ਵੋਟਾਂ ਦੀ ਗਿਣਤੀ ਤੋਂ ਬਾਅਦ ਨਹੀਂ ਕੱਢਿਆ ਜਾ ਸਕੇਗਾ ਕਿਸੇ ਕਿਸਮ ਦਾ ਜੇਤੂ ਜਲੂਸ : ਅਪਨੀਤ ਰਿਆਤ

03/09/2022 7:28:58 PM

ਹੁਸ਼ਿਆਰਪੁਰ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਵੋਟਾਂ ਦੀ ਗਿਣਤੀ ਤੋਂ ਬਾਅਦ ਕਿਸੇ ਵੀ ਕਿਸਮ ਦਾ ਜੇਤੂ ਜਲੂਸ ਨਹੀਂ ਕੱਢਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਜੇਤੂ ਸਰਟੀਫਿਕੇਟ ਪ੍ਰਾਪਤ ਕਰਦੇ ਸਮੇਂ ਜੇਤੂ ਉਮੀਦਵਾਰ ਜਾਂ ਉਸ ਦੇ ਅਧਿਕਾਰਤ ਪ੍ਰਤੀਨਿੱਧੀ ਨਾਲ ਸਿਰਫ ਦੋ ਵਿਅਕਤੀ ਹੀ ਅੰਦਰ ਜਾ ਸਕਣਗੇ ਅਤੇ ਇਸ ਸਬੰਧੀ ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਲਈ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ 'ਚ ਬਣੀ ਸਹਿਮਤੀ

ਜ਼ਿਲ੍ਹਾ ਚੋਣ ਅਫ਼ਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹੋਏ ਮਤਦਾਨ ਵਿਚ 8,84,273 ਵੋਟਾਂ ਪੋਲ ਹੋਈਆਂ ਹਨ, ਇਸ ਤੋਂ ਇਲਾਵਾ ਜ਼ਿਲ੍ਹੇ ਨੂੰ 10 ਹਜ਼ਾਰ ਦੇ ਕਰੀਬ ਪੋਸਟਲ ਬੈਲਟ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਸਵੇਰੇ 8 ਵਜੇ ਇਨ੍ਹਾਂ ਵੋਟਾਂ ਦੀ ਗਿਣਤੀ ਜ਼ਿਲ੍ਹੇ ਦੇ 2 ਗਿਣਤੀ ਕੇਂਦਰਾਂ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਹੋਵੇਗੀ। ਵਿਧਾਨ ਸਭਾ ਹਲਕਾ ਮੁਕੇਰੀਆਂ, ਦਸੂਹਾ, ਉੜਮੁੜ, ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ ਦੀਆਂ ਵੋਟਾਂ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਅਤੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੀਆਂ ਵੋਟਾਂ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐੱਮ.ਐੱਸ.ਡੀ.ਸੀ.) ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹਰ ਵਿਧਾਨ ਸਭਾ ਹਲਕੇ ਲਈ ਦੋ ਗਿਣਤੀ ਹਾਲ ਬਣਾਏ ਗਏ ਹਨ, ਜਿਨ੍ਹਾਂ 'ਚ 7-7 ਕਾਊਂਟਿੰਗ ਟੇਬਲ (ਪ੍ਰਤੀ ਵਿਧਾਨ ਸਭਾ ਹਲਕਾ 14 ਟੇਬਲ) ਹੋਣਗੇ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ

ਇਸ ਤੋਂ ਇਲਾਵਾ ਇਲੈਕਟ੍ਰਾਨੀਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਸਿਸਟਮ (ਈ.ਟੀ.ਪੀ.ਬੀ.ਐਸ.) ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਵਿਅਪਕ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 658 ਕਰਮਚਾਰੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀ ਗਿਣਤੀ ਪ੍ਰਕਿਰਿਆ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ 7 ਅਬਜ਼ਰਵਰਾਂ ਦੀ ਨਿਗਰਾਨੀ ਵਿਚ ਹੋਵੇਗੀ। ਗਿਣਤੀ ਕੇਂਦਰਾਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗਿਣਤੀ ਕੇਂਦਰਾਂ 'ਚ 3 ਪਰਤੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸੈਂਟਰ ਦੀ ਇਮਾਰਤ ਵਿਚ ਕਿਸੇ ਵੀ ਵਾਹਨ ਦੇ ਦਾਖਲੇ ’ਤੇ ਪਾਬੰਦੀ ਰਹੇਗੀ। ਇਹ ਸਿਰਫ ਪੈਦਲ ਜ਼ੋਨ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ ਵਿਅਕਤੀ ਹੀ ਗਿਣਤੀ ਕੇਂਦਰਾਂ ਵਿਚ ਦਾਖਲ ਹੋ ਸਕੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਾਊਂਟਿੰਗ ਸੈਂਟਰ ਵਿਚ ਮੋਬਾਇਲ ਨਹੀਂ ਲੈ ਕੇ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 10 ਮਾਰਚ ਨੂੰ ਜ਼ਿਲ੍ਹੇ ਵਿਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਤੱਕ ਚੋਣ ਨਤੀਜਿਆਂ ਦੀ ਤਾਜ਼ਾ ਜਾਣਕਾਰੀ ਪਹੁੰਚਾਣ ਲਈ ਸ਼ਹਿਰ ਦੀਆਂ 3 ਥਾਵਾਂ ਸੈਸ਼ਨ ਚੌਕ, ਸਬਜ਼ੀ ਮੰਡੀ ਅਤੇ ਸ਼ਿਮਲਾ ਪਹਾੜੀ ਚੌਕ ਵਿਚ ਸਕਰੀਨਾਂ ਲਗਾਈਆਂ ਜਾਣਗੀਆਂ, ਜਿਸ ਵਿਚ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਟ ਰਾਹੀਂ ਚੋਣ ਨਤੀਜਿਆਂ ਦੇ ਤਾਜ਼ਾ ਟਰੈਂਡ ਦਿਖਾਏ ਜਾਣਗੇ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News