ਨਵੇਂ ਬੱਸ ਸਟੈਂਡ ''ਚ ਯਾਤਰੀਆਂ ਲਈ ਹਰੇਕ ਸਹੂਲਤ ਉਪਲਬਧ ਹੋਵੇਗੀ : ਚੀਮਾ

06/17/2019 12:14:24 PM

ਸੁਲਤਾਨਪੁਰ ਲੋਧੀ (ਧੀਰ)— ਸੂਬੇ ਦੇ ਵੱਡੇ ਸ਼ਹਿਰਾਂ ਵਾਂਗ ਪਾਵਨ ਨਗਰੀ ਸੁਲਤਾਨਪੁਰ ਲੋਧੀ ਦਾ ਨਵਾਂ ਬਣ ਰਿਹਾ ਬੱਸ ਸਟੈਂਡ ਹੋਵੇਗਾ, ਜਿਸ 'ਚ ਯਾਤਰੀਆਂ ਦੇ ਲਈ ਸਾਰੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ 550 ਸਾਲਾ ਗੁਰਪੁਰਬ ਮੌਕੇ ਨਵੇਂ ਬਣ ਰਹੇ ਬੱਸ ਸਟੈਂਡ ਦੇ ਕਾਰਜ ਦਾ ਬਰੀਕੀ ਨਾਲ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਇਮਾਰਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦਾ ਮਾਡਲ ਅਤੀ ਖੂਬਸੂਰਤ ਹੋਵੇਗਾ, ਜਿਸ ਦੇ ਉੱਪਰੀ ਮੰਜ਼ਿਲ 'ਚ ਵੀ ਬਕਾਇਦਾ ਕਮਰੇ ਹੋਣਗੇ, ਜਿਸ 'ਚ ਯਾਤਰੀਆ ਦੇ ਠਹਿਰਣ ਦੀ ਵੀ ਵਿਵਸਥਾ ਹੋਵੇਗੀ। 4.73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਬੱਸ ਸਟੈਂਡ 'ਚ ਇਕੋ ਹੀ ਸਮੇਂ 9 ਬੱਸਾਂ ਦੇ ਖੜ੍ਹੇ ਹੋਣ ਦੇ ਕਾਊਂਟਰ ਬਣਾਏ ਜਾਣਗੇ ਤੇ ਬੱਸ ਦੀ ਬੱਸ ਸਟੈਂਡ 'ਚ ਐਂਟਰੀ ਸਮੇਂ ਸਾਈਡ 'ਤੇ ਰੁਕਣ ਲਈ ਸ਼ੈੱਡ ਵੀ ਬਣਾਏ ਜਾਣਗੇ ਤਾਂ ਜੋ ਯਾਤਰੀਆਂ ਨੂੰ ਉਤਾਰ ਕੇ ਬੱਸ ਦੋਬਾਰਾ ਆਪਣੇ ਸਮੇਂ 'ਤੇ ਕਾਊਂਟਰ 'ਤੇ ਲੱਗ ਜਾਵੇ। ਬੱਸ ਸਟੈਂਡ ਅੰਦਰ ਯਾਤਰੀਆਂ ਲਈ ਬਕਾਇਦਾ ਸਾਫ ਸੁਥਰੇ ਸਾਮਾਨ ਦੀ ਕੰਟੀਨ ਹੋਵੇਗੀ, ਜਿਸ 'ਚ ਯਾਤਰੀਆਂ ਨੂੰ ਆਪਣੇ ਖਾਣ ਪੀਣ ਦਾ ਸਾਮਾਨ ਵੀ ਉਪਲਬਧ ਹੋਵੇਗਾ। ਬੱਸ ਸਟੈਂਡ ਅੰਦਰ ਬਣੀਆਂ ਨਗਰ ਕੌਂਸਲ ਦੀਆਂ ਦੁਕਾਨਾਂ ਅੱਗੇ ਗਰਿਲਾਂ ਲਗਾ ਦੇਣ ਤੇ ਉਨ੍ਹਾਂ ਤੁਰੰਤ ਐੱਸ. ਡੀ. ਓ. ਨੂੰ ਇਨ੍ਹਾਂ ਦੁਕਾਨਾਂ ਤੋਂ ਅੱਗੇ ਗਰਿਲਾਂ ਨੂੰ ਹਟਾਉਣ ਲਈ ਕਿਹਾ ਤਾਂ ਜੋ ਨਗਰ ਕੌਂਸਲ ਦੀਆਂ ਦੁਕਾਨਾਂ ਕਿਰਾਏ ਉੱਪਰ ਦੇ ਕੇ ਉਸ ਤੋਂ ਨਗਰ ਕੌਂਸਲ ਨੂੰ ਆਮਦਨ ਹੋ ਸਕੇ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਵਨ ਨਗਰੀ ਦੇ ਇਸ ਇਤਿਹਾਸਕ ਬੱਸ ਸਟੈਂਡ ਤੋਂ ਸੂਬੇ ਦੇ ਹੋਰ ਵੱਖ-ਵੱਖ ਧਾਰਮਿਕ ਤੇ ਵੱਡੇ ਸ਼ਹਿਰਾਂ ਲਈ ਵੱਲੋਂ ਬੱਸਾਂ ਵੀ ਚਲਾਈਆਂ ਜਾਣਗੀਆਂ। ਮਾਂ ਚਿੰਤਪੁਰਨੀ, ਵੈਸ਼ਨੋ ਦੇਵੀ, ਸ੍ਰੀ ਅਨੰਦਪੁਰ ਸਾਹਿਬ, ਚੰਡੀਗੜ੍ਹ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਵੀ ਵਿਸ਼ੇਸ਼ ਰੂਟ ਲਗਾ ਕੇ ਬੱਸਾਂ ਚਲਾਉਣ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦਾ ਨਿਰਮਾਣ 30 ਸਤੰਬਰ ਤਕ ਗੁਰਪੁਰਬ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਕੌਂਸਲਰ ਅਸ਼ੋਕ ਮੋਗਲਾ ਵੀ ਸਨ, ਜਿਨ੍ਹਾਂ ਨੇ ਵਿਧਾਇਕ ਚੀਮਾ ਦਾ ਪਾਵਨ ਨਗਰੀ 'ਚ ਬਣ ਰਹੇ ਉਨ੍ਹਾਂ ਦੇ ਯਤਨਾਂ ਸਦਕਾ ਨਵੇਂ ਬੱਸ ਸਟੈਂਡ ਦੇ ਨਿਰਮਾਣ ਲਈ ਧੰਨਵਾਦ ਕੀਤਾ।


shivani attri

Content Editor

Related News