ਸ੍ਰੀ ਗੁਰੂ ਰਵਿਦਾਸ ਜੀ ਦੇ ਤੀਰਥ ਅਸਥਾਨ ਨੂੰ ਜਾਣ ਵਾਲਾ ਰਸਤਾ ਚਹੁੰ-ਮਾਰਗੀ ਬਣਾਵੇ ‘ਆਪ’ ਸਰਕਾਰ : ਨਿਮਿਸ਼ਾ ਮਹਿਤਾ

Wednesday, Apr 19, 2023 - 05:29 PM (IST)

ਸ੍ਰੀ ਗੁਰੂ ਰਵਿਦਾਸ ਜੀ ਦੇ ਤੀਰਥ ਅਸਥਾਨ ਨੂੰ ਜਾਣ ਵਾਲਾ ਰਸਤਾ ਚਹੁੰ-ਮਾਰਗੀ ਬਣਾਵੇ ‘ਆਪ’ ਸਰਕਾਰ : ਨਿਮਿਸ਼ਾ ਮਹਿਤਾ

ਜਲੰਧਰ/ਗੜ੍ਹਸ਼ੰਕਰ : ਭਾਜਪਾ ਆਗੂ ਅਤੇ ਗੜ੍ਹਸ਼ੰਕਰ ਹਲਕੇ ਦੇ ਇੰਚਾਰਜ ਨਿਮਿਸ਼ਾ ਮਹਿਤਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਜਾਣ ਵਾਲੀ ਸੰਗਤ ਨਾਲ ਹੋਏ ਦੋ ਭਿਆਨਕ ਹਾਦਸਿਆਂ ’ਚ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਡੂੰਘਾ ਦੁੱਖ ਪ੍ਰਗਟਾਉਂਦਿਆਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਹੁੰ-ਮਾਰਗੀ ਬਣਾਉਣ ਦੀ ਮੰਗ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਕੀਤੀ ਹੈ। ਭਾਜਪਾ ਬੁਲਾਰਾ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ ਅਤੇ 12 ਦਿਨ ਤਪੱਸਿਆ ਕੀਤੀ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਸਰਕਾਰਾਂ ਰਵਿਦਾਸੀਆ ਸਮਾਜ ਦੇ ਇਸ ਤੀਰਥ ਨੂੰ ਵਧੀਆ ਰਸਤਾ ਤਕ ਨਹੀਂ ਬਣਾ ਕੇ ਦੇ ਸਕੀਆਂ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਮੁੱਚੇ ਦੁਆਬੇ ’ਚ 40 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਹੈ ਪਰ ਗੁਰੂ ਰਵਿਦਾਸ ਜੀ ਦੇ ਤੀਰਥ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬਿਲਕੁਲ ਤਰਸਯੋਗ ਹੈ, ਜਿਸ ਕਰਕੇ ਵੱਡੇ ਸੜਕ ਹਾਦਸੇ ਵਾਰ-ਵਾਰ ਹੁੰਦੇ ਹਨ ਅਤੇ ਬੀਤੇ ਦਿਨੀਂ ਦੋ ਭਿਆਨਕ ਸੜਕ ਹਾਦਸਿਆਂ ’ਚ 10 ਲੋਕਾਂ ਦੀ ਜਾਨ ਚਲੀ ਗਈ ਅਤੇ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਪਹਾੜੀ ਹੈ, ਰਸਤੇ ਦੀਆਂ ਤਿੱਖੀਆਂ ਉਤਰਾਈਆਂ-ਚੜ੍ਹਾਈਆਂ ਅਤੇ ਸੜਕ ਦੀ ਘੱਟ ਚੌੜਾਈ ਕਾਰਨ ਗੱਡੀਆਂ ਡੂੰਘੀਆਂ ਖੱਡਾਂ ’ਚ ਡਿੱਗਦੀਆਂ ਹਨ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ। ਇਸ ਲਈ ਰਵਿਦਾਸੀਆ ਸਮਾਜ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮਾਰਗ ਨੂੰ ਚਹੁੰ-ਮਾਰਗੀ ਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪੁਆਏ ਘਰ 'ਚ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂਘਰ ਵਿਖੇ ਅੱਜ ਵੀ ਗੁਰਦੁਆਰਾ ਕਮੇਟੀ ਮੁੱਲ ਦਾ ਪਾਣੀ ਟੈਂਕਰਾਂ ’ਚ ਖ਼ਰੀਦ ਕੇ ਲੈ ਕੇ ਆਉਂਦੀ ਹੈ ਅਤੇ ਗੁਰੂਘਰ ਨੂੰ ਹੁਣ ਤਕ ਕੋਈ ਵੀ ਸਰਕਾਰ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਕਰਵਾ ਸਕੀ। ਭਾਜਪਾ ਆਗੂ ਨੇ ਕਿਹਾ ਕਿ ਬੇਸ਼ੱਕ ਪਿਛਲੀ ਸਰਕਾਰ ਦੌਰਾਨ ਇਕ ਟਿਊਬਵੈੱਲ ਤਾਂ ਲਗਵਾਇਆ ਗਿਆ ਪਰ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਵਾਹ-ਵਾਹੀ ਲੁੱਟਣ ਲਈ ਉਸ ਦਾ ਉਦਘਾਟਨ ਵੀ ਕੀਤਾ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 14 ਮਹੀਨੇ ਬੀਤ ਜਾਣ ਦੇ ਬਾਵਜੂਦ ਗੁਰੂਘਰ ਦੇ ਇਸ ਟਿਊਬਵੈੱਲ ਨੂੰ ਬਿਜਲੀ ਦਾ ਕੁਨੈਕਸ਼ਨ ਤਕ ਨਹੀਂ ਦੇ ਸਕੀ, ਜਿਸ ਕਾਰਨ ਅੱਜ ਤਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੀਣ ਵਾਲਾ ਪਾਣੀ ਮੁੱਲ ਹੀ ਲਿਆ ਕੇ ਲੰਗਰ-ਪਾਣੀ ਦਾ ਗੁਜ਼ਾਰਾ ਚਲਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਟਿਊਬਵੈੱਲ ਤੋਂ ਗੁਰੂਘਰ ਲਈ ਪਾਣੀ ਲਿਆਉਣ ਵਾਲੀ ਪਾਈਪਲਾਈਨ, ਜੋ ਸਿਰਫ਼ 10-12 ਲੱਖ ਦਾ ਖ਼ਰਚ ਹੈ, ਉਸ ਬਾਰੇ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਐਲਾਨ ਤਕ ਵੀ ਨਹੀਂ ਕੀਤਾ ਗਿਆ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ 117 ਕਰੋੜ ਰੁਪਏ ਦੀ ਲਾਗਤ ਨਾਲ ਜੋ ਮੀਨਾਰ-ਏ-ਬੇਗਮਪੁਰਾ ਬਣਨ ਦਾ ਨੀਂਹ ਪੱਥਰ ਅਕਾਲੀ-ਭਾਜਪਾ ਸਰਕਾਰ ਨੇ 2016 ’ਚ ਰੱਖਿਆ ਸੀ, ਪਿਛਲੀ ਤੇ ਮੌਜੂਦਾ ਸਰਕਾਰ ਦੇ ਵੱਡੇ ਐਲਾਨਾਂ ਦੇ ਬਾਵਜੂਦ ਅਜੇ ਤਕ ਉਸ ਨੂੰ ਮੁਕੰਮਲ ਨਹੀਂ ਕੀਤਾ ਗਿਆ।  ਨਿਮਿਸ਼ਾ ਮਹਿਤਾ ਨੇ ਮੰਗ ਰੱਖੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲਦੀ ਤੋਂ ਜਲਦੀ ਟਿਊਬਵੈੱਲ ਨੂੰ ਬਿਜਲੀ ਕੁਨੈਕਸ਼ਨ ਅਤੇ ਪਾਈਪਲਾਈਨ ਦਾ ਪ੍ਰਬੰਧ ਕਰਵਾ ਕੇ ਦੇਵੇ। ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਲਿਤ ਸਮਾਜ ਦੇ ਤੀਰਥ ਅਸਥਾਨ ਦੀਆਂ ਇਨ੍ਹਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਲੋਕ ਸੜਕਾਂ ’ਤੇ ਆ ਕੇ ਸਰਕਾਰ ਨੂੰ ਸਬਕ ਪੜ੍ਹਾਉਣਗੇ।

ਇਹ ਵੀ ਪੜ੍ਹੋ : ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News