ਕਮਿਸ਼ਨਰ ਅਤੇ ਨਿਗਮ ਅਧਿਕਾਰੀਆਂ ਦੀ ਕਾਰਜਸ਼ੈਲੀ ਤੋਂ ਨਾਖੁਸ਼ ਦਿਸੇ ਮੇਅਰ

07/23/2019 2:25:46 PM

ਜਲੰਧਰ (ਖੁਰਾਣਾ)— ਬਰਸਾਤੀ ਸੀਜ਼ਨ ਦੇ ਸ਼ੁਰੂ 'ਚ ਜਿਸ ਤਰ੍ਹਾਂ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਹੈ, ਉਸ ਤੋਂ ਚਿੰਤਤ ਮੇਅਰ ਜਗਦੀਸ਼ ਰਾਜਾ ਨੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਹੋਰ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ ਤੋਂ ਨਾਖੁਸ਼ੀ ਪ੍ਰਗਟ ਕੀਤੀ ਹੈ। ਮੇਅਰ ਨੇ ਬੀਤੀ ਸ਼ਾਮ ਇਕ ਉੱਚ ਪੱਧਰੀ ਮੀਟਿੰਗ ਕੀਤੀ, ਜਿਸ 'ਚ ਨਿਗਮ ਕਮਿਸ਼ਨਰ ਤੋਂ ਇਲਾਵਾ ਐਡੀਸ਼ਨਲ ਕਮਿਸ਼ਨਰ ਜਤਿੰਦਰ ਜੋਰਵਾਲ, ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਮੌਜੂਦ ਸਨ।

ਮੀਟਿੰਗ ਦੌਰਾਨ ਮੇਅਰ ਨੇ ਕਿਹਾ ਕਿ ਨਿਗਮ ਦੇ ਜ਼ਿਆਦਾਤਰ ਅਫਸਰ ਵੱਖ-ਵੱਖ ਬ੍ਰਾਂਚਾਂ ਦੇ ਕੰਮ ਨੂੰ ਸੁਧਾਰਨ ਵੱਲ ਪੂਰਾ ਧਿਆਨ ਨਹੀਂ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਕੋਲੋਂ ਟੀਚੇ ਪੂਰੇ ਹੋ ਰਹੇ ਹਨ। ਉਨ੍ਹਾਂ ਨਿਗਮ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਸਾਰੇ ਅਧਿਕਾਰੀਆਂ ਨਾਲ ਹਫਤਾਵਾਰੀ ਬੈਠਕਾਂ ਕਰਕੇ ਕੰਮਾਂ ਦੀ ਲਗਾਤਾਰ ਪ੍ਰੋਗਰੈੱਸ ਰਿਪੋਰਟ ਲੈਣ ਤਾਂ ਜੋ ਨਿਗਮ ਦਾ ਅਕਸ ਆਮ ਜਨਤਾ ਵਿਚ ਸੁਧਰ ਸਕੇ। ਜ਼ਿਕਰਯੋਗ ਹੈਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਸੈਂਟਰਲ ਅਤੇ ਜਲੰਧਰ ਨਾਰਥ 'ਚ ਕਾਂਗਰਸ ਦੀ ਬੁਰੀ ਹਾਲਤ ਹੋਈ ਸੀ ਅਤੇ ਇਹ ਦੋਵੇਂ ਹੀ ਇਲਾਕੇ ਪੂਰੀ ਤਰ੍ਹਾਂ ਜਲੰਧਰ ਨਿਗਮ ਦੇ ਤਹਿਤ ਆਉਂਦੇ ਹਨ। ਚੋਣਾਂ ਵਿਚ ਨਿਗਮ ਦੀ ਕਾਰਗੁਜ਼ਾਰੀ ਤੋਂ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆਏ ਸਨ।

ਫੀਲਡ 'ਚ ਜਾਣ ਅਧਿਕਾਰੀ
ਮੀਟਿੰਗ ਦੌਰਾਨ ਮੇਅਰ ਨੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਚੋਣ ਦਫਤਰਾਂ ਦਾ ਰੁਟੀਨ ਵਿਚ ਦੌਰਾ ਕਰਨ ਅਤੇ ਖਰਾਬ ਸੜਕਾਂ, ਸੀਵਰ ਵਿਵਸਥਾ ਅਤੇ ਕੂੜੇ ਦੀ ਲਿਫਟਿੰਗ ਵੱਲ ਵੀ ਪੂਰਾ ਧਿਆਨ ਦੇਣ। ਬਰਸਾਤੀ ਸੀਜ਼ਨ 'ਚ ਸਾਰੇ ਨਿਗਮ ਅਧਿਕਾਰੀ ਖਾਸ ਚੌਕਸੀ ਵਰਤਣ ਅਤੇ ਸਰਗਰਮ ਰਹਿਣ। ਬਰਸਾਤਾਂ ਤੋਂ ਤੁਰੰਤ ਬਾਅਦ ਨਵੀਆਂ ਸੜਕਾਂ ਬਣਾਈਆਂ ਜਾਣ ਅਤੇ ਜਿਥੇ ਟਿਊਬਵੈੱਲਾਂ ਦੀ ਲੋੜ ਹੈ, ਉਥੇ ਤੁਰੰਤ ਇਹ ਕੰਮ ਕਰਵਾਏ ਜਾਣ।


shivani attri

Content Editor

Related News