ਗੁੱਜਰਾਂ ਨਾਲ ਹੋਇਆ ਝਗੜਾ, ਪਿੰਡ ਫੋਲੜੀਵਾਲ ਦੇ ਨੰਬਰਦਾਰ ਦੀ ਮੌਤ

Thursday, Oct 10, 2019 - 10:34 AM (IST)

ਗੁੱਜਰਾਂ ਨਾਲ ਹੋਇਆ ਝਗੜਾ, ਪਿੰਡ ਫੋਲੜੀਵਾਲ ਦੇ ਨੰਬਰਦਾਰ ਦੀ ਮੌਤ

ਜਲੰਧਰ (ਮਹੇਸ਼)— ਥਾਣਾ ਸਦਰ ਦੇ ਪਿੰਡ ਫੋਲੜੀਵਾਲ 'ਚ ਗੁੱਜਰਾਂ ਨਾਲ ਹੋਏ ਝਗੜੇ ਦੌਰਾਨ ਨੰਬਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਤ ਹੋ ਗਈ। ਝਗੜੇ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ, ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਅਤੇ ਐੱਸ. ਐੱਚ. ਓ. ਸਦਰ ਰੇਸ਼ਮ ਸਿੰਘ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਨੰਬਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਬੇਟੇ ਪ੍ਰਭਜੋਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਾਊਥ ਸਿਟੀ ਅਸਮਾਨਪੁਰ ਰੋਡ 'ਤੇ ਉਨ੍ਹਾਂ ਦੀ ਜ਼ਮੀਨ ਕਾਫੀ ਸਮੇਂ ਤੋਂ ਗੁੱਜਰਾਂ ਕੋਲ ਸੀ, ਜਿਸ ਨੂੰ ਖਾਲੀ ਕਰਵਾਉਣ ਲਈ ਉਸ ਦੇ ਪਿਤਾ ਨੇ ਕਿਹਾ ਸੀ। ਜ਼ਮੀਨ ਛੱਡਣ ਨੂੰ ਲੈ ਕੇ ਪਹਿਲਾਂ ਬਹਿਸ ਹੋਈ ਅਤੇ ਜਿਸ ਨੇ ਬਾਅਦ 'ਚ ਝਗੜੇ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਉਸ ਦੇ ਪਿਤਾ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਤ ਹੋ ਗਈ। 

ਪ੍ਰਭਜੋਤ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਮਾਡਲ ਟਾਊਨ 'ਚ ਦੁਸਿਹਰਾ ਦੇਖ ਕੇ ਪਰਤ ਰਿਹਾ ਸੀ ਕਿ ਉਸ ਦੇ ਪਿਤਾ ਦਾ ਫੋਨ ਆਇਆ ਕਿ ਉਸ ਦਾ ਜ਼ਮੀਨ ਨੂੰ ਲੈ ਕੇ ਗੁੱਜਰਾਂ ਨਾਲ ਝਗੜਾ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਉਥੇ ਪਹੁੰਚੇ ਅਤੇ ਦੇਖਿਆ ਕਿ ਪਿਤਾ ਜ਼ਮੀਨ 'ਤੇ ਬੇਸੁੱਧ ਪਏ ਸਨ। ਪੁਲਸ ਨੇ ਪ੍ਰਭਜੋਤ ਦੇ ਬਿਆਨਾਂ 'ਤੇ ਬਿੱਛੂ, ਤੈਕੂ ਅਤੇ ਬੱਚੂ 'ਤੇ ਆਈ. ਪੀ. ਸੀ. ਦੀ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਸ ਨੇ ਮ੍ਰਿਤਕ ਨਰਿੰਦਰ ਸ਼ੇਰਗਿੱਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


author

shivani attri

Content Editor

Related News