ਸ਼ਹਿਰ ''ਚ 4 ਦਿਨ ਤੋਂ ਕੂੜਾ ਨਾ ਚੁੱਕਣ ਕਾਰਨ ਸੜਕਾਂ ''ਤੇ ਜਮ੍ਹਾ ਹੋਇਆ 2000 ਟਨ ਗਾਰਬੇਜ
Sunday, Sep 08, 2019 - 10:30 AM (IST)

ਜਲੰਧਰ (ਖੁਰਾਣਾ)— ਨਗਰ ਨਿਗਮ ਦੀ ਲਾਪਰਵਾਹੀ ਨੂੰ ਲੈ ਕੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਕੂੜੇ ਨਾਲ ਭਰੀਆਂ ਰਹੀਆਂ ਅਤੇ ਸ਼ਹਿਰ ਦੀਆਂ ਸੜਕਾਂ 'ਤੇ 2000 ਟਨ ਤੋਂ ਵੀ ਜ਼ਿਆਦਾ ਕੂੜਾ ਇਕੱਠਾ ਹੋ ਗਿਆ ਹੈ, ਜਿਸ ਨੂੰ ਚੁੱਕਣ ਲਈ ਐਤਵਾਰ ਨੂੰ ਨਿਗਮ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਐਤਵਾਰ ਨੂੰ ਵਰਖਾ ਨਾ ਹੋਈ ਤਾਂ ਸ਼ਹਿਰ ਦੀਆਂ ਸੜਕਾਂ 'ਤੇ ਪਿਆ ਜ਼ਿਆਦਾਤਰ ਕੂੜਾ ਚੁੱਕ ਲਿਆ ਜਾਵੇਗਾ। ਵਰਣਨਯੋਗ ਹੈ ਕਿ ਪਿਛਲੇ 4 ਦਿਨਾਂ ਤੋਂ ਸ਼ਹਿਰ ਦਾ ਸਾਰਾ ਕੂੜਾ ਸੜਕਾਂ 'ਤੇ ਹੀ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਨਿਗਮ ਦੇ ਸਾਰੇ ਡੰਪ ਇਸ ਸਮੇਂ ਕੂੜੇ ਨਾਲ ਭਰੇ ਹੋਏ ਹਨ। ਸਭ ਤੋਂ ਜ਼ਿਆਦਾ ਨਰਕ ਵਾਲਾ ਦ੍ਰਿਸ਼ ਲਾਇਲਪੁਰ ਖਾਲਸਾ ਸਕੂਲ ਨਕੋਦਰ ਰੋਡ, ਪਲਾਜ਼ਾ ਚੌਕ, ਪ੍ਰਤਾਪ ਬਾਗ, ਸਾਈਂਦਾਸ ਸਕੂਲ ਡੰਪ, ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਅਤੇ ਬਰਲਟਨ ਪਾਰਕ ਸਥਿਤ ਡੰਪ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਨਿਗਮ ਦੀ ਗੱਲ ਕਰੀਏ ਤਾਂ ਇਸੇ ਹਫਤੇ ਬੁੱਧਵਾਰ ਨੂੰ ਜੋ ਕੂੜਾ ਸੜਕਾਂ 'ਤੇ ਜਮ੍ਹਾ ਹੋਇਆ, ਉਹ ਵੀਰਵਾਰ ਨੂੰ ਇਸ ਲਈ ਨਹੀਂ ਚੁੱਕਿਆ ਜਾ ਸਕਿਆ ਕਿਉਂਕਿ ਵੀਰਵਾਰ ਨੂੰ ਨਿਗਮ ਨੇ ਆਪਣੀ ਸਾਰੀ ਮਸ਼ੀਨਰੀ ਵਰਿਆਣਾ ਡੰਪ 'ਤੇ ਰਸਤਾ ਬਣਾਉਣ ਅਤੇ ਉਥੇ ਮਲਬਾ ਆਦਿ ਸੁੱਟਣ 'ਚ ਲਗਾ ਦਿੱਤੀ। ਸ਼ੁੱਕਰਵਾਰ ਨੂੰ ਜਦ ਦੋ ਦਿਨ ਦਾ ਕੂੜਾ ਚੁੱਕਣ ਦੀ ਵਾਰੀ ਆਈ ਤਾਂ ਨਿਗਮ ਦੇ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ, ਜਿਸ ਦਾ ਕਾਰਣ ਪਟੇਲ ਹਸਪਤਾਲ ਤੇ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ 'ਚ ਪੈਦਾ ਹੋਇਆ ਵਿਵਾਦ ਸੀ, ਜਿਸ ਦੌਰਾਨ ਪੁਲਸ ਨੇ ਨਿਗਮ ਦੇ ਡਿੱਚ ਡਰਾਈਵਰ 'ਤੇ ਹੀ ਕੇਸ ਦਰਜ ਕਰ ਲਿਆ ਸੀ। ਸ਼ਨੀਵਾਰ ਨੂੰ ਵਾਲਮੀਕਿ ਭਾਈਚਾਰੇ ਵੱਲੋਂ ਕੀਤੀ ਗਈ ਬੰਦ ਦੀ ਕਾਲ ਦੇ ਮੱਦੇਨਜ਼ਰ ਕੂੜਾ ਢੋਹਣ ਵਾਲੀ ਕੋਈ ਗੱਡੀ ਨਹੀਂ ਚੱਲੀ, ਨਾ ਸ਼ਹਿਰ 'ਚ ਸਫਾਈ ਹੋਈ ਅਤੇ ਨਾ ਹੀ ਕੂੜੇ ਦੀ ਲਿਫਟਿੰਗ ਹੋ ਸਕੀ। ਇਸ ਤਰ੍ਹਾਂ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਦਾ ਸਾਰਾ ਕੂੜਾ ਇਸ ਸਮੇਂ ਸੜਕਾਂ 'ਤੇ ਪਿਆ ਹੋਇਆ ਹੈ।