...ਜਦੋਂ ਪਿਓ ਨੇ ਹੀ ਰੋਕਿਆ ਧੀ ਦਾ ਵਿਆਹ, ਲਾੜੇ ਸਣੇ ਬਰਾਤੀਆਂ ਨੂੰ ਪਹੁੰਚਾਇਆ ਥਾਣੇ

Saturday, Apr 13, 2019 - 05:02 PM (IST)

...ਜਦੋਂ ਪਿਓ ਨੇ ਹੀ ਰੋਕਿਆ ਧੀ ਦਾ ਵਿਆਹ, ਲਾੜੇ ਸਣੇ ਬਰਾਤੀਆਂ ਨੂੰ ਪਹੁੰਚਾਇਆ ਥਾਣੇ

ਕਪੂਰਥਲਾ— ਨਾਬਾਲਗ ਧੀ ਦਾ ਜ਼ਬਰਦਸਤੀ ਹੁੰਦਾ ਵਿਆਹ ਇਕ ਪਿਤਾ ਦੇਖ ਨਹੀਂ ਸਕਿਆ ਅਤੇ ਉਸ ਨੇ ਵਿਆਹ ਦੀਆਂ ਹੰਦੀਆਂ ਰਸਮਾਂ ਦੌਰਾਨ ਸੀ. ਡੀ. ਪੀ. ਓ. ਨੂੰ ਸ਼ਿਕਾਇਤ ਕਰਕੇ ਬੇਟੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਅ ਲਈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਲੱਖਣ ਖੋਲ੍ਹੇ ਦੇ ਰਹਿਣ ਵਾਲੇ ਲੜਕਾ-ਲੜਕੀ ਕਪੂਰਥਲਾ ਦੇ ਇਕ ਪੈਲੇਸ 'ਚ ਸ਼ੁੱਕਰਵਾਰ ਨੂੰ ਵਿਆਹ ਦੇ 3 ਫੇਰੇ ਲੈ ਚੁੱਕੇ ਸਨ ਪਰ ਇਸੇ ਦੌਰਾਨ ਪੁਲਸ ਉਥੇ ਆ ਗਈ। ਵਿਆਹ ਦੀਆਂ ਰਸਮਾਂ ਨੂੰ ਵਿਚਾਲੇ ਰੋਕ ਕੇ ਲਾੜਾ-ਲਾੜੀ ਸਮੇਤ ਕੁਝ ਬਰਾਤੀਆਂ ਨੂੰ ਐੱਸ. ਡੀ. ਐੱਮ. ਦੇ ਦਫਤਰ ਲਿਜਾਇਆ ਗਿਆ। ਬੀਤੀ ਸ਼ਾਮ 5 ਵਜੇ ਤੱਕ ਕਪੂਰਥਲਾ ਦੇ ਐੱਸ. ਡੀ. ਐੱਮ. ਦਫਤਰ 'ਚ ਪਰੀਟੈਂਡੈਂਟ ਕੋਲ ਲਾੜਾ-ਲਾੜੀ ਸਮੇਤ ਉਸ ਦੀ ਮਾਂ ਦੇ ਬਿਆਨ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪਿਤਾ ਦੇ ਵੀ ਬਿਆਨ ਦਰਜ ਕੀਤੇ ਗਏ। ਇਸ ਦੌਰਾਨ ਐੱਸ. ਡੀ. ਐੱਮ. ਕਪੂਰਥਲਾ ਰਵਿੰਦਰਪਾਲ ਸਿੰਘ ਬਾਜਵਾ ਨੂੰ ਦੱਸਿਆ ਗਿਆ। ਲਾੜਾ ਸੁਖਦੇਵ ਸਿੰਘ ਬਾਲਗ ਹੈ ਅਤੇ ਉਹ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ। ਉਹ ਵੀ ਪਿੰਡ ਲੱਖਣ ਖੋਲ੍ਹੇ ਦਾ ਹੀ ਰਹਿਣ ਵਾਲਾ ਹੈ। ਲੜਕੀ ਦੇ ਪਿਤਾ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 16 ਸਾਲ ਦੀ ਹੈ। ਉਹ 8ਵੀਂ ਪਾਸ ਹੈ। ਉਸ ਦਾ ਵਿਆਹ ਕਰਵਾਉਣਾ ਗਲਤ ਹੈ।  ਉਥੇ ਹੀ ਇਸ ਸਬੰਧੀ ਵਿਆਹ ਵਾਲੇ ਮੁੰਡੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਲਈ ਲੜਕੀ ਦੀ ਮਾਂ ਸਹਿਮਤ ਹੈ। ਉਹ ਦੋਵੇਂ ਹੀ ਇਕ-ਦੂਜੇ ਨੂੰ ਪਸੰਦ ਕਰਦੇ ਹਨ। 

PunjabKesari
ਅਜੇ ਨਹੀਂ ਆਈ ਲਿਖਤੀ ਸ਼ਿਕਾਇਤ 
ਐੱਸ. ਡੀ. ਐੱਮ. ਰਵਿੰਦਰਪਾਲ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਅਜੇ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਦਾ ਕਹਿਣਾ ਹੈ ਕਿ ਐੱਸ. ਡੀ. ਐੱਮ. ਦੇ ਆਦੇਸ਼ਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News