NGT ਨੇ ਬੁੱਢਾ ਨਾਲਾ ਦੀ ਹਾਲਤ ਦੇਖ ਜ਼ਿੰਮੇਵਾਰ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
Wednesday, Mar 27, 2019 - 04:48 PM (IST)

ਕਪੂਰਥਲਾ (ਓਬਰਾਏ)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਕ ਵਿਸ਼ੇਸ਼ ਟੀਮ ਇਨੀਂ ਦਿਨੀਂ ਪੰਜਾਬ ਦੇ ਦੌਰੇ 'ਤੇ ਹੈ ਅਤੇ ਪੰਜਾਬ ਦੇ ਵੱਖ-ਵੱਖ ਜਲ ਸਰੋਤਾਂ ਦੀ ਸਮੀਖਿਆ ਕਰ ਰਹੀ ਹੈ। ਇਸ ਟੀਮ ਵੱਲੋਂ ਕਾਲਾ ਸੰਘਿਆ ਡ੍ਰੇਨ ਦੀ ਬਦਹਾਲੀ, ਸੁਲਤਾਨਪੁਰ ਲੋਧੀ ਦੇ ਸ਼ਹਿਰੀ ਅਤੇ ਦਿਹਾਤੀ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਖਸਤਾ ਹਾਲਤ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਟੀਮ ਨੇ ਸੀਚੇਵਾਲ ਪਿੰਡ 'ਚ ਵੀ ਵਾਤਾਵਰਣ ਪ੍ਰੇਮੀ ਅਤੇ ਐੱਨ. ਜੀ. ਟੀ. ਦੇ ਮੈਂਬਰ ਸੰਤ ਬਲਬੀਰ ਸਿੰਘ ਦੀ ਅਗਵਾਈ 'ਚ ਚੱਲ ਰਹੇ ਟ੍ਰੀਟਮੈਂਟ ਪਲਾਂਟ ਸੀਚੇਵਾਲ ਮਾਡਲ ਦਾ ਵੀ ਦੌਰਾ ਕੀਤਾ। ਅਖੀਰ 'ਚ ਕਾਲੀ ਵਈਂ ਦੇ ਨਾਲ ਸਥਿਤ ਨਿਰਮਲ ਕੁਟੀਆ 'ਚ ਸੰਗਤ ਦੇ ਨਾਲ ਵੀ ਮੁਲਾਕਾਤ ਕੀਤੀ। ਐੱਨ. ਜੀ. ਟੀ. ਦੀ ਟੀਮ ਦੇ ਮੁਖੀ ਅਨੁਸਾਰ ਪੰਜਾਬ ਫੇਰੀ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਈ ਜਲ ਸਰੋਤਾਂ ਦਾ ਨਿਰੀਖਣ ਕੀਤਾ, ਜਿਸ 'ਚ ਬੁੱਢਾ ਨਾਲਾ ਦੀ ਹਾਲਤ ਦਾ ਖਾਸ ਜ਼ਿਕਰ ਹੈ।
ਰਿਟਾਇਰਡ ਜਸਟਿਸ ਪ੍ਰੀਤਮ ਪਾਲ ਚੇਅਰਮੈਨ ਨਿਗਰਾਨ ਕਮੇਟੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਕਾਫੀ ਖਰਾਬ ਹਨ ਅਤੇ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ। ਉਨ੍ਹਾਂ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ਨੂੰ ਸੁਧਾਰਣ ਲਈ ਇਕ ਮਹੀਨੇ ਦਾ ਸਮਾਂ ਦਿੰਦੇ ਹਨ ਅਤੇ ਜੇਕਰ ਇਕ ਮਹੀਨੇ ਬਾਅਦ ਉਨ੍ਹਾਂ ਦੇ ਨਿੱਜੀ ਦੌਰੇ ਤੱਕ ਹਾਲਾਤ ਨਾ ਸੁਧਰੇ ਤਾਂ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਿਰਫ ਕਾਰਵਾਈ ਹੀ ਨਹੀਂ ਸਗੋਂ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਲਾਖਾਂ ਪਿੱਛੇ ਵੀ ਭੇਜਣ 'ਚ ਸੰਕੋਚ ਨਹੀਂ ਹੋਵੇਗਾ। ਟ੍ਰੀਟਮੈਂਟ ਪਲਾਂਟ ਦੇ ਸੀਚੇਵਾਲ ਮਾਡਲ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਹੀ ਸਰੋਤ ਨਾ ਹੋਣ ਦੇ ਬਾਵਜੂਦ ਵੀ ਇਸ ਮਾਡਲ ਨੂੰ ਕਾਫੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੇ ਨਤੀਜੇ ਕਾਫੀ ਸਾਰਥਕ ਹਨ। ਐੱਨ. ਜੀ. ਟੀ. ਟੀਮ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਖਾਸ ਤੌਰ 'ਤੇ ਰਹਿਣ ਵਾਲੇ ਉਨ੍ਹਾਂ ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਲਈ ਉਨ੍ਹਾਂ ਦੀ ਲੜਾਈ ਕਾਫੀ ਸਮੇਂ ਤੋਂ ਜਾਰੀ ਹੈ ਅਤੇ ਜਾਰੀ ਰਹੇਗੀ।