ਨਰਾਤਿਆਂ ਦੇ ਆਖ਼ਰੀ ਦਿਨ ਕਿਉਂ ਮਨਾਈ ਜਾਂਦੀ ਹੈ ‘ਮਹਾਨੌਮੀ’, ਜਾਣੋ ਇਸ ਦਾ ਮਹੱਤਵ

03/30/2023 10:00:52 AM

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਨਰਾਤਿਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਮਾਂ ਦੁਰਗਾ ਦੇ ਨਰਾਤਿਆਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਲੋਕ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਨਰਾਤਿਆਂ ਦੌਰਾਨ ਮਾਂ ਦੁਰਗਾ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਨਰਾਤਿਆਂ ’ਚ ਮਹਾਨੌਮੀ ਤਾਰੀਖ਼ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਨਰਾਤੇ ਖ਼ਤਮ ਹੋ ਜਾਂਦੇ ਹਨ।

ਕਦੋਂ ਮਨਾਈ ਜਾਵੇਗੀ ਮਹਾਨੌਮੀ
ਹਿੰਦੂ ਕੈਲੰਡਰ ਅਨੁਸਾਰ, ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੇ ਨੌਵੇਂ ਦਿਨ ਨੂੰ ਮਹਾਨੌਮੀ ਕਿਹਾ ਜਾਂਦਾ ਹੈ। ਮਹਾਨੌਮੀ ਵਾਲੇ ਦਿਨ ਮਾਂ ਦੁਰਗਾ ਦੇ ਸਿੱਧੀਦਾਤਰੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। 

ਕੰਨਿਆ ਪੂਜਨ ਦਾ ਸ਼ੁਭ ਮਹੂਰਤ
ਤੜਕੇ ਦਾ ਮਹੂਰਤ - 4:42 AM ਤੋਂ 5:29 AM
ਦੁਪਹਿਰ ਦਾ ਮਹੂਰਤ - 12.02 PM ਤੋਂ 12: 51 PM
ਸ਼ਾਮ ਦਾ ਮਹੂਰਤ - 6.14 PM (30 ਮਾਰਚ, 2023) ਤੋਂ 6:13 AM (31 ਮਾਰਚ, 2023)


ਮਹਾਨੌਮੀ 'ਤੇ ਕੀਤੀ ਜਾਂਦੀ ਹੈ ਮਾਂ ਸਿੱਧੀਦਾਤਰੀ ਦੀ ਪੂਜਾ 
ਮਹਾਨੌਮੀ 'ਤੇ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਦੇਵੀ ਦੁਰਗਾ ਦੇ ਇਸ ਰੂਪ ਦੀ ਪੂਰੀ ਸ਼ਰਧਾ ਨਾਲ ਪੂਜਾ ਕਰਦਾ ਹੈ, ਉਹ ਸਾਰੀਆਂ ਸਿੱਧੀਆਂ ਦੀ ਪ੍ਰਾਪਤੀ ਕਰਦਾ ਹੈ। ਹਿੰਦੂ ਧਰਮ 'ਚ ਮਾਂ ਸਿੱਧੀਦਾਤਰੀ ਨੂੰ ਡਰ ਅਤੇ ਰੋਗ ਤੋਂ ਮੁਕਤ ਕਰਨ ਵਾਲੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਵਿਅਕਤੀ 'ਤੇ ਮਾਂ ਸਿੱਧੀਦਾਤਰੀ ਦੀ ਕ੍ਰਿਪਾ ਹੁੰਦੀ ਹੈ, ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ।

ਮਹਾਨੌਮੀ ਦਾ ਮਹੱਤਵ
ਮਾਨਤਾ ਹੈ ਕਿ ਮਹਿਸ਼ਾਸੁਰ ਨਾਮ ਦਾ ਇੱਕ ਦੈਂਤ ਸੀ, ਜਿਸ ਨੇ ਚਾਰੇ ਪਾਸੇ ਹਾਹਾਕਾਰ ਮਚਾ ਕੇ ਰੱਖੀ ਹੋਈ ਸੀ। ਸਾਰੇ ਦੇਵਤੇ ਉਸ ਦੇ ਡਰ ਤੋਂ ਪ੍ਰੇਸ਼ਾਨ ਸਨ। ਉਸ ਨੂੰ ਮਾਰਨ ਲਈ ਦੇਵੀ ਆਦਿਸ਼ਕਤੀ ਨੇ ਦੁਰਗਾ ਦਾ ਰੂਪ ਧਾਰਿਆ ਅਤੇ 8 ਦਿਨ ਤੱਕ ਮਹਿਸ਼ਾਸੁਰ ਨਾਲ ਲੜਨ ਤੋਂ ਬਾਅਦ 9ਵੇਂ ਦਿਨ ਉਸ ਨੂੰ ਮਾਰ ਦਿੱਤਾ। ਜਿਸ ਦਿਨ ਮਾਤਾ ਨੇ ਇਸ ਜ਼ਾਲਮ ਦੈਂਤ ਨੂੰ ਮਾਰਿਆ, ਉਸ ਦਿਨ ਨੂੰ ਮਹਾਨੌਮੀ ਕਿਹਾ ਜਾਣ ਲਗ ਪਿਆ। ਮਹਾਨੌਮੀ ਵਾਲੇ ਦਿਨ ਮਹਾਸਨਾਨ ਅਤੇ ਸ਼ੋਡਸ਼ੋਪਚਾਰ ਪੂਜਾ ਕਰਨ ਦਾ ਰਿਵਾਜ਼ ਹੈ। ਇਹ ਪੂਜਾ ਅਸ਼ਟਮੀ ਦੀ ਸ਼ਾਮ ਤੋਂ ਬਾਅਦ ਕੀਤੀ ਜਾਂਦੀ ਹੈ। ਨੌਮੀਂ ਦੀ ਸਵੇਰ ਨੂੰ ਦੁਰਗਾ ਬਲੀਦਾਨ ਦੀ ਪੂਜਾ ਕੀਤੀ ਜਾਂਦੀ ਹੈ। ਨੌਮੀਂ ਦੇ ਦਿਨ ਹਵਨ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਨਰਾਤੇ ਖ਼ਤਮ ਹੋ ਜਾਂਦੇ ਹਨ। ਮਾਤਾ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ।

ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮਹਾਅਸ਼ਟਮੀ ਅਤੇ ਮਹਾਨੌਮੀ ਦੇ ਦਿਨ ਦੇਵੀ ਦੀ ਪੂਜਾ ਦੇ ਨਾਲ ਹੀ ਕੰਨਿਆ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਉਪਹਾਰ ਦਿੱਤੇ ਜਾਂਦੇ ਹਨ। ਆਮ ਤੌਰ 'ਤੇ ਨੌ ਕੰਨਿਆ ਨੂੰ ਭੋਜਨ ਕਰਵਾਇਆ ਜਾਂਦਾ ਹੈ। ਕੰਨਿਆ ਨੂੰ ਤੋਹਫ਼ੇ 'ਚ ਕੁਮਕੁਮ, ਬਿੰਦੀ ਅਤੇ ਚੂੜ੍ਹੀਆਂ ਦਿੱਤੀਆਂ ਜਾਂਦੀਆਂ ਹਨ।


sunita

Content Editor

Related News