ਮਿੱਠਾਪੁਰ ਦਾ ਹਾਕੀ ਸਟੇਡੀਅਮ ਵੀ ਸਪੋਰਟਸ ਹੱਬ ਪ੍ਰਾਜੈਕਟ ’ਚ ਹੋਵੇਗਾ ਸ਼ਾਮਲ
Monday, Jan 25, 2021 - 02:38 PM (IST)

ਜਲੰਧਰ (ਖੁਰਾਣਾ) - ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਦੌਰਾ ਕਰਨ ਆਈ ਸਮਾਰਟ ਸਿਟੀ ਦੀ ਕੰਸਲਟੈਂਟ ਟੀਮ ਨੇ ਆਪਣੇ ਦੌਰੇ ਦੌਰਾਨ ਮਿੱਠਾਪੁਰ ਪਿੰਡ ਜਾ ਕੇ ਚੱਲ ਰਹੇ ਹਾਕੀ ਸਟੇਡੀਅਮ ਨੂੰ ਦੇਖਿਆ। ਸਟੇਡੀਅਮ ਨੂੰ ਦੇਖਦੇ ਸਾਰ ਉਨ੍ਹਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਇਸ ਹਾਕੀ ਸਟੇਡੀਅਮ ਨੂੰ ਵੀ ਸਪੋਰਟਸ ਹੱਬ ਪ੍ਰਾਜੈਕਟ ਤਹਿਤ ਵਿਕਸਿਤ ਕੀਤਾ ਜਾਵੇਗਾ।
ਇਸ ਪ੍ਰਾਜੈਕਟ ਤਹਿਤ ਮਿੱਠਾਪੁਰ ਹਾਕੀ ਸਟੇਡੀਅਮ ਵਿਚ ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਐਸਟਰੋਟਰਫ ਲਾਈ ਜਾਵੇਗੀ, ਉਥੇ ਹੀ ਫੈਂਸਿੰਗ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਏ ਜਾਣ ਦੀ ਯੋਜਨਾ ਹੈ। ਕੰਸਲਟੈਂਟ ਕਮੇਟੀ ਨੇ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਗਲੇ 15 ਦਿਨਾਂ ਵਿਚ ਕੰਪਨੀ ਦੀ ਪ੍ਰਪੋਜ਼ਲ ਸਮਾਰਟ ਸਿਟੀ ਕੋਲ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਟੈਂਡਰ ਲਾਏ ਜਾ ਸਕਦੇ ਹਨ।
ਅੰਤਰਰਾਸ਼ਟਰੀ ਪੱਧਰ ’ਤੇ ਹੈ ਪਿੰਡ ਮਿੱਠਾਪੁਰ ਦਾ ਨਾਂ
ਪਰਗਟ ਸਿੰਘ ਵਰਗੇ ਕਈ ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਭਾਰਤੀ ਹਾਕੀ ਟੀਮ ਨੂੰ ਦੇਣ ਵਾਲੇ ਜਲੰਧਰ ਦੇ ਪਿੰਡ ਮਿੱਠਾਪੁਰ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹੈ ਅਤੇ ਇਥੇ ਹਾਕੀ ਨੂੰ ਉਤਸ਼ਾਹਿਤ ਕਰਨ ਵਾਲੀ ਅਕੈਡਮੀ ਵੀ ਸਫ਼ਲਤਾਪੂਰਵਕ ਚੱਲ ਰਹੀ ਹੈ। ਜੇਕਰ ਸਮਾਰਟ ਸਿਟੀ ਦੇ ਸਪੋਰਟਸ ਹੱਬ ਪ੍ਰਾਜੈਕਟ ਤਹਿਤ ਮਿੱਠਾਪੁਰ ਹਾਕੀ ਸਟੇਡੀਅਮ ਵਿਚ ਐਸਟਰੋਟਰਫ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਇਹ ਇਸ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੋਵੇਗੀ ਅਤੇ ਖਿਡਾਰੀਆਂ ਨੂੰ ਵੀ ਉਤਸ਼ਾਹ ਮਿਲੇਗਾ।