ਜਲੰਧਰ 'ਚ ਹੋਏ ਨਿੱਕਾ ਦੇ ਕਤਲ ਦਾ ਮਾਮਲੇ 'ਚ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ
Friday, Dec 12, 2025 - 03:25 PM (IST)
ਜਲੰਧਰ (ਮਹੇਸ਼)–ਕਤਲ ਕੀਤੇ ਗਏ ਤਜਿੰਦਰ ਸਿੰਘ ਨਿੱਕਾ ਦੀ ਮਾਂ ਬਲਵਿੰਦਰ ਕੌਰ ਪਤਨੀ ਸਵ. ਅਮਰੀਕ ਸਿੰਘ ਨਿਵਾਸੀ ਪਿੰਡ ਤੱਲ੍ਹਣ ਜ਼ਿਲ੍ਹਾ ਜਲੰਧਰ ਅਤੇ ਵਿਦੇਸ਼ ਤੋਂ ਆਈ ਨਿੱਕਾ ਦੀ ਭੈਣ ਰੁਪਿੰਦਰ ਕੌਰ ਅਤੇ ਭਰਾ ਗੁਰਵਿੰਦਰ ਸਿੰਘ ਨੇ ਥਾਣਾ ਪਤਾਰਾ ਦੀ ਪੁਲਸ ਨੂੰ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਜਦੋਂ ਤਕ ਨਿੱਕਾ ਦਾ ਕਾਤਲ ਗੁਰਦੀਪ ਸਿੰਘ ਭੁੱਲਰ ਪੁੱਤਰ ਤਾਰਾ ਸਿੰਘ ਨਿਵਾਸੀ ਪਿੰਡ ਰਾਮੇਵਾਲ, ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਫੜਿਆ ਨਹੀਂ ਜਾਂਦਾ, ਉਦੋਂ ਤਕ ਉਹ ਨਾ ਤਾਂ ਨਿੱਕਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨਗੇ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...

ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ 26 ਨਵੰਬਰ ਨੂੰ ਨਿੱਕਾ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਨੂੰ ਅੱਜ 15 ਦਿਨ ਹੋ ਚੁੱਕੇ ਹਨ ਪਰ ਪੁਲਸ ਵੱਲੋਂ ਮੁਲਜ਼ਮ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਤਾਂ ਥਾਣਾ ਪਤਾਰਾ ਦੀ ਪੁਲਸ ਹੀ ਦੱਸ ਸਕਦੀ ਹੈ। ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਜੇਕਰ ਆਪਣੇ ਬੇਟੇ ਦੇ ਕਾਤਲ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਹੋਰ ਵੀ ਕੋਈ ਸੰਘਰਸ਼ ਕਰਨਾ ਪਿਆ ਤਾਂ ਉਹ ਉਸ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਗੁਰਦੀਪ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਦੇ ਬਾਅਦ ਹੀ ਨਿੱਕਾ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮਾਂ ਨੇ ਕਿਹਾ ਕਿ ਉਸ ਦੇ ਜਵਾਨ ਬੇਟੇ ਨੂੰ ਉਸ ਕੋਲੋਂ ਹਮੇਸ਼ਾ ਲਈ ਖੋਹਣ ਵਾਲੇ ਗੁਰਦੀਪ ਸਿੰਘ ਦੀ ਸਜ਼ਾ ਵੀ ਮੌਤ ਤੋਂ ਘੱਟ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿੱਕਾ ਦੇ ਕਤਲ ਮਾਮਲੇ ਵਿਚ ਪਤਾਰਾ ਪੁਲਸ ਨੇ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਕਿ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
ਡੀ. ਐੱਸ. ਪੀ. ਆਦਮਪੁਰ ਰਾਜੀਵ ਕੁਮਾਰ ਅਤੇ ਐੱਸ. ਐੱਚ. ਓ. ਪਤਾਰਾ ਨਿੱਕਾ ਦੇ ਪਰਿਵਾਰ ਨੂੰ ਪੂਰੇ ਇਨਸਾਫ਼ ਦਾ ਭਰੋਸਾ ਦਿੰਦੇ ਹੋਏ ਨਿੱਕਾ ਦਾ ਪੋਸਟਮਾਰਟਮ ਕਰਵਾਉਣ ਅਤੇ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਮਨਾ ਰਹੇ ਹਨ ਪਰ ਪਰਿਵਾਰ ਆਪਣਾ ਫ਼ੈਸਲਾ ਪੁਲਸ ਨੂੰ ਦੱਸ ਚੁੱਕਾ ਹੈ। ਅੱਜ ਨਿੱਕਾ ਦੇ ਘਰ ਪਹੁੰਚੇ ਹੋਰਨਾਂ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਵੀ ਇਹੀ ਕਿਹਾ ਕਿ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਸਮੇਤ PCS ਅਧਿਕਾਰੀਆਂ ਦੇ ਤਬਾਦਲੇ
