ਨਗਰ ਨਿਗਮ ''ਚ ਛਾਈ ਰਹੀ ਵੀਰਾਨਗੀ, ਜ਼ਿਆਦਾਤਰ ਅਧਿਕਾਰੀ ਸੀਟਾਂ ਤੋਂ ਗਾਇਬ ਦਿਸੇ

Saturday, May 25, 2019 - 11:17 AM (IST)

ਨਗਰ ਨਿਗਮ ''ਚ ਛਾਈ ਰਹੀ ਵੀਰਾਨਗੀ, ਜ਼ਿਆਦਾਤਰ ਅਧਿਕਾਰੀ ਸੀਟਾਂ ਤੋਂ ਗਾਇਬ ਦਿਸੇ

ਜਲੰਧਰ (ਖੁਰਾਣਾ)— ਪਿਛਲੇ ਕਰੀਬ 2 ਮਹੀਨੇ ਸ਼ਹਿਰ 'ਚ ਚੋਣ ਮਾਹੌਲ ਰਿਹਾ, ਜਿਸ ਕਾਰਨ ਜ਼ਿਆਦਾਤਰ ਸਰਕਾਰੀ ਮਹਿਕਮਿਆਂ 'ਚ ਕੋਈ ਕੰਮਕਾਜ ਨਹੀਂ ਹੋਇਆ। ਜ਼ਿਆਦਾਤਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਵੀ ਚੋਣਾਂ 'ਚ ਲੱਗੀ ਸੀ, ਜਿਸ ਕਾਰਨ ਪਿਛਲੇ 2 ਮਹੀਨੇ ਨਿਗਮ ਨੇ ਵੀ ਕੋਈ ਖਾਸ ਕੰਮ ਨਹੀਂ ਕੀਤਾ। ਹੁਣ ਚੋਣਾਂ ਹੋ ਚੁੱਕੀਆਂ ਹਨ, ਨਤੀਜੇ ਆ ਚੁੱਕੇ ਹਨ ਤੇ ਨਿਗਮ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ-ਆਪਣੀਆਂ ਡਿਊਟੀਆਂ ਤੋਂ ਫਾਰਗ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ 'ਚ ਬੀਤੇ ਦਿਨ ਵੀਰਾਨਗੀ ਛਾਈ ਰਹੀ ਅਤੇ ਕਰੀਬ 70 ਫੀਸਦੀ ਅਧਿਕਾਰੀ ਤੇ ਕਰਮਚਾਰੀ ਆਪਣੀਆਂ ਸੀਟਾਂ ਤੋਂ ਗਾਇਬ ਰਹੇ।
ਇਕ ਨਿਗਮ ਕਰਮਚਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਨਿਗਮ ਦਾ ਕੋਈ ਅਧਿਕਾਰੀ ਫਿਲਹਾਲ ਡਿਊਟੀ 'ਤੇ ਵਾਪਸ ਨਹੀਂ ਆਇਆ, ਜਿਸ ਕਾਰਨ ਬਾਕੀ ਸਟਾਫ ਨੂੰ ਹਾਜ਼ਰੀ ਦੀ ਚੈਕਿੰਗ ਆਦਿ ਦੀ ਕੋਈ ਚਿੰਤਾ ਨਹੀਂ ਹੈ। ਉਪਰੋਂ ਸ਼ੁੱਕਰਵਾਰ ਹੋਣ ਕਾਰਨ ਨਿਗਮ ਕਰਮਚਾਰੀਆਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਨਾਲ ਮਿਲਾ ਕੇ ਲੰਮੀ ਛੁੱਟੀ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ।
ਬੀਤੇ ਦਿਨ ਸਵੇਰੇ ਨਿਗਮ ਦੇ ਕੁਝ ਕਰਮਚਾਰੀ ਆਪਣੀਆਂ ਸੀਟਾਂ 'ਤੇ ਜ਼ਰੂਰ ਦਿਸੇ ਪਰ ਬਾਅਦ ਦੁਪਹਿਰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸਰਕਾਰੀ ਛੁੱਟੀ ਹੋਵੇ। ਇਨ੍ਹਾਂ ਚੋਣਾਂ ਦੌਰਾਨ ਸ਼ਹਿਰੀ ਇਲਾਕਿਆਂ 'ਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਜਿਸ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਉਸ ਨਾਲ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਨਗਰ ਨਿਗਮ ਦੀ ਕਾਰਜਪ੍ਰਣਾਲੀ ਨੂੰ ਤੇਜ਼ ਤਰਾਰ ਕਰਨਾ ਹੋਵੇਗਾ ਨਹੀਂ ਤਾਂ ਲੋਕ ਪ੍ਰੇਸ਼ਾਨ ਹੁੰਦੇ ਰਹਿਣਗੇ ਅਤੇ ਸਾਰਾ ਗੁੱਸਾ ਕਾਂਗਰਸ 'ਤੇ ਕੱਢਣਗੇ।


author

shivani attri

Content Editor

Related News