ਲੀਜ਼ ਦਾ ਮਸਲਾ ਹੱਲ ਕਰਾਉਣ ਲਈ ਪੂਰੀ ਵਾਹ ਲਾਵਾਂਗੇ : ਮੁਨੀਸ਼ ਤਿਵਾੜੀ
Sunday, Jul 21, 2019 - 04:10 PM (IST)

ਨੰਗਲ (ਗੁਰਭਾਗ)— ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਵਸਾਏ ਹੋਏ ਨੰਗਲ ਸ਼ਹਿਰ ਦੇ ਲੋਕਾਂ ਦਾ ਬੀ. ਬੀ. ਐੱਮ. ਬੀ. ਨਾਲ ਪਿਛਲੇ 6 ਦਹਾਕਿਆਂ ਤੋਂ ਲਟਕਦੇ ਆ ਰਹੇ ਲੀਜ਼ ਮਸਲੇ ਦਾ ਪੱਕਾ ਹੱਲ ਕਰਾਉਣ ਲਈ ਮੇਰੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਪੂਰੀ ਵਾਹ ਲਾਈ ਜਾਵੇਗੀ। ਇਹ ਪ੍ਰਗਟਾਵਾ ਬੀਤੇ ਦਿਨ ਨੰਗਲ ਬਲਾਕ ਕਾਂਗਰਸ ਕਮੇਟੀ ਵੱਲੋਂ ਪ੍ਰਧਾਨ ਸੰਜੈ ਸਾਹਨੀ ਦੀ ਅਗਵਾਈ ਹੇਠ ਕਰਵਾਏ ਗਏ ਧੰਨਵਾਦ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਵੱਲੋਂ ਜੋ ਮੈਨੂੰ ਮਾਣ ਸਤਿਕਾਰ ਦਿੱਤਾ ਹੈ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ ਅਤੇ ਇਸ ਹਲਕੇ ਦੀ ਨੁਹਾਰ ਬਦਲਣ ਲਈ ਰਾਣਾ ਕੇ. ਪੀ. ਸਿੰਘ ਵੱਲੋਂ ਆਰੰਭੇ ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ ਕਰਨ 'ਚ ਆਪਣਾ ਭਰਪੂਰ ਯੋਗਦਾਨ ਪਾਵਾਂਗਾ। ਸ਼ਹਿਰ 'ਚ ਪਿਛਲੇ 60 ਸਾਲਾਂ ਤੋਂ ਆਪਣੇ ਘਰ ਬਣਾ ਕੇ ਰਹਿ ਰਹੇ ਲੋਕਾਂ ਨੂੰ ਉਜੜਣ ਨਹੀਂ ਦਿੱਤਾ ਜਾਵੇਗਾ।
ਰਾਣਾ ਕੇ. ਪੀ. ਸਿੰਘ ਨੇ ਆਪਣੇ ਸੰਬੋਧਨ 'ਚ ਜਿੱਥੇ ਵਰਕਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਆਪਣੇ ਪੰਜ ਸਾਲਾਂ 'ਚ ਤਾਂ ਪ੍ਰੋ. ਚੰਦੂਮਾਜਰਾ ਲੀਜ਼ ਮਸਲਾ ਹੱਲ ਨਹੀਂ ਕਰਵਾ ਸਕੇ ਅਤੇ ਹੁਣ ਕੇਂਦਰੀ ਮੰਤਰੀ ਨਾਲ ਤਸਵੀਰਾਂ ਖਿਚਵਾ ਕੇ ਮਸਲਾ ਹੱਲ ਕਰਾਉਣ ਦੀ ਗੱਲ ਕਰਨ ਲੱਗ ਪਏ ਹਨ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਨੰਗਲ ਅਤੇ ਕੌਂਸਲਰਾਂ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰਾਣਾ ਕੇ. ਪੀ. ਸਿੰਘ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਪੁਰੀ, ਸਾਬਕਾ ਚੇਅਰਮੈਨ ਅਸ਼ੋਕ ਸਵਾਮੀਪੁਰ, ਰਾਕੇਸ਼ ਨਈਅਰ, ਅਸ਼ੋਕ ਸੈਣੀ, ਉਮਾਕਾਂਤ ਸ਼ਰਮਾ, ਪ੍ਰਤਾਪ ਸੈਣੀ, ਡਾ. ਰਵਿੰਦਰ ਦੀਵਾਨ, ਵਿਜੇ ਕੌਸ਼ਲ, ਕਪੂਰ ਸਿੰਘ, ਟੋਨੀ ਸਹਿਗਲ, ਜੀਤ ਰਾਮ ਸ਼ਰਮਾ, ਓਮ ਖੰਨਾ, ਮਾਨ ਸਿੰਘ ਸੈਣੀ, ਜਸਵਿੰਦਰ ਸਿੰਘ ਸੈਣੀ, ਮੀਡੀਆ ਸਲਾਹਕਾਰ ਅਮਰਪਾਲ ਸਿੰਘ ਬੈਂਸ, ਪੀ. ਐੱਸ. ਓ. ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।