ਤਿੰਨ ਦਿਨਾਂ ਤੋਂ ਪਾਣੀ ਦੀ ਬੂੰਦ -ਬੂੰਦ ਨੂੰ ਤਰਸੇ ਸ਼ਹਿਰ ਵਾਸੀ

09/05/2019 12:01:19 AM

ਕਪੂਰਥਲਾ (ਮਹਾਜਨ)-ਨਗਰ ਕੌਂਸਲ ਪ੍ਰਧਾਨ ਦੇ ਰਿਹਾਇਸ਼ੀ ਖੇਤਰ 'ਚ ਤਿੰਨ ਦਿਨਾਂ ਤੋਂ ਸ਼ਹਿਰ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਪਾਣੀ ਦੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਕਾਲੋਨੀ ਵਾਸੀ ਨਗਰ ਕੌਂਸਲ ਕਪੂਰਥਲਾ ਤੇ ਨਗਰ ਕੌਂਸਲ ਪ੍ਰਧਾਨ ਨੂੰ ਕੋਸਦੇ ਨਜ਼ਰ ਆਏ। ਕਾਲੋਨੀ ਵਾਸੀ ਕੌਂਸਲਰ ਹਰਬੰਸ ਸਿੰਘ ਵਾਲੀਆ, ਕ੍ਰਿਸ਼ਨ ਕੁਮਾਰ ਟੰਡਨ, ਗੌਰਵ, ਓਮ ਪ੍ਰਕਾਸ਼, ਰਸਾਲ ਸਿੰਘ, ਅਮਰੀਕ ਸਿੰਘ, ਸੁਭਾਸ਼ ਬਤਰਾ, ਅਮਨ ਬਤਰਾ, ਪਰਮਿੰਦਰ ਸਿੰਘ ਬੌਬੀ, ਸਤਨਾਮ ਸੱਤੀ, ਜੇ. ਕੇ. ਗੁਪਤਾ, ਕੰਵਲਜੀਤ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਸੰਜੈ ਸ਼ਰਮਾ, ਸਤੀਸ਼ ਸ਼ਰਮਾ, ਗੁਰਨਾਮ ਸਿੰਘ, ਰਮੇਸ਼ ਕੁਮਾਰ ਆਦਿ ਨੇ ਦੱਸਿਆ ਕਿ ਲਗਾਤਾਰ ਤਿੰਨ ਦਿਨਾਂ ਤੋਂ ਪੰਜਾਬੀ ਬਾਗ, ਮਨਸੂਰਵਾਲ ਕਾਲੋਨੀ, ਕਰੋਲ ਬਾਗ ਖੇਤਰ 'ਚ ਪਾਣੀ ਦੀ ਸਮੱਸਿਆ ਨਜ਼ਰ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਜਲੰਧਰ ਰੋਡ 'ਤੇ ਲੱਗੇ ਪੰਪ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਇਸ ਸਮੱਸਿਆ ਬਾਰੇ ਲੋਕਾਂ ਨੇ ਨਗਰ ਕੌਂਸਲ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਆਦਰਸ਼ ਕੁਮਾਰ ਸ਼ਰਮਾ ਨੂੰ ਵੀ ਜਾਣੂ ਕਰਵਾਇਆ ਹੈ ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਾਲੇ ਬੱਚੇ, ਦਫਤਰ ਜਾਣ ਵਾਲੇ ਕਰਮਚਾਰੀ ਬਿਨਾਂ ਨਹਾਤੇ ਜਾਣ ਨੂੰ ਮਜਬੂਰ ਰਹੇ। ਹੁਮਸ ਭਰੀ ਗਰਮੀ ਦੇ ਚੱਲਦੇ ਜਿਥੇ ਦਿਨ 'ਚ ਦੋ-ਤਿੰਨ ਵਾਰ ਨਹਾਉਣ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਦੀ ਹੈ। ਉੱਥੇ ਇਸ ਖੇਤਰ 'ਚ ਲੋਕਾਂ ਨੂੰ ਇਕ ਵਾਰ ਵੀ ਨਹਾਉਣ ਨੂੰ ਪਾਣੀ ਨਸੀਬ ਨਹੀਂ ਹੋ ਰਿਹਾ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਦੇ ਖੇਤਰ 'ਚ ਇਹ ਹਾਲ ਹੈ ਤਾਂ ਕਪੂਰਥਲਾ ਸ਼ਹਿਰ ਦੇ ਬਾਕੀ ਖੇਤਰਾਂ ਦਾ ਕੀ ਹਾਲ ਹੋਵੇਗਾ। ਖੇਤਰ ਵਾਸੀਆਂ ਨੇ ਕਿਹਾ ਕਿ ਉਹ ਮੁੱਲ ਖਰੀਦ ਕੇ ਪਾਣੀ ਪੀਣ ਨੂੰ ਮਜਬੂਰ ਹਨ। ਪੀਣ ਤੋਂ ਇਲਾਵਾ ਪਾਣੀ ਦੀ ਹੋਰ ਕੰਮਾਂ 'ਚ ਵੀ ਲੋੜ ਪੈਂਦੀ ਹੈ ਪਰ ਉਹ ਕਿਹੜੀ-ਕਿਹੜੀ ਲੋੜ ਪਾਣੀ ਮੁੱਲ ਖਰੀਦ ਕੇ ਪੂਰੀ ਕਰਨ। ਇਸ ਦੌਰਾਨ ਗੱਲਬਾਤ ਕਰਦਿਆਂ ਇਕ ਸੁਆਣੀ ਸਵਰਨ ਕੌਰ ਨੇ ਦੱਸਿਆ ਕਿ ਉਸਨੇ ਤਿੰਨ ਦਿਨ ਤੋਂ ਕਪੜੇ ਨਹੀਂ ਧੋਤੇ ਤੇ ਪਾਣੀ ਦੀ ਕਿਲੱਤ ਦੇ ਚਲਦੇ ਘਰ ਦਾ ਸਫਾਈ ਦਾ ਬੁਰਾ ਹਾਲ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਗੁੱਡੀ ਨੇ ਦੱਸਿਆ ਕਿ ਉਹ ਨੌਕਰੀ ਪੇਸ਼ਾ ਹੈ ਤੇ ਉਹ ਤਿੰਨ ਦਿਨਾਂ ਤੋਂ ਆਪਣੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਦੇ ਘਰੋਂ ਤਿਆਰ ਹੋ ਕੇ ਨੌਕਰੀ 'ਤੇ ਜਾਂਦੀ ਹੈ। ਇਨ੍ਹਾਂ ਖੇਤਰਾਂ 'ਚ ਸਰਕਾਰੀ ਸਕੂਲ ਵੀ ਹਨ ਜਿਥੇ ਬੱਚੇ ਭਾਰੀ ਗਰਮੀ ਦੇ ਮੌਸਮ 'ਚ ਪਾਣੀ ਲਈ ਬਿਲਕਦੇ ਨਜ਼ਰ ਆਏ।

ਕੀ ਕਹਿੰਦੇ ਹਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜਲੰਧਰ ਰੋਡ 'ਤੇ ਲੱਗਾ ਵਾਟਰ ਪੰਪ ਦੀ ਮੋਟਰ ਸੜ ਗਈ ਸੀ, ਜਿਸ ਕਾਰਣ ਪੰਪ ਖਰਾਬ ਹੋ ਗਿਆ ਤੇ ਪਾਣੀ ਦੀ ਸਮੱਸਿਆ ਆ ਗਈ। ਇਹ ਮੋਟਰ ਰਿਪੇਅਰ ਹੋ ਗਈ ਹੈ ਤੇ ਵੀਰਵਾਰ ਨੂੰ ਪਾਣੀ ਦੀ ਦਿੱਕਤ ਦੂਰ ਹੋ ਜਾਵੇਗੀ।


Karan Kumar

Content Editor

Related News