ਚਾਰੇ ਪਾਸੇ ਫੈਲੀ ਗੰਦਗੀ ਸਬੰਧੀ ਨੂਰਪੁਰਬੇਦੀ ਦੇ ਲੋਕਾਂ ’ਚ ਭਾਰੀ ਰੋਸ

Monday, Nov 26, 2018 - 02:13 AM (IST)

ਚਾਰੇ ਪਾਸੇ ਫੈਲੀ ਗੰਦਗੀ ਸਬੰਧੀ ਨੂਰਪੁਰਬੇਦੀ ਦੇ ਲੋਕਾਂ ’ਚ ਭਾਰੀ ਰੋਸ

ਨੂਰਪੁਰਬੇਦੀ,   (ਅਵਿਨਾਸ਼)-  ਬੀਤੇ 2 ਸਾਲਾਂ ਤੋਂ ਇਕ ਲਾਵਾਰਿਸ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਨੂਰਪੁਰਬੇਦੀ ਦੀਆਂ ਗਲੀਆਂ-ਮੁਹੱਲਿਆਂ ਤੇ ਚਾਰੇ ਪਾਸੇ ਫੈਲ ਚੁੱਕੀ ਗੰਦਗੀ ਤੇ ਬੱਸ ਸਟੈਂਡ ਨੂਰਪੁਰਬੇਦੀ ਦੀ ਆਮਦਨ ਸਬੰਧੀ ਜਿਥੇ ਇਕ ਪਾਸੇ ਨੂਰਪੁਰਬੇਦੀ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਬੱਸ ਸਟੈਂਡ ਨੂਰਪੁਰਬੇਦੀ ਤੋਂ ਲੱਖਾਂ ਰੁਪਏ ਦੀ ਨਾਜਾਇਜ਼ ਵਸੂਲੀ ਸਬੰਧੀ ਤਿੱਖਾ ਸੰਘਰਸ਼ ਛੇਡ਼ਨ ਲਈ ਬੁੱਧੀਜੀਵੀਆਂ ’ਚ ਅਹਿਮ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ। ਅੱਜ ਇੱਥੋਂ ਦੇ ਵੱਖ-ਵੱਖ ਮੁਹੱਲਿਆਂ ਤੇ ਚੌਕਾਂ ’ਚ ਫੈਲੀ ਗੰਦਗੀ ਨੂੰ ਦਿਖਾਉਂਦਿਆਂ ਸਥਾਨਕ ਲੋਕਾਂ ’ਚ ਸ਼ਾਮਲ ਮਿੰਟੂ ਭਗਤ, ਸੁਨੀਤ ਦੱਤ, ਮਨੋਜ ਜੋਸ਼ੀ, ਸੰਜੇ ਸ਼ਰਮਾ, ਅਸ਼ਵਨੀ ਰਾਣਾ, ਕਮਲਦੇਵ, ਗੁਰਪ੍ਰੀਤ ਗੈਬੀ, ਪਵਨ ਕੁਮਾਰ, ਬਲਰਾਮ ਕੁਮਾਰ ਤੇ ਹੋਰਾਂ ਨੇ ਕਿਹਾ ਕਿ ਨੂਰਪੁਰਬੇਦੀ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਹੋਏ ਨੂੰ ਲੱਗਭਗ 2 ਸਾਲ ਦਾ ਸਮਾਂ ਬੀਤ ਚੁੱਕਾ ਹੈ, ਜਿਸ ਕਾਰਨ ਇੱਥੋਂ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ। ਇਸ ਸਬੰਧੀ ਲੋਕਾਂ ਵਲੋਂ ਪਹਿਲਾਂ ਵੀ ਕਈ ਵਾਰ ਮੀਡੀਆ ਰਾਹੀਂ ਆਪਣੀ ਅਾਵਾਜ਼ ਉਠਾਉਣ ਦੇ ਬਾਵਜੂਦ ਪ੍ਰਸ਼ਾਸਨ ਲੋਕਾਂ  ਦੀਆਂ  ਸਮੱਸਿਆਵਾਂ ਤੋਂ ਅਣਜਾਣ ਹੋ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਲੋਕਾਂ ਨੇ ਕਿਹਾ ਕਿ ਇਕੱਲੇ ਬੱਸ ਸਟੈਂਡ ਨੂਰਪੁਰਬੇਦੀ ਦੀ ਆਮਦਨ ਹੀ ਲੱਗਭਗ 10 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਤੇ ਲੱਖਾਂ ਦੀ ਨਾਜਾਇਜ਼ ਵਸੂਲੀ ਅਲੱਗ ਤੋਂ ਹੋ ਰਹੀ ਹੈ। ਜੇਕਰ ਉਹੀ ਪੈਸਾ ਨੂਰਪੁਰਬੇਦੀ ਦੀ ਸਫਾਈ ’ਤੇ ਖਰਚ ਕੀਤਾ ਜਾਵੇ ਤਾਂ ਇੱਥੋਂ ਦੇ ਹਾਲਾਤ ਸਵਰਗ ਵਰਗੇ ਬਣ ਸਕਦੇ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਵੀ ਉਚੇਚਾ ਕਦਮ ਨਹੀਂ ਚੁੱਕਿਆ।
 ਬੁੱਧੀਜੀਵੀਆਂ ਤੇ ਨੌਜਵਾਨਾਂ ਨੇ ਕੀਤੀ ਅਹਿਮ ਬੈਠਕ : ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰਬੇਦੀ ਦੇ ਬੱਸ ਸਟੈਂਡ ਦੇ ਮਾਮਲੇ ’ਚ ਐਤਵਾਰ ਨੂੰ ਇੱਥੋਂ ਦੇ ਬੁੱਧੀਜੀਵੀਆਂ ਤੇ ਹੋਰ ਨੌਜਵਾਨਾਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਬੇਸ਼ੱਕ ਉਨ੍ਹਾਂ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਪਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਦੇ ਹੱਥ ਬੱਸ ਸਟੈਂਡ ’ਚ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਬੀਤੇ ਸਮੇਂ ’ਚ ਬੀ. ਡੀ. ਪੀ. ਓ. ਵਲੋਂ ਜਾਰੀ ਕੀਤਾ ਪੱਤਰ ਅਤੇ ਇੱਥੋਂ ਵਸੂਲੇ ਜਾ ਰਹੇ ਕਿਰਾਏ ਦੀ ਰਸੀਦ ਲੱਗ ਗਈ ਹੈ, ਜਿਸਨੂੰ ਉਹ ਜਲਦ ਹੀ ਮੀਡੀਆ ਰਾਹੀਂ ਜਨਤਕ ਕਰਨਗੇ।
 ਆਖਿਰ ਕਿੱਥੇ ਜਾ ਰਿਹਾ ਹੈ ਨੂਰਪੁਰਬੇਦੀ ਦਾ ਪੈਸਾ :  ਸਥਾਨਕ ਵਸਨੀਕਾਂ ਨੇ ਸਖਤੀ ਭਰੇ ਲਹਿਜੇ ’ਚ ਮੀਡੀਆ ਰਾਹੀਂ ਪ੍ਰਸ਼ਾਸਨ ਕੋਲੋਂ ਜਵਾਬ ਮੰਗਿਆ ਕਿ ਲੰਬੇ ਸਮੇਂ ਤੋਂ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਆਮਦਨ ਦੇ ਰੂਪ ਵਿਚ ਬੱਸ ਸਟੈਂਡ ਅਤੇ ਦੁਕਾਨਾਂ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ, ਜਿਸਨੂੰ ਸ਼ਹਿਰ ’ਤੇ ਖਰਚ ਕਰਨਾ ਸੀ ਪਰੰਤੂ ੳਨ੍ਹਾਂ ’ਚੋਂ ਇਕ ਪੈਸਾ ਵੀ ਇੱਥੇ ਖਰਚਿਆ ਨਹੀਂ ਗਿਆ। ਆਖਿਰ ਨੂਰਪੁਰਬੇਦੀ ਦਾ ਪੈਸਾ ਜਾ ਕਿੱਥੇ ਰਿਹਾ ਹੈ?
 


Related News