਉੱਠਿਆ
ਮੀਟਿੰਗ ਦੌਰਾਨ ਮੇਅਰ ਜਗਦੀਸ਼ ਰਾਜਾ ਨੇ ਐੱਸ. ਡੀ. ਐੱਮ. 1 ਦੀ ਅਦਾਲਤ 'ਚ ਨਗਰ ਨਿਗਮ ਨਾਲ ਸਬੰਧਤ ਪੈਂਡਿੰਗ ਕੇਸਾਂ ਦਾ ਮਾਮਲਾ ਵੀ ਉਠਾਇਆ। ਜਗਦੀਸ਼ ਰਾਜਾ ਨੇ ਕਿਹਾ ਕਿ ਐੱਸ. ਡੀ. ਐੱਮ. ਕੋਰਟ ਵਿਚ ਪੀ. ਪੀ. ਐਕਟ ਦੇ ਤਹਿਤ 87 ਕੇਸ ਪੈਂਡਿੰਗ ਚੱਲ ਰਹੇ ਹਨ, ਜਿਨ੍ਹਾਂ ਦਾ ਫੈਸਲਾ ਨਹੀਂ ਹੋ ਰਿਹਾ। ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਵਿਚ ਨਿਗਮ ਨਾਲ ਸਬੰਧਤ ਵਕੀਲ ਹੀ ਪੇਸ਼ ਨਹੀਂ ਹੁੰਦੇ। ਜੇਕਰ ਐਕਸ ਪਾਰਟੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਨਿਗਮ ਨੂੰ ਹੋਵੇਗਾ। ਉਨ੍ਹਾਂ ਮੇਅਰ ਰਾਜਾ ਨੂੰ ਕਿਹਾ ਕਿ ਨਿਗਮ ਇਨ੍ਹਾਂ ਕੇਸਾਂ ਦੀ ਪੈਰਵੀ ਕਰੇ ਤਾਂ ਜੋ ਕੇਸਾਂ ਦਾ ਫੈਸਲਾ ਸਮੇਂ ਸਿਰ ਹੋ ਸਕੇ।

ਆਦਮਪੁਰ 'ਚ ਬਣ ਰਹੇ ਪਲਾਈਓਵਰ ਦਾ ਨਿਰਮਾਣ ਜਲਦੀ ਪੂਰਾ ਕਰਨ ਦੇ ਦਿੱਤੇ ਹੁਕਮ
ਏਜੰਡੇ ਵਿਚ ਸ਼ਾਮਲ ਆਦਮਪੁਰ ਵਿਚ ਬਣ ਰਹੇ ਫਲਾਈਓਵਰ ਦੇ ਨਿਰਮਾਣ ਦਾ ਕੰਮ ਬੇਹੱਦ ਹੌਲੀ ਰਫਤਾਰ ਨਾਲ ਚੱਲਣ ਦੇ ਮਾਮਲੇ 'ਚ ਐਕਸੀਅਨ ਸੈਂਟਰਲ ਵਰਕਸ ਡਿਵੀਜ਼ਨ (ਨੈਸ਼ਨਲ ਹਾਈਵੇਅ) ਨੇ ਦੱਿਸਆ ਕਿ ਪਹਿਲਾਂ ਫਲਾਈਓਵਰ ਦਾ ਕੰਮ ਇਕ ਪੈਕੇਟ 'ਚ ਚੱਲ ਰਿਹਾ ਹੈ, ਜਿਸ ਨੂੰ ਹੁਣ 2 ਪੈਕੇਟਾਂ ਵਿਚ ਕੀਤਾ ਜਾ ਰਿਹਾ ਹੈ। ਬਾਕੀ ਦੀ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਕੰਮ 'ਚ ਹੋਰ ਤੇਜ਼ੀ ਆਵੇਗੀ। ਸ਼੍ਰੀ ਸੋਨੀ ਨੇ ਲੋਕ ਨਿਰਮਾਣ ਵਿਭਾਗ ਨੂੰ ਫਲਾਈਓਵਰ ਦਾ ਨਿਰਮਾਣ ਜਲਦੀ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ।

ਲੰਮਾ ਪਿੰਡ-ਜੰਡੂਸਿੰਘਾ ਰੋਡ ਦਾ ਨਿਰਮਾਣ 30 ਜੂਨ ਤੱਕ ਹੋਵੇ ਪੂਰਾ
ਜਲੰਧਰ ਸ਼ਹਿਰ ਨੂੰ ਹੁਸ਼ਿਆਰਪੁਰ ਨਾਲ ਜੋੜਨ ਵਾਲੀ ਮੁੱਖ ਸੜਕ ਲੰਮਾ ਪਿੰਡ ਤੋਂ ਜੰਡੂਸਿੰਘਾ ਰੋਡ ਦੇ ਨਿਰਮਾਣ ਲਈ 6 ਮਹੀਨੇ ਦਾ ਟਾਰਗੈੱਟ ਦਿੰਦਿਆਂ 30 ਜੂਨ ਤੱਕ ਪੂਰਾ ਕੀਤੇ ਜਾਣ ਦੇ ਹੁਕਮ ਸ਼੍ਰੀ ਸੋਨੀ ਨੇ ਅਧਿਕਾਰੀਆਂ ਨੂੰ ਦਿੱਤੇ।

ਜ਼ਿਲੇ ਨਾਲ ਸਬੰਧਤ ਹੋਰ ਵਿਕਾਸ ਕੰਮਾਂ ਸਬੰਧੀ ਜਾਰੀ ਕੀਤੇ ਹੁਕਮ
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਾਹਕੋਟ ਵਿਚ ਰੇਲਵੇ ਓਵਰਬ੍ਰਿਜ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸੜਕ ਨੂੰ ਮਜ਼ਬੂਤ ਅਤੇ ਚੌੜਾ ਕਰਨ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ।
ਸਿਹਤ ਵਿਭਾਗ ਅਤੇ ਨਗਰ ਨਿਗਮ ਨੂੰ ਕਿਹਾ ਕਿ ਉਹ ਖੁਰਲਾ ਕਿੰਗਰਾ ਵਿਚ ਕਮਿਊਨਿਟੀ ਸਿਹਤ ਕੇਂਦਰ ਨੂੰ ਚਾਲੂ ਕਰਨ ਦੀਆਂ ਸੰਭਾਵਨਾਵਾਂ ਲੱਭੇ।
ਫਿਲੌਰ ਤੋਂ ਨਕੋਦਰ ਰੋਡ ਅਤੇ ਸਾਈਂ ਮੰਦਰ ਤੋਂ ਮਿੱਠਾਪੁਰ ਚੌਕ ਤੱਕ ਸੜਕ ਦਾ ਨਿਰਮਾਣ ਪੂਰਾ ਕਰਨ ਲਈ ਲੋਕ ਨਿਰਮਾਣ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਸ਼ਹਿਰ ਦੇ ਨਿਊ ਗ੍ਰੀਨ ਮਾਡਲ ਟਾਊਨ ਰੋਡ 'ਤੇ 48.88 ਲੱਖ ਰੁਪਏ ਦੀ ਲਾਗਤ ਨਾਲ ਕੰਮ ਜਲਦੀ ਸ਼ੁਰੂ ਹੋਵੇਗਾ।

ਨਗਰ ਨਿਗਮ ਕੋਲੋਂ ਐੱਨ. ਓ. ਸੀ. ਲੈਣ ਦੌਰਾਨ ਰਿਸ਼ਵਤ ਮੰਗਣ ਦੀ ਸ਼ਿਕਾਇਤ ਨੂੰ ਰੱਖਿਆ ਪੈਂਡਿੰਗ
ਵਿਧਾਇਕ ਪਰਗਟ ਸਿੰਘ ਵੱਲੋਂ ਪਿਛਲੀ ਮੀਟਿੰਗ ਵਿਚ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਐੱਨ. ਓ. ਸੀ. ਲੈਣ ਲਈ ਆਮ ਜਨਤਾ ਦੀਆਂ ਸ਼ਿਕਾਇਤਾਂ ਦਾ ਮੁੱਦਾ ਉਠਾਇਆ ਸੀ। ਵਿਧਾਇਕ ਪਰਗਟ ਸਿੰਘ ਮੁਤਾਬਕ ਕਮਿਸ਼ਨਰ ਨਗਰ ਨਿਗਮ ਦੇ ਦਫਤਰ ਦੇ ਕਰਮਚਾਰੀਆਂ ਵਲੋਂ ਰਿਸ਼ਵਤ ਮੰਗਣ ਦਾ ਮਾਮਲਾ ਉਠਾਇਆ ਸੀ, ਜਿਸ 'ਤੇ ਨਿਗਮ ਕਮਿਸ਼ਨਰ ਨੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਕਰਮਚਾਰੀ ਦੇ ਖਿਲਾਫ ਕਾਰਵਾਈ ਕਰਨ। ਜਿਸ ਦਾ ਜਵਾਬ ਦਿੰਦਿਆਂ ਐੱਮ. ਟੀ. ਪੀ. ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਐੱਨ. ਓ. ਸੀ. ਲੈਣ ਦੀ ਫਾਈਲ ਆਨਲਾਈਨ ਜਮ੍ਹਾ ਕੀਤੀ ਗਈ ਹੈ, ਇਹ ਫਾਈਲ ਸਹਾਇਕ ਟਾਊਨ ਪਲਾਨਰ ਵਲੋਂ ਸਾਰੀਆਂ ਰਿਪੋਰਟਾਂ ਦੀ ਜਾਂਚ ਕਰ ਕੇ ਹੀ ਐੱਨ. ਓ. ਸੀ. ਜਾਰੀ ਕੀਤੀ ਜਾਂਦੀ ਹੈ। ਨਗਰ ਨਿਗਮ ਕੋਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ। ਵਿਧਾਇਕ ਪਰਗਟ ਦੀ ਗੈਰ-ਮੌਜੂਦਗੀ ਕਾਰਣ ਇਸ ਸ਼ਿਕਾਇਤ ਨੂੰ ਪੈਂਡਿੰਗ ਰੱਖ ਲਿਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

This news is Edited By shivani attri