ਸ਼ਾਨੋ ਸ਼ੌਕਤ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ ਖ਼ਾਲਸਾਈ

01/04/2021 12:58:10 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਨੰਗਲ ਖੂੰਗਾ ਵਿਖੇ ਮਹਾਨ ਨਗਰ ਕੀਰਤਨ   ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਸਜਾਇਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦੌਰਾਨ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਵਾਰੀ ਨੂੰ ਫੁੱਲਾਂ ਲੱਦੀ ਪਾਲਕੀ ਵਿੱਚ ਬੜੇ ਹੀ ਮਨਮੋਹਿਕ ਤਰੀਕੇ ਨਾਲ ਸੁਸ਼ੋਭਿਤ ਕੀਤਾ ਗਿਆ। 

ਨਗਰ ਕੀਰਤਨ ਵਿੱਚ ਢਾਡੀ ਜਥਾ ਭਾਈ ਸੁਖਵੀਰ ਸਿੰਘ ਚੌਹਾਨ ਵੱਲੋਂ ਢਾਡੀ ਵਾਰਾਂ ਰਾਹੀਂ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਰਾਗੀ ਸਿੰਘਾਂ ਤੇ ਗੁਰੂ ਦੀਆਂ ਸੰਗਤਾਂ ਵੱਲੋਂ ਮਨੋਹਰ ਸ਼ਬਦ ਕੀਰਤਨ ਦਾ ਗਾਇਨ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਜਾ ਰਹੀ ਸੀ। ਨਗਰ ਕੀਰਤਨ ਵਿਚ ਗੁਰੂ ਪੰਥ ਖਾਲਸਾ ਗੱਤਕਾ ਅਖਾੜਾ ਬੁੱਲੋਵਾਲ ਵੱਲੋਂ ਗੱਤਕੇ ਦੇ ਜੰਗਜੂ ਕਰਤੱਬ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। 

ਨਗਰ ਕੀਰਤਨ ਵੱਖ-ਵੱਖ ਚੌਕਾਂ ਤੋਂ ਹੁੰਦਾ ਹੋਇਆ ਅਤੇ ਸਮੁੱਚੇ ਪਿੰਡ ਦੀ ਪਰਿਕਰਮਾ ਕਰਦਿਆਂ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚ ਸੰਪੰਨ ਹੋਇਆ। ਇਸ ਮੌਕੇ ਸੰਤ ਨਰੇਸ਼ ਗਿਰ ਨੰਗਲ ਖੂੰਗਾ, ਪ੍ਰਧਾਨ ਅਮਰਜੀਤ ਸਿੰਘ, ਗਿਆਨੀ ਹਰਦੀਪ ਸਿੰਘ, ਭਾਈ ਸਤਵਿੰਦਰ ਸਿੰਘ, ਲਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਹਰਨਾਮ ਸਿੰਘ, ਪ੍ਰਭਜੋਤ ਸਿੰਘ, ਬਲਵੀਰ ਬੱਬ, ਕੁਲਦੀਪ ਸਿੰਘ, ਸੰਦੀਪ ਸਿੰਘ ਆਦਿ ਮੌਜੂਦ ਸਨ।


rajwinder kaur

Content Editor

Related News