ਯੂਨੀਅਨ ਵੱਲੋਂ ਹੜਤਾਲ ਦੀ ਧਮਕੀ ''ਤੇ ਮੇਅਰ ਨੇ ਲਿਆ ਸਖਤ ਸਟੈਂਡ

Saturday, Feb 22, 2020 - 12:15 PM (IST)

ਯੂਨੀਅਨ ਵੱਲੋਂ ਹੜਤਾਲ ਦੀ ਧਮਕੀ ''ਤੇ ਮੇਅਰ ਨੇ ਲਿਆ ਸਖਤ ਸਟੈਂਡ

ਜਲੰਧਰ (ਖੁਰਾਣਾ)— ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਨਿਗਮ ਨੇ 160 ਸੀਵਰਮੈਨਾਂ ਨੂੰ ਠੇਕੇ 'ਤੇ ਰੱਖਣ ਦੇ ਟੈਂਡਰ ਨੂੰ ਰੱਦ ਨਾ ਕੀਤਾ ਤਾਂ 24 ਫਰਵਰੀ ਨੂੰ ਜਲੰਧਰ ਨਿਗਮ 'ਚ ਹੜਤਾਲ ਕਰ ਦਿੱਤੀ ਜਾਵੇਗੀ। ਜਿਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ 'ਤੇ ਹੋਵੇਗੀ।

ਮੇਅਰ ਜਗਦੀਸ਼ ਰਾਜਾ ਨੇ ਯੂਨੀਅਨ ਦੀ ਇਸ ਹੜਤਾਲ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਸਟੈਂਡ ਲਿਆ ਹੈ ਅਤੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਹੜਤਾਲ ਦੀ ਕਾਲ ਸਰਾਸਰ ਗੈਰ-ਕਾਨੂੰਨੀ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਨਿਗਮ ਕੋਲ ਸਟਾਫ ਦੀ ਕਮੀ ਹੈ, ਜਿਸ ਕਾਰਨ ਰੋਡ ਗਲੀਆਂ ਦੀ ਸਫਾਈ ਨਹੀਂ ਕਰ ਹੋ ਰਹੀ ਅਤੇ ਬਰਸਾਤੀ ਪਾਣੀ ਕਈ-ਕਈ ਘੰਟੇ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ, ਜਿਸ ਨਾਲ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ। ਇਨ੍ਹਾਂ ਰੋਡ ਗਲੀਆਂ ਨੂੰ ਸਾਫ ਕਰਵਾਉਣ ਲਈ ਸਰਕਾਰ ਦੀ ਮਨਜ਼ੂਰੀ ਨਾਲ 160 ਮਜ਼ਦੂਰ ਠੇਕੇ 'ਤੇ ਰੱਖੇ ਜਾ ਰਹੇ ਹਨ, ਜੋ ਹਰ ਵਾਰਡ ਵਿਚ 2-2 ਵੰਡੇ ਜਾਣਗੇ। ਇਸ ਟੈਂਡਰ ਨੂੰ ਸੀਵਰਮੈਨ ਯੂਨੀਅਨ ਸਣੇ ਸਾਰੀਆਂ ਯੂਨੀਅਨਾਂ ਦਾ ਸਮਰਥਨ ਹਾਸਲ ਹੈ ਅਤੇ ਇਹ ਸ਼ਹਿਰ ਵਾਸੀਆਂ ਦੇ ਹਿੱਤ 'ਚ ਹੈ।

ਮੇਅਰ ਨੇ ਕਿਹਾ ਕਿ ਸਫਾਈ ਮਜ਼ਦੂਰ ਯੂਨੀਅਨ ਨੂੰ ਲਗਾਤਾਰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਇਨ੍ਹਾਂ 160 ਕਰਮਚਾਰੀਆਂ ਨੂੰ 2 ਸਾਲ ਬਾਅਦ ਪੱਕਾ ਕਰਵਾ ਦਿੱਤਾ ਜਾਵੇਗਾ ਪਰ ਆਪਣੇ ਛੋਟੇ ਸਿਆਸੀ ਹਿੱਤਾਂ ਦੀ ਖਾਤਿਰ ਕੁਝ ਯੂਨੀਅਨ ਲੀਡਰ ਜ਼ਬਰਦਸਤੀ ਨਗਰ ਨਿਗਮ ਦਾ ਕੰਮ ਬੰਦ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਵਿਚ ਪਾਉਣਾ ਚਾਹੁੰਦੇ ਹਨ ਜੋ ਕਿਸੇ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਬਾਕੀ ਯੂਨੀਅਨਾਂ, ਕੌਂਸਲਰਾਂ, ਐੱਨ. ਜੀ. ਓ. ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਦਾ ਕੰਮ ਆਮ ਵਾਂਗ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੇਅਰ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੁਝ ਆਦਮੀਆਂ ਦੀ ਬਲੈਕਮੇਲਿੰਗ ਨੂੰ ਹਮੇਸ਼ਾ ਲਈ ਬੰਦ ਕਰਵਾ ਕੇ ਸ਼ਹਿਰ ਨੂੰ ਸਾਫ-ਸੁਥਰਾ ਅਤੇ ਰਹਿਣਯੋਗ ਬਣਾਉਣ 'ਚ ਆਪਣਾ ਸਹਿਯੋਗ ਦੇਣ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਸਕੇ।

ਨਿਗਮ ਯੂਨੀਅਨ ਲਈ ਮੇਅਰ ਨੇ ਇਸ ਸਟੈਂਡ ਨੂੰ ਪੁਖਤਾ ਕਰਨ ਲਈ ਸ਼ਨੀਵਾਰ ਸਵੇਰੇ ਸ਼ਹਿਰ ਦੇ ਚਾਰੇ ਵਿਧਾਇਕਾਂ ਦੀ ਇਕ ਐਮਰਜੈਂਸੀ ਮੀਟਿੰਗ ਮੇਅਰ ਹਾਊਸ ਮਾਡਲ ਟਾਊਨ 'ਚ ਕਾਲ ਕੀਤੀ ਹੈ। ਹੁਣ ਵੇਖਣਾ ਹੈ ਕਿ ਯੂਨੀਅਨ ਨਾਲ ਟਕਰਾਅ ਦੇ ਮਾਮਲੇ 'ਚ ਵਿਧਾਇਕਾਂ ਅਤੇ ਮੇਅਰ ਦੀ ਮੀਟਿੰਗ 'ਚ ਕੀ ਫੈਸਲਾ ਲਿਆ ਜਾਂਦਾ ਹੈ।

ਐੱਲ. ਈ. ਡੀ. ਸਕ੍ਰੀਨਾਂ 'ਤੇ ਫਜ਼ੂਲ-ਖਰਚੀ ਅਤੇ ਘਟੀਆ ਕੁਆਲਿਟੀ ਦਾ ਮਾਮਲਾ ਵੀ ਉਠੇਗਾ
ਮੇਅਰ ਨੇ ਸ਼ਹਿਰ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸ਼ਨੀਵਾਰ ਸਵੇਰੇ ਕਾਲ ਤਾਂ ਕਰ ਲਈ ਹੈ ਪਰ ਉਸ ਮੀਟਿੰਗ ਵਿਚ ਯੂਨੀਅਨ ਨਾਲ ਨਜਿੱਠਣ ਤੋਂ ਇਲਾਵਾ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ। ਹਾਲ ਹੀ 'ਚ ਨਿਗਮ ਅਧਿਕਾਰੀਆਂ ਨੇ ਫਜ਼ੂਲ-ਖਰਚੀ ਦੀ ਮਿਸਾਲ ਕਾਇਮ ਕਰਦੇ ਹੋਏ 34 ਲੱਖ ਰੁਪਏ ਦੀ ਰਕਮ ਖਰਚ ਕੇ 2 ਐੱਲ. ਈ. ਡੀ. ਸਕ੍ਰੀਨਾਂ ਸ਼ਹਿਰ ਵਿਚ ਲਗਵਾ ਲਈਆਂ ਹਨ, ਜਿਸ ਬਾਰੇ ਕਿਸੇ ਵਿਧਾਇਕ ਜਾਂ ਮੇਅਰ ਨੂੰ ਨਹੀਂ ਪੁੱਛਿਆ ਗਿਆ। ਇਸ ਤੋਂ ਇਲਾਵਾ ਟੈਗੋਰ ਹਸਪਤਾਲ ਦੇ ਸਾਹਮਣੇ ਮਾਸਟਰ ਤਾਰਾ ਸਿੰਘ ਨਗਰ ਦੀ ਮੇਨ ਸੜਕ ਅਤੇ ਕਈ ਹੋਰ ਥਾਵਾਂ 'ਤੇ ਠੇਕੇਦਾਰਾਂ ਵੱਲੋਂ ਘਟੀਆ ਕੁਆਲਿਟੀ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਦਾ ਮਾਮਲਾ ਵੀ ਵਿਧਾਇਕਾਂ ਵੱਲੋਂ ਮੇਅਰ ਦੇ ਸਾਹਮਣੇ ਉਠਾਉਣ ਦੀ ਸੰਭਾਵਨਾ ਹੈ।


author

shivani attri

Content Editor

Related News