ਚੇਅਰਮੈਨ ਨਿੰਮਾ ਨੇ ਉਜਾਗਰ ਕੀਤੇ ਉੱਤਰੀ ਹਲਕੇ ’ਚ ‘ਮੋਟੂ-ਪਤਲੂ’ ਦੀ ਜੋੜੀ ਦੇ ਰੰਗਦਾਰੀ ਦੇ ਕਿੱਸੇ

02/12/2021 2:54:13 PM

ਜਲੰਧਰ (ਸੋਮਨਾਥ, ਖੁਰਾਣਾ)– ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਦੀ ਸ਼ੁੱਕਰਵਾਰ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਇਕੱਤਰਤਾ ਹੋਈ। ਮੀਟਿੰਗ ਵਿਚ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਖਫ਼ਾ ਨਜ਼ਰ ਆਏ। ਇਸ ਦੌਰਾਨ ਜਦੋਂ ਉਨ੍ਹਾਂ ਅਧਿਕਾਰੀਆਂ ਤੋਂ ਪੁੱਛਿਆ ਕਿ ਦੋਆਬਾ ਚੌਕ ਨੇੜੇ ਬਹੁ-ਚਰਚਿਤ ਮੰਦਰ ਵਾਲੀ ਜਗ੍ਹਾ ’ਤੇ ਇਕ ਆਗੂ ਦੀ ਸੀਲ ਕੀਤੀ ਦੁਕਾਨ ਦੇ ਉੱਪਰ 2 ਮੰਜ਼ਿਲਾ ਹੋਟਲ ਕਿਵੇਂ ਬਣ ਗਿਆ ਤਾਂ ਅਧਿਕਾਰੀ ਇਸਦਾ ਕੋਈ ਜਵਾਬ ਨਹੀਂ ਦੇ ਸਕੇ। ਇਸ ’ਤੇ ਚੇਅਰਮੈਨ ਅਤੇ ਕੌਂਸਲਰ ਸੁਸ਼ੀਲ ਕਾਲੀਆ ਅਧਿਕਾਰੀਆਂ ’ਤੇ ਵਰ੍ਹ ਪਏ ਅਤੇ ਸਵਾਲਾਂ ਦੀ ਝੜੀ ਲਾ ਦਿੱਤੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਇਸ ਦੌਰਾਨ ਚੇਅਰਮੈਨ ਨੇ ਉੱਤਰੀ ਵਿਧਾਨ ਸਭਾ ਹਲਕੇ ’ਚ ‘ਮੋਟੂ-ਪਤਲੂ’ ਦੀ ਜੋੜੀ ਦੇ ਰੰਗਦਾਰੀ ਦੇ ਕਿੱਸੇ ਉਜਾਗਰ ਕਰਦਿਆਂ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਇਸ ਜੋੜੀ ਨੇ ਸ਼ਹਿਰ ਵਿਚ ਗਦਰ ਮਚਾਇਆ ਹੋਇਆ ਹੈ। ਇਹ ਜੋੜੀ ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਦੀ ਰੰਗਦਾਰੀ ਕਰ ਚੁੱਕੀ ਹੈ ਅਤੇ ਇਹ ਕੰਮ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਕਮੇਟੀ ਨੇ ਅਧਿਕਾਰੀਆਂ ਨੂੰ ਮੀਟਿੰਗ ਵਿਚ ਉਠਾਏ ਸਾਰੇ ਸਵਾਲਾਂ ਦਾ 6 ਦਿਨਾਂ ਅੰਦਰ (ਬੁੱਧਵਾਰ ਨੂੰ) ਜਵਾਬ ਦੇਣ ਨੂੰ ਕਿਹਾ ਹੈ। ਮੀਟਿੰਗ ਵਿਚ ਕਮੇਟੀ ਮੈਂਬਰ ਕੌਂਸਲਰ ਡੌਲੀ ਅਤੇ ਕੌਂਸਲਰ ਲਖਬੀਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਇਕ ਸ਼ਿਕਾਇਤ ਕਰਦਾ ਹੈ ਤਾਂ ਦੂਜਾ ਸੌਦਾ
ਚੇਅਰਮੈਨ ਨਿੰਮਾ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਮਿਲ ਕੇ ਕਾਫੀ ਲੁੱਟ ਮਚਾਈ ਹੋਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਇਸ ਜੋੜੀ ਦੀ ਆਪਣੇ-ਆਪਣੇ ਵਾਰਡਾਂ ਵਿਚ ਹੋ ਰਹੇ ਨਿਰਮਾਣਾਂ ’ਤੇ ਅੱਖ ਰਹਿੰਦੀ ਹੈ। ਜਦੋਂ ਮੋਟੂ ਦੀ ਵਾਰਡ ਵਿਚ ਕੋਈ ਨਿਰਮਾਣ ਸ਼ੁਰੂ ਹੁੰਦਾ ਹੈ ਤਾਂ ਪਤਲੂ ਸ਼ਿਕਾਇਤ ਕਰ ਦਿੰਦਾ ਹੈ ਅਤੇ ਜਦੋਂ ਅਧਿਕਾਰੀ ਮੌਕੇ ’ਤੇ ਜਾਂਚ ਕਰਨ ਪਹੁੰਚਦਾ ਹੈ ਤਾਂ ਮੋਟੂ ਸੌਦਾ ਕਰਵਾਉਣ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਜਦੋਂ ਪਤਲੂ ਦੇ ਵਾਰਡ ਵਿਚ ਕੋਈ ਨਿਰਮਾਣ ਸ਼ੁਰੂ ਹੁੰਦਾ ਹੈ ਤਾਂ ਮੋਟੂ ਸ਼ਿਕਾਇਤ ਕਰ ਦਿੰਦਾ ਹੈ। ਇਸੇ ਤਰ੍ਹਾਂ ਇਹ ਜੋੜੀ ਕਰੋੜਾਂ ਰੁਪਏ ਜਨਤਾ ਕੋਲੋਂ ਲੁੱਟ ਚੁੱਕੀ ਹੈ ਅਤੇ ਅਫ਼ਸਰਾਂ ਦੀ ਨਾਲਾਇਕੀ ਦਾ ਅਸਰ ਨਿਗਮ ਦੇ ਖਜ਼ਾਨੇ ’ਤੇ ਪੈ ਰਿਹਾ ਹੈ।

ਕਮੇਟੀ ਵੱਲੋਂ ਪੁੱਛੇ ਗਏ ਸਵਾਲ, ਜਿਨ੍ਹਾਂ ਦਾ ਅਫ਼ਸਰਾਂ ਕੋਲ ਜਵਾਬ ਨਹੀਂ
1. ਗਦਈਪੁਰ ਤੋਂ ਅੱਗੇ ਬੁਲੰਦਪੁਰ ਵੱਲ ਇਕ ਅਕਾਲੀ ਆਗੂ ਅਤੇ ਇਕ ਕੌਂਸਲਰ ਵੱਲੋਂ 15 ਕਿੱਲੇ ਵਿਚ ਨਾਜਾਇਜ਼ ਕਾਲੋਨੀ ਕੱਟੀ ਗਈ। ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ।
2. ਕਿਸ਼ਨਪੁਰਾ-ਲੰਮਾ ਪਿੰਡ ਚੌਕ ਰੋਡ ’ਤੇ ਐੱਮ. ਐੱਮ. ਹਸਪਤਾਲ ਦੀ ਬੈਕਸਾਈਡ ’ਤੇ ਇਕ ਕੌਂਸਲਰ ਵੱਲੋਂ 60 ਮਰਲੇ ਵਿਚ ਨਾਜਾਇਜ਼ ਕਾਲੋਨੀ, ਬੈਂਕ ਦੇ ਉੱਪਰ ਹਾਲ ਅਤੇ 2 ਦੁਕਾਨਾਂ ਕਿਵੇਂ ਬਣ ਗਈਆਂ। ਕੋਈ ਵੀ ਬੈਂਕ ਬਿਨਾਂ ਨਕਸ਼ੇ ਦੇ ਬਣ ਹੀ ਨਹੀਂ ਸਕਦੀ। ਇਸ ਦਾ ਨਕਸ਼ਾ ਕਿਥੇ ਅਤੇ ਕਿੰਨੀ ਫੀਸ ਨਿਗਮ ਨੂੰ ਜਮ੍ਹਾ ਹੋਈ।
3. ਦੋਆਬਾ ਚੌਕ ਦੇ ਨੇੜੇ ਮੰਦਰ ਵਾਲੀ ਜਗ੍ਹਾ ’ਤੇ ਨਿਗਮ ਨੇ ਇਕ ਆਗੂ ਜਿਹੜਾ ਕੌਂਸਲਰ ਪਤੀ ਹੈ, ਦੀ ਦੁਕਾਨ ਸੀਲ ਕੀਤੀ ਸੀ । ਇਹ ਸੀਲ ਕਦੋਂ ਅਤੇ ਕਿਵੇਂ ਖੁੱਲ੍ਹੀ ਅਤੇ ਇਸ ਦੁਕਾਨ ਉੱਪਰ 2 ਮੰਜ਼ਿਲਾ ਹੋਟਲ ਕਿਵੇਂ ਬਣ ਗਿਆ?
4. ਵਿਨੇ ਨਗਰ ਵਿਚ ਸਰਕਾਰੀ 60 ਮਰਲਾ ਜ਼ਮੀਨ ’ਤੇ ਕੁਆਰਟਰ ਕਿਵੇਂ ਬਣ ਗਏ ਅਤੇ ਕਿਸਨੇ ਬਣਾਏ ਹਨ?
5. ਅਰਜੁਨ ਨਗਰ ਵਿਚ ਬਣੀਆਂ 10 ਦੁਕਾਨਾਂ ਵਿਚੋਂ 7 ਨੂੰ ਨਿਗਮ ਨੇ ਸੀਲ ਕਰ ਿਦੱਤਾ। 3 ਦੁਕਾਨਾਂ ਕਿਵੇਂ ਛੱਡ ਦਿੱਤੀਆਂ।
6. ਅੰਕੜੇ ਗਿਣਾ ਕੇ 70 ਤੋਂ ਉੱਪਰ ਬਣੀਆਂ ਨਾਜਾਇਜ਼ ਦੁਕਾਨਾਂ ਦਾ ਵੀ ਮੰਗਿਆ ਜਵਾਬ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

ਆਗੂ ਕੋਈ ਵੀ ਹੋਵੇ, ਕਮੇਟੀ ਆਪਣੀ ਕਾਰਵਾਈ ਜ਼ਰੂਰ ਕਰੇਗੀ : ਸੁਸ਼ੀਲ ਕਾਲੀਆ
ਇਸ ਦੌਰਾਨ ਕੌਂਸਲਰ ਅਤੇ ਕਮੇਟੀ ਮੈਂਬਰ ਸੁਸ਼ੀਲ ਕਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਪਿਛਲੇ ਇਕ ਸਾਲ ਤੋਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗ ਬਾਈਲਾਜ਼ ਖ਼ਿਲਾਫ਼ ਬਣੀਆਂ ਇਮਾਰਤਾਂ ਦਾ ਮੁੱਦਾ ਉਠਾ ਰਹੀ ਹੈ। ਕਮੇਟੀ ਵੱਲੋਂ ਵਾਰ-ਵਾਰ ਮੁੱਦਾ ਉਠਾਏ ਜਾਣ ’ਤੇ ਹੁਣ ਹੌਲੀ-ਹੌਲੀ ਕਾਲੋਨਾਈਜ਼ਰ ਨਿਗਮ ਕੋਲ ਪੈਸਾ ਜਮ੍ਹਾ ਕਰਵਾਉਣ ਲੱਗੇ ਹਨ। ਚੇਅਰਮੈਨ ਵੱਲੋਂ ਅੱਜ ਜਿਹੜਾ ਮਾਮਲਾ ਉਠਾਇਆ ਗਿਆ ਹੈ, ਇਸ ਵਿਚ ਆਗੂ ਭਾਵੇਂ ਕੋਈ ਵੀ ਹੋਵੇ, ਕਮੇਟੀ ਇਸ ਮਾਮਲੇ ਵਿਚ ਆਪਣੀ ਕਾਰਵਾਈ ਜ਼ਰੂਰ ਕਰੇਗੀ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਰਾਮਾ ਮੰਡੀ ਦੀਆਂ 18 ਨਾਜਾਇਜ਼ ਕਾਲੋਨੀਆਂ ’ਤੇ ਕਾਰਵਾਈ ਨਹੀਂ, 4 ਹੋਰ ਬਣ ਗਈਆਂ
ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਨੇ ਪਿਛਲੇ ਮਹੀਨੇ ਹੋਈ ਮੀਟਿੰਗ ਵਿਚ ਰਾਮਾ ਮੰਡੀ ਦੀਆਂ 18 ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਉਠਾਇਆ ਸੀ। ਇਸ ਦੌਰਾਨ ਅਧਿਕਾਰੀਆਂ ਨੂੰ ਇਨ੍ਹਾਂ ਕਾਲੋਨੀਆਂ ਵਿਚ ਨਿਗਮ ਵੱਲੋਂ ਬੋਰਡ ਲਾਉਣ ਲਈ ਕਿਹਾ ਗਿਆ ਸੀ ਤਾਂ ਕਿ ਜਨਤਾ ਜਾਗਰੂਕ ਹੋਵੇ ਕਿ ਇਹ ਕਾਲੋਨੀਆਂ ਨਾਜਾਇਜ਼ ਹਨ ਪਰ ਬਿਲਡਿੰਗ ਵਿਭਾਗ ਵੱਲੋਂ ਕੋਈ ਬੋਰਡ ਤਾਂ ਕੀ ਲਾਇਆ ਜਾਣਾ ਸੀ, ਉਲਟਾ ਇਸ ਦੇ ਨਾਲ ਹੀ 4 ਹੋਰ ਕਾਲੋਨੀਆਂ ਹੋਂਦ ਵਿਚ ਆ ਗਈਆਂ ਹਨ।


shivani attri

Content Editor

Related News