ਮੁਲਾਜ਼ਮਾਂ ਦੀ ਘਾਟ ਨਾਲ ਘੁਲ ਰਿਹੈ ਨਗਰ ਕੌਂਸਲ

07/22/2019 2:19:00 AM

ਸੁਲਤਾਨਪੁਰ ਲੋਧੀ, (ਅਸ਼ਵਨੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਦੀ ਧਰਤੀ ਅਤੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਕੌਮਾਂਤਰੀ ਪੱਧਰੀ ਸਮਾਗਮਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋਡ਼ਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਸਹੂਲਤਾਂ ਦੀ ਪੂਰਤੀ ਹੋਣਾ ਤਾਂ ਇਕ ਪਾਸੇ ਇਥੇ ਤਾਂ ਸਥਾਨਕ ਸ਼ਹਿਰ ਦਾ ਨਗਰ ਕੌਂਸਲ ਦਫ਼ਤਰ ਕਰਮਚਾਰੀਆਂ ਦੀ ਵੱਡੀ ਘਾਟ ਕਾਰਣ ਡੰਗ ਟਪਾ ਰਿਹਾ ਹੈ। ਨਗਰ ਕੌਂਸਲ ਦੇ ਵਾਈਸ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀਆਂ ਦੀਆਂ ਵੀ ਕਰੀਬ ਅੱਧੀ ਦਰਜਨ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ, ਅਸਾਮੀਆਂ ਦੀ ਘਾਟ ਕਾਰਣ ਮੌਜੂਦਾ ਸਟਾਫ ਨੂੰ ਹਦੋਂ ਵੱਧ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਨਾਲ ਹੀ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 13 ਵਾਰਡਾਂ ਤੇ ਕਰੀਬ 30 ਹਜ਼ਾਰ ਤੋਂ ਵਧੇਰੇ ਆਬਾਦੀ ਵਾਲੇ ਇਸ ਸ਼ਹਿਰ ’ਚ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਕੁਮਾਰ ਮੋਗਲਾ ਨਗਰ ਕੌਂਸਲ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਆਪਣੇ ਕੀਤੇ ਵਾਅਦੇ ਅਨੁਸਾਰ ਸ਼ਹਿਰ ਦੇ ਆਰੀਆ ਸਮਾਜ ਚੌਕ ’ਚੋਂ ਨਜਾਇਜ਼ ਕਬਜ਼ੇ ਹਟਵਾ ਦਿੱਤੇ ਹਨ, ਜਿਸ ਦੀ ਸ਼ਹਿਰ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਅਜੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖਤਾ ਇੰਤਜ਼ਾਮਾਂ ਤੋਂ ਇਲਾਵਾ ਬਹੁਤ ਕੁਝ ਹੋਣਾ ਬਾਕੀ ਹੈ। ਨਗਰ ਕੌਂਸਲ ਦੇ ਦਫ਼ਤਰ ’ਚ 12 ਪੋਸਟਾਂ ਵਿਚੋਂ 5 ਖਾਲੀ ਦੱਸੀਆਂ ਜਾ ਰਹੀਆਂ ਹਨ। ਨਗਰ ਕੌਂਸਲ ਦਫ਼ਤਰ ’ਚ ਇੰਸਪੈਕਟਰ ਦੀ ਇਕ ਅਸਾਮੀ ਖਾਲੀ ਪਈ ਹੈ। ਇਸ ਤੋਂ ਇਲਾਵਾ ਸੈਨਟਰੀ ਇੰਸਪੈਕਟਰ, 4 ਕਲਰਕ, ਇਕ ਅਕਾਊਂਟੈਂਟ ਦੀ ਅਸਾਮੀ ਖਾਲੀ ਦੱਸੀ ਜਾ ਰਹੀ ਹੈ।

ਮੁਲਾਜ਼ਮਾਂ ਦੀ ਘਾਟ ਹੋਵੇ ਦੂਰ : ਸਿਟੀਜ਼ਨ ਵੈਲਫੇਅਰ ਫੋਰਮ

ਸਿਟੀਜ਼ਨ ਵੈਲਫੇਅਰ ਫੋਰਮ ਦਾ ਕਹਿਣਾ ਹੈ ਕਿ ਨਗਰ ਕੌਂਸਲ ਹੀ ਸ਼ਹਿਰ ਦਾ ਮੂੰਹ-ਮੁਹਾਂਦਰਾ ਬਦਲਣ ਦੀ ਜ਼ਿੰਮੇਵਾਰੀ ਰੱਖਦੀ ਹੈ। ਉਨ੍ਹਾਂ ਕਿਹਾ ਕਿ 550ਵੇਂ ਸ਼ਤਾਬਦੀ ਦਿਹਾਡ਼ੇ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆ ਰਹੇ ਹਨ ਉਵੇਂ-ਉਵੇਂ ਸ਼ਹਿਰ ਨਿਵਾਸੀਆਂ ਦੀਆਂ ਆਸਾਂ ਵਧ ਰਹੀਆਂ ਹਨ। ਫੋਰਮ ਆਗੂਆਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਦੇ ਵਿਚ ਮੁਲਾਜ਼ਮਾਂ ਦੀ ਘਾਟ ਹੋਵੇਗੀ ਤਾਂ ਸ਼ਹਿਰ ਦੇ ਵਿਕਾਸ ਸਮੇਤ ਹੋਰ ਕੰਮਾਂ ਨੂੰ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਨੇਪਰੇ ਚਾਡ਼੍ਹਨਾ ਮੁਸ਼ਕਲ ਜਿਹਾ ਜਾਪ ਰਿਹਾ ਹੈ, ਫੋਰਮ ਅਤੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇ।

ਕੀ ਕਹਿੰਦੇ ਹਨ ਨਗਰ ਕੌਂਸਲ ਅਧਿਕਾਰੀ :

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਬਿਲਗਾ ਨੂੰ ਜਦੋਂ ਅਸਾਮੀਆਂ ਦੀ ਘਾਟ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ।


Bharat Thapa

Content Editor

Related News