ਚੌਲਾਂਗ ਟੋਲ ਪਲਾਜ਼ਾ 'ਤੇ ਹੋਏ ਝਗੜੇ 'ਚ ਜਲੰਧਰ ਦੇ 3 ਪਰਿਵਾਰਾਂ ਦੇ ਮੈਂਬਰ ਤੇ ਟੋਲ ਕਰਮਚਾਰੀ ਜ਼ਖ਼ਮੀ

05/15/2023 6:30:05 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਜਸਵਿੰਦਰ)- ਚੌਲਾਂਗ ਟੋਲ ਪਲਾਜ਼ਾ 'ਤੇ ਐਤਵਾਰ ਦੁਪਹਿਰ ਹੋਏ ਹਿੰਸਕ ਝਗੜੇ ਦੌਰਾਨ ਜਲੰਧਰ ਤੋਂ ਪਠਾਨਕੋਟ ਪਿਕਨਿਕ ਮਨਾਉਣ ਜਾ ਰਹੇ ਤਿੰਨ ਪਰਿਵਾਰਾਂ ਦੀਆਂ ਔਰਤਾਂ, ਮਰਦਾਂ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਇਹ ਝਗੜਾ ਬੀਤੀ ਦੁਪਹਿਰ ਹੋਇਆ, ਜਿਸ ਦੇ ਸਬੰਧ ਵਿਚ ਪੁਲਸ ਨੇ ਅੱਜ ਮਾਮਲਾ ਦਰਜ ਕੀਤਾ ਹੈ।

ਪੁਲਸ ਵੱਲੋਂ ਇਹ ਮਾਮਲਾ ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਦੇ ਬਿਆਨ ਦੇ ਆਧਾਰ 'ਤੇ ਟੋਲ ਕਰਮਚਾਰੀ ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਹੂਰਾ,ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ, ਗੌਰਵ ਪੁੱਤਰ ਸੁਰਿੰਦਰ ਸਿੰਘ ਵਾਸੀ ਮੂਨਕ ਕਲਾ ਅਤੇ ਤਿੰਨ ਹੋਰ ਅਣਪਛਾਤੇ ਕਰਮਚਾਰੀਆਂ ਖ਼ਿਲਾਫ਼ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਪਰਮਜੀਤ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲਕੇ ਵੱਖ-ਵੱਖ ਕਾਰਾਂ 'ਤੇ ਪਠਾਨਕੋਟ ਪਿਕਨਿਕ ਮਨਾਉਣ ਜਾ ਰਹੇ ਸਨ। ਜਦੋ ਉਹ ਚੌਲਾਂਗ ਟੋਲ ਪਲਾਜ਼ਾ 'ਤੇ ਪਹੁੰਚੇ ਤਾਂ ਉਸ ਦੇ ਦੋਸਤ ਦੀ ਪਤਨੀ ਅੰਜਲੀ ਅਗਨੀਹੋਤਰੀ ਨੂੰ ਫਾਸਟ ਟੈਗ ਵਿਚ ਬੈਲੰਸ ਨਾ ਹੋਣ ਕਾਰਨ ਜਦੋਂ ਟੋਲ ਵਾਲਿਆਂ ਦੇ ਕਹਿਣ 'ਤੇ ਗੱਡੀ ਪਿੱਛੇ ਕਰਨ ਲੱਗੀ ਤਾਂ ਉਕਤ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਅੰਜਲੀ ਨੂੰ ਹੱਥ ਪਾ ਕੇ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਅੰਜਲੀ, ਉਸ ਦੇ ਨਾਲ 16 ਵਰ੍ਹਿਆਂ ਦੇ ਹਰਕੀਰਤ ਸਿੰਘ, ਰਵੀ ਮਾਂਗਟ ਪੁੱਤਰ ਜਗੀਰ ਰਾਮ, ਸਿਮਰਨ ਅਤੇ ਹੋਰਨਾਂ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

PunjabKesari

ਇਹ ਵੀ ਪੜ੍ਹੋ - ਮੋਬਾਇਲ ’ਤੇ ਆ ਰਹੇ ਅਜਿਹੇ ਮੈਸੇਜ ਤੋਂ ਰਹੋ ਸਾਵਧਾਨ, ਹੋ ਸਕਦੈ ਵੱਡਾ ਆਰਥਿਕ ਨੁਕਸਾਨ

ਉਧਰ ਪੁਲਸ ਨੇ ਉਕਤ ਝਗੜੇ ਦੇ ਸਬੰਧ ਵਿਚ ਟੋਲ ਕਰਮਚਾਰੀ ਰਾਜਵੀਰ ਕੌਰ ਪੁੱਤਰੀ ਜਗਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਜਲੰਧਰ ਵਾਸੀ ਪਰਮਜੀਤ ਸਿੰਘ, ਹਰਕੀਰਤ, ਹਰਸਾਹਿਬ ਅਤੇ ਰਵੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਰਾਜਵੀਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੂਥ 'ਤੇ ਡਿਊਟੀ ਕਰ ਰਹੀ ਸੀ ਤਾਂ ਉਕਤ ਮੁਲਜ਼ਮਾਂ ਨਾਲ ਆਈ ਕਾਰ ਚਾਲਕ ਔਰਤ ਨੇ ਫਾਸਟ ਟੈਗ ਵਿਚ ਬੈਲੰਸ ਨਾਲ ਹੋਣ 'ਤੇ ਪਰਚੀ ਕਟਵਾਉਣ ਤੋਂ ਮਨਾ ਕਰ ਦਿੱਤਾ। ਜਦੋਂ ਉਹ ਉਸ ਨਾਲ ਗੱਲ ਕਰ ਰਹੀ ਸੀ ਤਾਂ ਉਕਤ ਮੁਲਜਮਾਂ ਨੇ ਟੋਲ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਸੁਪਰਵਾਈਜ਼ਰ ਗੌਰਵ ਵਾਸੀ ਮੂਨਕ ਕਲਾ ਨਾਲ ਕੁੱਟਮਾਰ ਕਰਦੇ ਹੋਏ ਉਸ ਦੀ ਪੱਗ ਉਤਾਰ ਦਿੱਤੀ ਅਤੇ ਪੈਰਾਂ ਵਿਚ ਰੋਲੀ। ਇਨ੍ਹਾਂ ਮੁਲਜ਼ਮਾਂ ਨੇ ਉਸ ਦੇ ਨਾਲ ਅਤੇ ਹੋਰ ਕਰਮਚਾਰੀਆਂ ਸ਼ਿਫ਼ਟ ਇੰਚਾਰਜ ਸਤਨਾਮ ਸਿੰਘ, ਸਨੀ ਉਰਫ਼ ਸੰਦੀਪ ਵਾਸੀ ਜਹੂਰਾ, ਨੀਲਮ ਵਾਸੀ ਦੇਹਰੀਵਾਲ ਨਾਲ ਵੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ ਵਿਚ ਰਿਕਾਰਡ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਅਮਰਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ - ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


shivani attri

Content Editor

Related News